ਸ਼ਾਕਾਹਾਰੀ-ਮਾਸਾਹਾਰੀ…?
ਸੰਸਾਰ ਦੀ ਵਿਵਸਥਾ ਬੜੀ ਗੁੰਝਲਦਾਰ ਹੈ। ਹਰ ਚੀਜ਼ ਵਿੱਚ ਪ੍ਰਮਾਤਮਾ ਵਸਦਾ ਹੈ, ਜੀਵ-ਜੰਤੂ, ਮਨੁੱਖ ਆਦਿ ਸਭ ਵਿੱਚ ਉਹ ‘ਕਰਤਾਰ’ ਆਪ ਸਮਾਇਆ ਹੋਇਆ ਹੈ, ਇੱਥੋਂ ਤੱਕ ਕਿ ਬਨਸਪਤੀ ਮਤਲਬ ਛੋਟੇ-ਵੱਡੇ ਪੇੜ-ਪੌਦੇ ਸਭ ਉਸ ਕਰਤਾਰ ਦਾ ਬਸੇਰਾ ਬਣੇ ਹੋਏ ਹਨ, ਇਸ ਗੱਲ ਦੀ ਪੁਸ਼ਟੀ ‘ਬਲਿਹਾਰੀ ਕੁਦਰਤਿ ਵਸਿਆ’ ਰਾਹੀਂ ਗੁਰਬਾਣੀ ਵੀ ਕਰਦੀ ਹੈ ਅਤੇ ਵਿਗਿਆਨ ਦੇ ਉੱਚ-ਕੋਟੀ ਦੇ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਵੀ ਸਿੱਧ ਕਰ ਦਿਖਾਇਆ ਕਿ ਪੇੜ-ਪੌਦੇ, ਸਾਰੀ ਬਨਸਪਤੀ ਵੀ ਜੀਵਤ ਹੈ, ਸਾਹ ਲੈਂਦੀ ਹੈ, ਭੋਜਨ ਖਾਂਦੀ ਹੈ ‘ਤੇ ਬਾਕੀ ਹੋਰ ਕਿਰਿਆਵਾਂ ਵੀ ਕਰਦੀ ਹੈ, ਹਾਂ ਤੁਰ-ਫਿਰ ਨਹੀਂ ਸਕਦੀ ਪਰ ਇਹਨਾਂ ਵਿੱਚ ਜ਼ਿੰਦਗੀ ਹੈ।
ਵਿਗਿਆਨ ਨੇ ਜੀਵਾਂ ਦੀ ਪ੍ਰਕਾਰ-ਵੰਡ ਮੁੱਖ ਤੌਰ ‘ਤੇ ਤਿੰਨ ਕਿਸਮਾਂ ਨਾਲ ਕੀਤੀ ਹੈ: (1) ਸ਼ਾਕਾਹਾਰੀ (2) ਮਾਸਾਹਾਰੀ (3) ਸਰਬ ਆਹਾਰੀ।
ਜਿਹੜੇ ਜੀਵ ਕਿਸੇ ਦੂਸਰੇ ਜੀਵ ਨੂੰ ਮਾਰ ਕੇ ਖਾਂਦੇ ਆ, ਉਹਨਾਂ ਨੂੰ ‘ਮਾਸਾਹਾਰੀ’ ਕਹਿੰਦੇ ਹਨ ‘ਤੇ ਜਿਹੜੇ ਸਿਰਫ ਬਨਸਪਤੀ ਨੂੰ ਖਾਂਦੇ ਆ ਉਹਨਾਂ ਨੂੰ ‘ਸ਼ਾਕਾਹਾਰੀ’ ਕਹਿੰਦੇ ਆ ਪਰ ਕੀ ਸਾਰੇ ਹੀ ਮਾਸ ਨਹੀਂ ਖਾਂਦੇ...? ਕੋਈ ਜੀਵ (ਮੁਰਗਾ, ਬੱਕਰਾ, ਊਠ, ਗਾਂ, ਸੂਰ ਆਦਿ) ਦਾ ਮਾਸ ਖਾਂਦਾ ‘ਤੇ ਕੋਈ ਬਨਸਪਤੀ (ਭਿੰਡੀ, ਆਲੂ, ਪਿਆਜ਼, ਸਾਗ, ਗਾਜਰ, ਮਟਰ ਆਦਿ) ਦਾ ਮਾਸ ਖਾਂਦਾ। ਕਿਸੇ ਜੀਵ ਦੀਆਂ ਹੱਡੀਆਂ ਤਾਂ ਬਚ ਜਾਂਦੀਆਂ ਪਰ ਬਨਸਪਤੀ ਖਾਣ ਵਾਲੇ ਤਾਂ ਉਹ ਵੀ ਨਹੀਂ ਛੱਡਦੇ। ਪੌਦੇ ਆਪਣਾ ਭੋਜਨ ਆਪ ਬਣਾਉਂਦੇ ਆ ਬਿਨਾਂ ਕਿਸੇ ਨੂੰ ਮਾਰੇ ਪਰ ਬਾਕੀ ਜੀਵ ਪੌਦਿਆਂ ‘ਤੇ ਨਿਰਭਰ ਹਨ। ਇੰਝ ਕਹਿ ਲਈਏ ਕਿ ਮਾਸ ਖਾਣ ਵਾਲਿਆਂ ਦੀਆਂ ਤਿੰਨ ਕਿਸਮਾਂ ਨੇ: ਇੱਕ ਉਹ ਜਿਹੜੇ ਜੀਵ-ਜੰਤੂਆਂ ਅਤੇ ਬਨਸਪਤੀ ਦਾ ਮਾਸ ਖਾਂਦੇ ਆ ਜਿੰਨ੍ਹਾਂ ਨੂੰ ‘ਸਰਬ-ਅਹਾਰੀ’ ਕਿਹਾ ਜਾਂਦਾ, ਦੂਸਰੇ ਜਿਹੜੇ ਸਿਰਫ ਜੀਵ-ਜੰਤੂਆਂ ਦਾ ਮਾਸ ਖਾਂਦੇ ਆ ਜਿੰਨ੍ਹਾਂ ਨੂੰ ‘ਮਾਸਾਹਾਰੀ’ ਕਿਹਾ ਜਾਂਦਾ ਅਤੇ ਤੀਸਰੇ ਜਿਹੜੇ ਕੇਵਲ ਬਨਸਪਤੀ ਦਾ ਮਾਸ ਖਾਂਦੇ ਆ ਜਿੰਨ੍ਹਾਂ ਨੂੰ ‘ਸ਼ਾਕਾਹਾਰੀ’ ਕਿਹਾ ਜਾਂਦਾ...!
ਸਿੱਖ ਧਰਮ ਵਿੱਚ ਮਾਸ ਖਾਣ ਜਾਂ ਨਾ ਖਾਣ ਦਾ ਮਸਲਾ ਬੜਾ ਗੁੰਝਲਦਾਰ ਬਣ ਚੁੱਕਿਆ। ਅਸਲ ਵਿੱਚ ਇਸ ਮਸਲੇ ਨੂੰ ਧਰਮ ਨਾਲ ਜੋੜਨਾ ਸਹੀ ਨਹੀਂ। ਜੀਵ-ਜੰਤੂਆਂ ਦਾ ਮਾਸ ਖਾਣਾ ਜਾਂ ਨਾ ਖਾਣਾ ਇਨਸਾਨ ਦੀ ਮਰਜ਼ੀ ‘ਤੇ ਨਿਰਭਰ ਹੈ। ਕਈ ਵਾਰ ਤਰਕ ਦਿੱਤਾ ਜਾਂਦਾ ਹੈ ਕਿ ‘ਕਿਸੇ ਵੀ ਜੀਵ ਨੂੰ ਮਾਰ ਕੇ ਖਾਣਾ ਪਾਪ ਹੈ’ ਪਰ ਇਹਨਾਂ ਜੀਵਾਂ ਨੇ ਇਨਸਾਨੀ ਜ਼ਿੰਦਗੀ ਨੂੰ ਜੋ ਲਾਭ ਦਿੱਤੇ ਹਨ ਜ਼ਿਆਦਾਤਰ ਇਹਨਾਂ ਦੇ ਮਰਨ ਨਾਲ ਹੀ ਹਨ। ਮੈਡੀਕਲ ਖੇਤਰ ਵਿੱਚ ਜਿਵੇਂ ਦਵਾਈਆਂ ਆਦਿਕ ਬਣਾਉਣ ਲਈ ਅਤੇ ਬਹੁਤ ਸਾਰੇ ਖਾਦੇ ਜਾਣ ਵਾਲੇ ਪਦਾਰਥਾਂ ਵਿੱਚ ਸੁਆਦ ਭਰਨ ਲਈ ਜਾਂ ਬਣਾਉਣ ਲਈ ਜ਼ਰੂਰੀ ਅੰਗ ਦੇ ਤੌਰ ‘ਤੇ ਅਤੇ ਬਹੁਤ ਸਾਰੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੇ ਨਿਰਮਾਣ ਲਈ ਲੋੜੀਂਦਾ ਸਮਾਨ ਜੰਤੂਆਂ ਦੇ ਮਰਨ ਤੋਂ ਹੀ ਪ੍ਰਾਪਤ ਹੁੰਦਾ ਹੈ।
ਮੈਡੀਕਲ ਖੇਤਰ ਵਿੱਚ ਜੀਵ-ਜੰਤੂਆਂ ਦਾ ਯੋਗਦਾਨ:
ਮੱਛੀ ਦਾ ਤੇਲ ਜੋ ਕਿ ਵਿਟਾਮਿਨ A ਅਤੇ D ਦਾ ਸ੍ਰੋਤ ਹੈ, ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਸ਼ਾਰਕ ਮੱਛੀ ਤੋਂ ਕਮਜ਼ੋਰੀ ਦੂਰ ਕਰਨ ਲਈ ਦਵਾਈਆਂ ਬਣਾਈਆਂ ਜਾਂਦੀਆਂ ਹਨ।
ਸ਼ੂਗਰ ਦੀ ਬੀਮਾਰੀ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਇੰਨਸੂਲਿਨ (insulin) ਹਾਰਮੋਨ ਸੂਰ ਅਤੇ ਗਾਂ ਦੇ ਨਾੜੀ ਗਲੈਂਡ (pancreas) ਤੋਂ ਬਣਦਾ ਹੈ।
ਖੂਨ ਦੇ ਦਬਾਊ (Blood pressure) ਨੂੰ ਕੰਟਰੋਲ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਬ੍ਰਾਜ਼ੀਲੀਅਨ ਵਾਇਪਰ ਸ਼੍ਰੇਣੀ ਦੇ ਸੱਪਾਂ (Brazilian arrowhead viper) ਤੋਂ ਬਣਾਈ ਜਾਂਦੀ ਹੈ।
Leukemia, ਸਫੈਦ ਖੂਨ ਦੇ ਰਕਾਤਣੂਆਂ ਦੀ ਗਿਣਤੀ ਵਧਾਉਣ ਵਾਲੀ ਇੱਕ ਬੀਮਾਰੀ ਦੇ ਇਲਾਜ਼ ਲਈ ਵਰਤੀ ਜਾਣ ਵਾਲੀ ਦਵਾਈ ਸੱਪਾਂ (Rattlesnake) ਦੀ ਜ਼ਹਿਰ ਵਿੱਚ ਮਿਲਦੇ ਪ੍ਰੋਟੀਨ ਤੋਂ ਬਣਾਈ ਜਾਂਦੀ ਹੈ।
ਦਰਦ ਨਿਵਾਰਕ BT-595 ਦੱਖਣੀ ਅਮਰੀਕਾ ਵਿੱਚ ਮਿਲਦੇ ਡੱਡੂਆਂ ਦੀ ਚਮੜੀ ਤੋਂ ਬਣਾਈ ਜਾਂਦੀ ਹੈ।
ਦਿਮਾਗ ਦੇ ਕੈਂਸਰ ਦੇ ਈਲਾਜ ਲਈ ਵਰਤੀ ਜਾਣ ਵਾਲੀ TM 601 ਇਜ਼ਰਾਇਲ ਵਿੱਚ ਮਿਲਦੇ ਬਿੱਛੂਆਂ ਦੇ ਜ਼ਹਿਰ ਤੋਂ ਬਣਾਈ ਜਾਂਦੀ ਹੈ।
ਪ੍ਰਤੀਰੋਧਿਕ ਦਵਾਈਆਂ ਡੱਡੂਆਂ ਦੀ ਚਮੜੀ ਤੋਂ ਬਣਾਈਆਂ ਜਾਂਦੀਆਂ ਹਨ।
ਖੂਨ ਨੂੰ ਪਤਲਾ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਹੈਪਾਰਿਨ (Heparin) ਸੂਰ ਦੀਆਂ ਆਂਦਰਾਂ (Intestines) ਦੀ ਵਰਤੋਂ ਕਰ ਕੇ ਬਣਾਈ ਜਾਂਦੀ ਹੈ।
ਘੋਗਿਆਂ (snail) ਦਾ ਜ਼ਹਿਰ ਜੋ ਕਿ ਐਨਜ਼ਾਇਮ (conopeptides) ਦਾ ਸ੍ਰੋਤ ਹੈ, ਦੀ ਵਰਤੋਂ ਮਿਰਗੀ (Epilepsy), ਦੌਰਿਆਂ (Stroke), ਦਿਲ ਦੀਆਂ ਬੀਮਾਰੀਆਂ ਆਦਿ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਭੋਜਨ ਪਦਾਰਥਾਂ ਵਿੱਚ ਜੀਵ-ਜੰਤੂਆਂ ਦੀ ਵਰਤੋਂ:
ਮਸਾਲੇਦਾਰ ਚਟਣੀ (Worcester sauce) ਬਣਾਉਣ ਲਈ, ਸਲਾਦ ਨੂੰ ਸੁਆਦ ਦੇਣ ਲਈ ਅਤੇ ਪੀਜ਼ੇ ਉੱਪਰ ਮੱਛੀ (Anchovies) ਤੋਂ ਮਿਲੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਬੋਤਲਾਂ ਵਿੱਚ ਬੰਦ ਜੂਸ ਦੀ ਰੰਗਤ ਬਣਾਈ ਰੱਖਣ ਲਈ, ਰੰਗਦਾਰ ਪਾਸਤਾ ਬਣਾਉਣ ਲਈ, ਟੌਫੀਆਂ ਅਤੇ ਸੁੰਦਰਤਾ ਦਾ ਸਾਮਾਨ ਬਣਾਉਣ ਲਈ ਧਰਤੀ ਵਿੱਚ ਮਿਲਣ ਵਾਲੇ ਇੱਕ ਕੀੜੇ ਦੀ ਵਰਤੋਂ ਕੀਤੀ ਜਾਂਦੀ ਹੈ।
ਜਾਨਵਰਾਂ ਦੀ ਚਰਬੀ ਤੋਂ ਮਿਲਣ ਵਾਲੇ ਕੈਪਰਿਕ ਤੇਜ਼ਾਬ (Capric acid) ਦੀ ਵਰਤੋਂ ਆਈਸ ਕਰੀਮ, ਟੌਫੀਆਂ, ਬਬਲਗਮ (chewing gum ) ਅਤੇ ਸ਼ਰਾਬ ਬਣਾਉਣ ਵਿੱਚ ਕੀਤੀ ਜਾਂਦੀ ਹੈ।
ਸ਼ਰਾਬ, ਬੀਅਰ, ਸਾਫਟ-ਡਰਿੰਕਸ ਆਦਿ ਨੂੰ ਫਿਲਟਰ ਕਰਨ ਲਈ ਜੰਤੂਆਂ ਤੋਂ ਮਿਲਣ ਵਾਲੇ ਇੱਕ ਪਦਾਰਥ (Clarifying agent ) ਦੀ ਵਰਤੋਂ ਕੀਤੀ ਜਾਂਦੀ ਹੈ। ਭੁੰਨ ਕੇ ਖਾਦੇ (Baked goods) ਜਾਣ ਵਾਲੇ ਪਦਾਰਥਾਂ ਜਿਵੇਂ ਬਰੈੱਡ, ਚਿਪਸ ਆਦਿ ਵਿੱਚ ਸੂਰ ਦੀ ਚਰਬੀ ਦੀ ਵਰਤੋਂ ਕੀਤੀ ਜਾਂਦੀ ਹੈ।
ਕੇਕ, ਪੇਸਟੀ ਆਦਿ ਵਿੱਚ ਅੰਡੇ ਪਾਏ ਜਾਂਦੇ ਹਨ।
ਦੁੱਧ ਵਿੱਚ ਵੀ ਚਰਬੀ (ਮਾਸ) ਹੁੰਦੀ ਹੈ।
ਖੰਡ ਨੂੰ ਚਮਕਦਾਰ ਬਣਾਉਣ ਲਈ ਜਾਨਵਰਾਂ ਦੀਆਂ ਹੱਡੀਆਂ ਦਾ ਪਾਊਡਰ ਵਰਤਿਆ ਜਾਂਦਾ ਹੈ।
ਚਾਕਲੇਟ, ਆਈਸ-ਕਰੀਮ, ਟੌਫੀਆਂ ਅਤੇ ਭੁੰਨ ਕੇ ਖਾਦੇ ਜਾਣ ਵਾਲੇ ਪਦਾਰਥਾਂ ਵਿੱਚ ਜੰਤੂਆਂ ਦੀ ਚਰਬੀ ਤੋਂ ਮਿਲਣ ਵਾਲੇ ਇੱਕ ਤੇਜ਼ਾਬ (Myristic acid) ਦੀ ਵਰਤੋਂ ਹੁੰਦੀ ਹੈ।
ਇਸ ਤੋਂ ਇਲਾਵਾ ਹੋਰ ਵਰਤੋਂ ਦੇ ਸਮਾਨ ਜਿਵੇਂ ਮੋਮਬੱਤੀਆਂ, ਸਾਬਣ ਆਦਿ ਬਣਾਉਣ ਲਈ ਜੰਤੂਆਂ ਦੀ ਚਰਬੀ (ਮੋਮ) ਦਾ ਇਸਤੇਮਾਲ ਕੀਤਾ ਜਾਂਦਾ ਹੈ, ਚਮੜੇ ਦੀਆਂ ਬਣੀਆਂ ਜੈਕਟਾਂ, ਬੈਲਟਾਂ, ਬੂਟ ਆਦਿ ਹਰ ਕੋਈ ਪਾਉਣਾ ਪਸੰਦ ਕਰਦਾ ਹੈ। ਗੱਡੀਆਂ ਦੀਆਂ ਸੀਟਾਂ ਦੇ ਕਵਰ, ਘਰਾਂ ਵਿੱਚ ਸੋਫਾ-ਸੈੱਟ ਆਦਿ ਚਮੜੇ ਦੇ ਬਣੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ।
ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਤਕਰੀਬਨ ਹਰ ਚੀਜ਼ ਵਿੱਚ ਜੀਵ-ਜੰਤੂਆਂ ਦਾ ਮਾਸ ਕਿਸੇ ਨਾ ਕਿਸੇ ਰੂਪ ਵਿੱਚ ਪਾਇਆ ਜਾਂਦਾ ਹੈ ਜਿਸਨੂੰ ਇਨਸਾਨ ਹਰ ਰੋਜ਼ ਖਾਂਦਾ ਜਾਂ ਵਰਤਦਾ ਹੈ, ਫਿਰ ਨਿਰੋਲ ਮਾਸ ਖਾਣ ਜਾਂ ਨਾ ਖਾਣ ਦੀ ਬਹਿਸ ਕਿਉਂ...? ਜੇ ਮਾਸ ਖਾਣਾ ਪਾਪ ਹੈ ਤਾਂ ਹਰ ਉਹ ਚੀਜ਼ ਖਾਣੀ ਅਤੇ ਵਰਤਣੀ ਬੰਦ ਕਰ ਦੇਣੀ ਚਾਹੀਦੀ ਹੈ ਜਿਸ ਵਿੱਚ ਕਿਸੇ ਵੀ ਚੀਜ਼ ਦਾ ਮਾਸ ਜਾਂ ਜੰਤੂਆਂ ਤੋਂ ਮਿਲਦੇ ਪਦਾਰਥ ਪਾਏ ਜਾਂਦੇ ਹਨ।
ਗੁਰੂ ਸਾਹਿਬ ਦੇ ਸਮੇਂ ਵੀ ਮਾਸ ਦੀ ਵਰਤੋਂ ਦੇ ਹਵਾਲੇ ਮਿਲਦੇ ਹਨ ਜਿਵੇਂ ਕਿ ਭਾਈ ਰਤਨ ਸਿੰਘ ਭੰਗੂ ਆਪਣੇ ‘ਪੰਥ ਪ੍ਰਕਾਸ਼’ ਵਿੱਚ ਲਿਖਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਪਹੁੰਚੇ ਤਾਂ ਉਨ੍ਹਾਂ ਇੱਕ ਦਿਨ ਬੱਕਰਾ ਮੰਗਵਾਇਆ ਅਤੇ ਸਿੰਘਾਂ ਕੋਲੋ ਝਟਕਾ ਕਰਵਾਇਆ:
ਇਕ ਦਿਨ ਗੁਰ ਬਕਰੋ ਮੰਗਵਾਇਓ ॥ ਸਿੰਘਨ ਤੇ ਝਟਕੋ ਕਰਵਾਯੋ ॥
ਜਿਮ ਸਤਗੁਰ ਝਟਕੋ ਕਰ ਖਾਵਹਿ॥ ਸੂਟ ਸੰਖੀਆ ਘਰ ਤੁਰਕ ਗਿਰਾਵਿਹ॥
ਉਪਰੋਕਤ ਚਰਚਾ ਤੋਂ ਅਸੀਂ ਸਮਝ ਸਕਦੇ ਹਾਂ ਕਿ ਸਿੱਧੇ ਰੂਪ ਵਿੱਚ ਮਾਸ ਖਾਣਾ ਜਾਂ ਨਾ ਖਾਣਾ ਕਿਸੇ ਇਨਸਾਨ ਦੀ ਮਰਜ਼ੀ ‘ਤੇ ਨਿਰਭਰ ਹੋ ਸਕਦਾ ਹੈ ਪਰ ਅਸਿੱਧੇ ਰੂਪ ਵਿੱਚ ਉਸਨੂੰ ਮਾਸ ਕਿਸੇ ਨਾ ਕਿਸੇ ਰੂਪ ਵਿੱਚ ਖਾਣਾ ਪੈਂਦਾ ਹੈ, ਫਿਰ ਕੋਈ ਸ਼ਾਕਾਹਰੀ ਕਿਵੇਂ ਰਹਿ ਗਿਆ...? ਕੀ ਕੋਈ ਅਜਿਹਾ ਇਨਸਾਨ ਹੈ ਜੋ ਦਵਾਈਆਂ ਦਾ ਇਸਤੇਮਾਲ ਨਹੀਂ ਕਰਦਾ...? ਹੁਣ ਕਈ ਕਹਿਣਗੇ ਕਿ ਦਵਾਈ ਖਾਣੀ ਤਾਂ ਜ਼ਰੂਰਤ ਹੈ ਪਰ ‘ਦਾਵਈ ਦੇ ਤੌਰ’ ਪਰ ਕੀ ਸੰਤੁਲਿਤ ਖੁਰਾਕ ਜ਼ਰੂਰਤ ਨਹੀਂ...? ਸੰਤੁਲਿਤ ਖੁਰਾਕ ਵੀ ਤਾਂ ਬਹੁਤ ਵੱਡੀ ਜ਼ਰੂਰਤ ਹੈ। ਜੇ ਇਨਸਾਨ ਦੀ ਖੁਰਾਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੰਤੁਲਿਤ ਹੋਵੇਗੀ ਤਾਂ ਉਸਨੂੰ ਦਵਾਈਆਂ ਖਾਣ ਦੀ ਜ਼ਰੂਰਤ ਵੀ ਬਹੁਤ ਘੱਟ ਪਵੇਗੀ। ਹੁਣ ਭਾਰਤ ਵਰਗੇ ਦੇਸ਼ ਜਿੱਥੇ ਰਸਾਇਣਿਕ ਦਾਵਈਆਂ ਦੀ ਭਰਮਾਰ ਕਾਰਨ ਫਸਲਾਂ ਅਤੇ ਫਲਾਂ ਦੀ ਪੌਸ਼ਟਿਕਤਾ ਖਤਮ ਹੋ ਗਈ ਹੈ, ਉਹਨਾਂ ਵਿੱਚ ਜ਼ਹਿਰ ਭਰ ਗਿਆ ਹੈ, ਉੱਥੇ ਖੁਰਾਕ ਨੂੰ ਪੌਸ਼ਟਕ ਬਣਾਉਣ ਲਈ ਜੇ ਕਦੇ ਮਾਸ ਖਾ ਲਿਆ ਤਾਂ ਕੀ ਗਲਤ ਹੋ ਗਿਆ? ਭਾਰਤ ਵਿੱਚ ਹਾਲਾਤ ਇਹ ਹਨ ਕਿ ਸੇਬ ਅਤੇ ਆਨਾਰ 150ਰੁ: ਤੋਂ 180ਰੁ: ਤੱਕ ਕਿੱਲੋ ਹਨ ਅਤੇ ਮੀਟ 100 ਰੁ:ਤੋਂ 120ਰੁ: ਤੱਕ ਵੀ ਮਿਲ ਜਾਂਦਾ ਹੈ, ਹੁਣ ਗਰੀਬ ਬੰਦਾ ਚਾਰ ਸੇਬ ਲਿਆ ਕੇ ਕੀ ਕਰੇਗਾ? ਉਸਨੂੰ ਤਾਂ ਮੀਟ ਹੀ ਕਿਫਾਇਤੀ ਲੱਗੇਗਾ ਜਿਸ ਨਾਲ ਉਸ ਦੇ ਬੱਚੇ ਦੋ ਡੰਗ ਰੋਟੀ ਤਾਂ ਖਾ ਸਕਣਗੇ।
ਮਾਸ ਖਾਣਾ ਸੰਸਾਰ ਦੀ ਧਰਾਤਲ ਅਵਸਥਾ ‘ਤੇ ਵੀ ਨਿਰਭਰ ਕਰਦਾ ਹੈ। ਠੰਡੇ ਮੁਲਕਾਂ ਵਿੱਚ ਮਾਸ ਖਾਣਾ ਜ਼ਰੂਰੀ ਹੋ ਜਾਂਦਾ ਹੈ। ਕਈ ਵਾਰ ਖਾਲਸੇ ਦੇ ਜੰਗਲਾਂ ਵਿੱਚ ਮਜ਼ਬੂਰੀ ਕਾਰਨ ਮਾਸ ਖਾਣ ਨੂੰ ਸਹੀ ਦੱਸਿਆ ਜਾਂਦਾ ਹੈ ‘ਤੇ ਅੱਜ ਦੇ ਸੁਵਿਧਾ ਵਾਲੇ ਸਮੇਂ ਮਾਸ ਖਾਣ ਨੂੰ ਸੁਆਦ ਦੱਸ ਕੇ ਪਾਪ ਦਾ ਨਾਮ ਦਿੱਤਾ ਜਾਂਦਾ ਹੈ। ਉਸ ਸਮੇਂ ਨਾਲੋਂ ਅੱਜ ਦੇ ਸਮੇਂ ਇਨਸਾਨ ਮਾਸ ਜ਼ਿਆਦਾ ਖਾਂਦਾ ਹੈ ਭਾਵੇਂ ਅਸਿੱਧੇ ਤੌਰ ‘ਤੇ ਹੀ ਖਾਂਦਾ ਹੋਵੇ। ਸਾਹ ਲੈਣ ਨਾਲ ਹੀ ਕਿੰਨੇ ਜੀਵ ਸਰੀਰ ਅੰਦਰ ਜਾ ਕੇ ਮਰਦੇ ਹਨ। ਸ਼ੂਗਰ ਵਰਗੀ ਬਿਮਾਰੀ ਜੋ ਸਾਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ ਤੋਂ ਬਚਾਅ ਲਈ ਇੰਸੂਲਿਨ ਦੀ ਵਰਤੋਂ ਤੋਂ ਕੋਈ ਨਹੀਂ ਕਤਰਾਉਂਦਾ। ਕਿਉਂ? ਕਾਰਨ ਸਪੱਸ਼ਟ ਹੈ ਕਿ ਆਪਣੀ ਜ਼ਿੰਦਗੀ ਸਭ ਨੂੰ ਪਿਆਰੀ ਹੈ ਭਾਵੇਂ ਉਹ ਕਿਸੇ ਦੀ ਜਾਨ ਲੈ ਕੇ ਬਣੀ ਦਵਾਈ ਕਾਰਨ ਹੀ ਬਚੇ। ਕੀ ਇਹ ਸਵਾਰਥੀ ਸੋਚ ਪਾਪ ਨਹੀਂ....?
ਅੱਜ ਵਿਗਿਆਨ ਜੋ ਰਾਜ ਸਾਡੇ ਸਾਹਮਣੇ ਲਿਆ ਰਹੀ ਹੈ, ਹੈਰਾਨੀਕੁੰਨ ਹਨ ਪਰ ਸਮੇਂ ਦੀ ਚਾਲ ਦੇ ਅਨੁਸਾਰ ਇਹਨਾਂ ਖੋਜਾਂ ਨੇ ਇਨਸਾਨੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੱਤਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਸਮੇਂ ਦੇ ਨਾਲ ਮਿਲ ਰਹੀ ਸਮਝ ਨੂੰ ਅਪਣਾਈਏ ਅਤੇ ਇਹਨਾਂ ਮਸਲਿਆਂ ਨੂੰ ਧਰਮ ਨਾਲ ਜੋੜ ਕੇ ਹੋਰ ਅਤਿ ਜ਼ਰੂਰੀ ਮਸਲਿਆਂ ਤੋਂ ਧਿਆਨ ਪਾਸੇ ਨਾ ਕਰੀਏ। ਜਿਹੜੇ ਮਸਲੇ ਕੌਮ ਦੇ ਲਈ ਪਹਿਲ ਦੇ ਆਧਾਰ ‘ਤੇ ਹੱਲ ਹੋਣੇ ਚਾਹੀਦੇ ਹਨ, ਸਾਰਾ ਸਮਾਂ ਅਤੇ ਊਰਜਾ ਉਹਨਾਂ ਵੱਲ ਲਗਾਈਏ। ਪੰਥ ਵਿੱਚ ਖਿੰਡਰ-ਪੁੰਡਰ ਚੁੱਕੀ ‘ਏਕਤਾ’ ਦੇ ਟੁਕੜੇ ਇਕੱਠੇ ਕਰਨ ਦਾ ਯਤਨ ਕਰੀਏ ਤਾਂ ਜੋ ਅੰਦਰੋਂ ਅਤੇ ਬਾਹਰੋਂ ਕੌਮ ਇੱਕ ਦਿਖਾਈ ਦੇਵੇ। ਭੁੱਲ ਚੁੱਕ ਦੀ ਖਿਮਾ,
ਸਤਿੰਦਰਜੀਤ ਸਿੰਘ।
ਮਿਤੀ: 17/02/2013
ਸਤਿੰਦਰਜੀਤ ਸਿੰਘ
ਸ਼ਾਕਾਹਾਰੀ-ਮਾਸਾਹਾਰੀ…?
Page Visitors: 2882