ਗਊ ਰਕਸ਼ਾ ਦਲ ਦਾ ਮੁਖੀ ਗ੍ਰਿਫ਼ਤਾਰ
ਪਟਿਆਲਾ, 21 ਅਗਸਤ (ਪੰਜਾਬ ਮੇਲ)- ਗਊ ਰਕਸ਼ਾ ਦਲ ਦੇ ਮੁਖੀ ਸਤੀਸ਼ ਕੁਮਾਰ ਨੂੰ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ। ਰਾਜਪੁਰਾ ਪੁਲਿਸ ਨੇ ਸਤੀਸ਼ ਕੁਮਾਰ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਸੀ। ਸਤੀਸ਼ ਕੁਮਾਰ ਉੱਤੇ ਗਊ ਰੱਖਿਆ ਦੇ ਨਾਂ ਉੱਤੇ ਬਦਫੈਲੀ, ਦੰਗੇ ਭੜਕਾਉਣ, ਉਗਰਾਹੀ ਕਰਨ ਤੇ ਹੋਰ ਦੋਸ਼ਾਂ ਹੇਠ ਕੇਸ ਦਰਜ ਹੋਣ ਤੋਂ ਰਾਜਪੁਰਾ ਪੁਲਿਸ ਨੇ ਯੂ ਪੀ ਦੇ ਵਰਿੰਦਾਬਨ ਤੋਂ ਗ੍ਰਿਫ਼ਤਾਰ ਕੀਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫ਼ਰਜ਼ੀ ਗਊ ਰੱਖਿਅਕਾਂ ਵਿਰੁੱਧ ਕਾਰਵਾਈ ਲਈ ਰਾਜ ਸਰਕਾਰਾਂ ਨੂੰ ਸਖ਼ਤ ਕਦਮ ਚੁੱਕਣ ਦਾ ਸੱਦਾ ਦੇਣ ਤੋਂ ਇੱਕ ਦਿਨ ਬਾਅਦ ਹੀ ਰਾਜਪੁਰਾ ਪੁਲਿਸ ਨੇ ਸਤੀਸ਼ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਹ ਫ਼ਰਾਰ ਚੱਲਿਆ ਆ ਰਿਹਾ ਸੀ। ਸਤੀਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਰਾਜਪੁਰਾ ਦੇ ਐੱਸ ਪੀ ਰਾਜਿੰਦਰ ਸਿੰਘ ਸੋਹਲ ਨੇ ਕਰ ਦਿੱਤੀ ਹੈ।
ਸਤੀਸ਼ ਅੱਜ ਰਾਜਪੁਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਹਾਰਨਪੁਰ ਨਾਲ ਸਬੰਧਿਤ ਇੱਕ ਪੀੜਤ ਨੇ ਦੋਸ਼ ਲਾਇਆ ਸੀ ਕਿ ਸਤੀਸ਼ ਕੁਮਾਰ ਦੇ ਗੁੰਡਿਆਂ ਨੇ ਉਸ ਨੂੰ ਅਗਵਾ ਕਰ ਕੇ ਬਦਫੈਲੀ ਕੀਤੀ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਹੀ ਦੂਜੇ ਵਾਸੀ ਨੇ ਜਾਂਚ ਕਾਰਾਂ ਨੂੰ ਦੱਸਿਆ ਕਿ ਉਸ ਨਾਲ ਸਤੀਸ਼ ਕੁਮਾਰ ਨੇ ਖ਼ੁਦ ਬਦਫੈਲੀ ਕੀਤੀ ਹੈ।