ਪਤਿਤ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ !
ਚੰਡੀਗੜ੍ਹ, 18 ਅਗਸਤ (ਪੰਜਾਬ ਮੇਲ)-ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਸਿਰ ਦੇ ਕੇਸ ਕਤਲ ਕਰਨੇ ਪਏ ਹਨ। ਉਨ੍ਹਾਂ ਦੇ ਸਿਰ ਦੀਆਂ ਨਾੜੀਆਂ ਬਲਾਕ ਹੋਣ ਕਾਰਨ ਅਪਰੇਸ਼ਨ ਹੋਇਆ ਹੈ। ਸੂਤਰਾਂ ਮੁਤਾਬਕ ਦਿਮਾਗ ਦੇ ਨੇੜਲੇ ਹਿੱਸੇ ਦੀਆਂ ਨਾੜੀਆਂ ਬਲਾਕ ਹੋਣ ਕਾਰਨ ਗਿਆਨੀ ਮੱਲ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਪਿਛਲੇ ਦਿਨੀਂ ਬੇਹੱਦ ਨਾਜ਼ੁਕ ਹੋ ਗਈ ਸੀ ਜਿਸ ਕਰਕੇ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਪਛਾਨਣ ਤੋਂ ਵੀ ਅਸਮਰੱਥ ਹੋ ਗਏ ਸਨ।
ਸੂਤਰਾਂ ਮੁਤਾਬਕ ਉਨ੍ਹਾਂ ਨੂੰ ਡਾਕਟਰਾਂ ਨੇ ਸਿਰ ਵਿੱਚ ਦਿਮਾਗ ਨੇੜਲੇ ਨਾਜ਼ੁਕ ਹਿੱਸੇ ਵਿੱਚ ਨਾੜੀਆਂ ਬਲਾਕ ਹੋਣ ਦੀ ਸ਼ਿਕਾਇਤ ਦੱਸਦਿਆਂ ਤੁਰੰਤ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਸੀ। ਪਿਛਲੇ ਹਫਤੇ ਗਿਆਨੀ ਮੱਲ ਸਿੰਘ ਦੇ ਸਿਰ ਦਾ ਮੇਜਰ ਅਪਰੇਸ਼ਨ ਮੁਹਾਲੀ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਵਿਚ ਹੋਇਆ। ਡਾਕਟਰਾਂ ਨੇ ਅਪਰੇਸ਼ਨ ਵੇਲੇ ਉਨ੍ਹਾਂ ਦੇ ਸਿਰ ਦੇ ਕੇਸ ਕਤਲ ਕਰ ਦਿੱਤੇ ਹਨ।
ਪਹਿਲਾਂ-ਪਹਿਲ ਤਾਂ ਗਿਆਨੀ ਮੱਲ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਸਿਰ ਦੇ ਅਪਰੇਸ਼ਨ ਵਾਲੀ ਗੱਲ ਨੂੰ ਇੰਨਾ ਗੁਪਤ ਰੱਖਿਆ ਸੀ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਲਾਜ਼ਮਾਂ ਨੂੰ ਵੀ ਇਸ ਦੀ ਭਿਣਕ ਨਹੀਂ ਲੱਗਣ ਦਿੱਤੀ ਗਈ ਸੀ ਪਰ ਕੁਝ ਅਖਬਾਰਾਂ ਵਿੱਚ ਉਨ੍ਹਾਂ ਦੇ ਸਿਰ ਦੇ ਅਪਰੇਸ਼ਨ ਦੀਆਂ ਖਬਰਾਂ ਛਪਣ ਤੋਂ ਬਾਅਦ ਇਹ ਚਰਚਾ ਜ਼ੋਰਾਂ ‘ਤੇ ਚੱਲਣ ਲੱਗ ਪਈ ਸੀ ਕਿ ਗਿਆਨੀ ਮੱਲ ਸਿੰਘ ਦੇ ਸਿਰ ਦੇ ਅਪਰੇਸ਼ਨ ਲਈ ਕੇਸ ਕਤਲ ਕਰ ਦਿੱਤੇ ਗਏ ਹਨ।
ਕੁਝ ਦਿਨ ਪਹਿਲਾਂ ਗਿਆਨੀ ਮੱਲ ਸਿੰਘ ਨੂੰ ਹਸਪਤਾਲੋਂ ਛੁੱਟੀ ਮਿਲਣ ਤੋਂ ਬਾਅਦ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਰਿਹਾਇਸ਼ ‘ਤੇ ਆ ਗਏ ਹਨ ਪਰ ਉਨ੍ਹਾਂ ਦੇ ਪਰਿਵਾਰ ਵਲੋਂ ਕਿਸੇ ਨੂੰ ਵੀ ਗਿਆਨੀ ਮੱਲ ਸਿੰਘ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੀ ਕੁਝ ਮੁਲਾਜ਼ਮਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਗਿਆਨੀ ਮੱਲ ਸਿੰਘ ਦੇ ਕੇਸ ਕਤਲ ਕੀਤੇ ਗਏ ਹਨ। ਉਹ ਇਸੇ ਕਾਰਨ ਕਿਸੇ ਵੀ ਮਿਲਣ ਵਾਲੇ ਨੂੰ ਮਿਲ ਨਹੀਂ ਰਹੇ।