ਖਾਲਸਾ ਛਾਏਗਾ ਅਮਰੀਕਾ ਦੇ ਟੀਵੀ ਚੈਨਲਾਂ ‘ਤੇ
ਵਾਸ਼ਿੰਗਟਨ, 12 ਅਗਸਤ (ਪੰਜਾਬ ਮੇਲ)-ਅਮਰੀਕਾ ਦੇ ਡੈਨਵਰ ਸ਼ਹਿਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ 1 ਲੱਖ 25 ਹਜ਼ਾਰ ਡਾਲਰ ਦੀ ਰਾਸ਼ੀ ਇਕੱਠੀ ਕੀਤੀ ਹੈ। ਇਸ ਦਾ ਮਕਸਦ NSC ਯਾਨੀ ਨੈਸ਼ਨਲ ਸਿੱਖ ਕੰਪੇਨ ਦੇ ਜ਼ਰੀਏ ਮੁਲਕ ਨੂੰ ਸਿੱਖਾਂ ਤੇ ਸਿੱਖੀ ਪ੍ਰਤੀ ਜਾਗਰੂਕ ਕਰਵਾਉਣਾ ਹੈ। NSC ਨੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੀਡੀਆ ਟੀਮ AKPD ਨਾਲ ਮਿਲਕੇ ਜਾਗਰੂਕਤਾ ਬਾਰੇ ਪਲਾਨ ਤਿਆਰ ਕੀਤਾ ਹੈ। ਇਸ ਤਹਿਤ ਸਿੱਖਾਂ ਦੇ ਪਹਿਰਾਵੇ, ਇਤਿਹਾਸ ਤੇ ਸੱਭਿਆਚਾਰ ਨਾਲ ਸਬੰਧਿ ਜਾਗਰੂਕਤਾ ਵਾਲੀਆਂ 30-30 ਸਕਿੰਟ ਦੇ Advertisements ਬਣਾ ਕੇ ਅਮਰੀਕਾ ਦੇ ਕੌਮੀ ਤੇ ਲੋਕਲ ਟੀਵੀ ਚੈਨਲਾਂ ਦੇ ਨਾਲ ਸੋਸ਼ਲ ਮੀਡੀਆ ‘ਤੇ ਚਲਾਈਆਂ ਜਾਣਗੀਆਂ।
ਆਉਣ ਵਾਲੇ ਦਿਨਾਂ ਵਿੱਚ ਸਿੱਖ ਕੌਮ ਨਾਲ ਸਬੰਧਤ ਵੈੱਬਸਾਈਟ ਵੀ ਲਾਂਚ ਕੀਤੀ ਜਾਵੇਗੀ। NSC ਦੇ ਕੋ-ਫਾਊਂਡਰ ਡਾ. ਰਾਜਵੰਤ ਨੇ ਦੱਸਿਆ ਕਿ ਪੂਰਾ ਪਲਾਨ ਹਿਲੇਰੀ ਕਲਿੰਟਨ ਦੇ ਸਾਬਕਾ ਚੀਫ ਪਲਾਨਰ ਜਿਓਫ ਗਰੀਨ ਨੇ ਇਸ ਮੁਹਿੰਮ ਦਾ ਰੋਡਮੈਪ ਤਿਆਰ ਕਰ ਲਿਆ ਹੈ। ਮੁਹਿੰਮ ਦੀ ਸਫਲਤਾ ਲਈ 1.3 ਮਿਲੀਅਨ ਡਾਲਰ ਜੁਟਾਉਣ ਦੀ ਲੋੜ ਹੈ। ਸਿੱਖ ਭਾਈਚਾਰਾ ਫੰਡਾਂ ਚ ਪੂਰਾ ਯੋਗਦਾਨ ਪਾ ਰਿਹਾ ਹੈ। ਦਰਅਸਲ ਅਮਰੀਕਾ ਵੱਸਦੇ ਸਿੱਖ ਭਾਈਚਾਰੇ ਨੂੰ ਬਹੁਤ ਵਾਰੀ ਨਸਲੀ ਟਿੱਪਣੀਆਂ ਤੇ ਜਾਨੀ ਹਮਲਿਆਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਰਫ ਇਸੇ ਕਰਕੇ ਕਿ ਤਾਲਿਬਾਨ ਤੇ ISIS ਦਾ ਪਹਿਰਾਵਾ ਵੀ ਸਿੱਖਾਂ ਨਾਲ ਮਿਲਦਾ-ਜੁਲਦਾ ਦਸਤਾਰ ਤੇ ਦਾਹੜੀ ਵਾਲਾ ਹੈ। ਹਾਲਾਂਕਿ ਰਾਸ਼ਟਰਪਤੀ ਓਬਾਮਾ ਵੱਲੋਂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਬਹੁਤ ਵਾਰ ਭਰੋਸਾ ਦਿਵਾਇਆ ਜਾਣਦਾ ਹੈ। ਬਾਵਜੂਦ ਇਸ ਦੇ ਅਮਰੀਕਨ ਸਿੱਖਾਂ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ। ਇਸ ਮੁਹਿੰਮ ਦੇ ਜ਼ਰੀਏ ਸਿੱਖਾਂ ਨੂੰ ਆਸ ਹੈ ਕਿ ਸਿੱਖ ਦਾ ਸਰਬੱਤ ਦੇ ਭਲੇ ਵਾਲਾ ਅਸਲ ਕਿਰਦਾਰ ਅਮਰੀਕਨਾਂ ਦੇ ਸਾਹਮਣੇ ਜ਼ਰੂਰ ਆਵੇਗਾ।