ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਭ੍ਰਿਸ਼ਟਾਚਾਰ ਅਤੇ ਰਾਜਨੀਤਕ ਸੋਚ ਦੇ ਨਿਘਾਰ ਦਾ ਮੁੱਖ ਕਾਰਣ
ਭ੍ਰਿਸ਼ਟਾਚਾਰ ਅਤੇ ਰਾਜਨੀਤਕ ਸੋਚ ਦੇ ਨਿਘਾਰ ਦਾ ਮੁੱਖ ਕਾਰਣ
Page Visitors: 2699

                    ਭ੍ਰਿਸ਼ਟਾਚਾਰ ਅਤੇ ਰਾਜਨੀਤਕ ਸੋਚ ਦੇ ਨਿਘਾਰ ਦਾ ਮੁੱਖ ਕਾਰਣ                                                  ਮੌਕਾ ਪ੍ਰਸਤ ਦਲਬਦਲੂ
*ਜੈਨ ਨੇ ਹਲਕੇ ਲਈ ਕੁਰਬਾਨੀ ਦਿੱਤੀ ਜਾਂ ਕੇਸਾਂ ਵਿੱਚੋਂ ਬਚਣ ਲਈ ਬਾਦਲ ਦੀ ਸ਼ਰਨ ’ਚ ਗਿਆ ?
*ਦਲਬਦਲੀ ਦੀ ਲਾਹਨਤ ਤੋਂ ਮੁਕਤ ਹੋਣ ਲਈ ਮੌਕਾ ਪ੍ਰਸ਼ਤ ਦਲਬਦਲੂਆਂ ਨੂੰ ਸਬਕ ਸਿਖਾਉਣ ਦਾ ਮੌਕਾ ਮੋਗਾ ਹਲਕੇ ਦੇ ਵੋਟਰਾਂ ਦੇ ਹੱਥ
ਕਿਰਪਾਲ ਸਿੰਘ ਬਠਿੰਡਾ     ਮੋਬ: 9855480797
ਰਾਜਨੀਤੀ ਵਿੱਚ ਵਧ ਰਹੇ ਭ੍ਰਿਸ਼ਟਾਚਾਰ ਅਤੇ ਰਾਨੀਤਕ ਤੇ ਮੁੱਦਾ ਅਧਾਰਤ ਸੋਚ ਦੇ ਹੋ ਚੁੱਕੇ ਵਿਨਾਸ਼ ਦਾ ਮੁੱਖ ਕਾਰਣ ਹੈ, ਚੁਣੇ ਗਏ ਨੁੰਮਾਇੰਦਿਆਂ ਦਾ ਮੌਕਾ ਪ੍ਰਸਤੀ ਕਾਰਣ ਦਲ ਬਦਲ ਜਾਣਾ। ਚੁਣੇ ਗਏ ਨੁੰਮਾਇੰਦਿਆਂ ਵਲੋਂ ਮੌਕਾ ਪ੍ਰਸਤੀ ਕਾਰਣ ਕੀਤੀ ਦਲਬਦਲੀ ਕਾਰਣ ਲੋਕਾਂ ਦਾ ਯਕੀਨ ਪਾਰਟੀ ਵੀਚਾਰਧਾਰਾ ਅਤੇ ਉਮੀਦਵਾਰਾਂ ਤੋਂ ਬਿਲਕੁਲ ਖਤਮ ਹੋ ਚੁੱਕਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਜਿਸ ਨੂੰ ਉਹ ਵੋਟ ਪਾ ਰਹੇ ਹਨ ਉਨ੍ਹਾਂ ਦਾ ਕੀ ਪਤਾ ਹੈ ਕਿ ਆਪਣੇ ਲਾਭ ਲਈ ਇਹ ਕਦੋਂ ਦੂਸਰੇ ਪਾਸੇ ਛਾਲ ਮਾਰ ਜਾਵੇ। ਇਸ ਲਈ ਜੇ ਇਹ ਸਾਡੀਆਂ ਵੋਟਾਂ ਨਾਲ ਜਿੱਤ ਕੇ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਆਪਣੀ ਪਾਰਟੀ ਤੇ ਵੋਟਰਾਂ ਨੂੰ ਧੋਖਾ ਦੇ ਕੇ ਆਪਣੀ ਕੀਮਤ ਵਸੂਲ ਸਕਦਾ ਹੈ ਤਾਂ ਕਿਉਂ ਨਾ ਕਿਸੇ ਨੂੰ ਵੋਟ ਸਮੇਂ ਆਪਣੀ ਵੋਟ ਦੀ ਕੀਮਤ ਵਸੂਲ ਕੇ ਹੀ ਕਿਸੇ ਧਿਰ ਨੂੰ ਵੋਟ ਪਾਈ ਜਾਵੇ ਜਾਂ ਜਿੱਤ ਦੀ ਸੰਭਾਵਨਾ ਵਾਲੀ ਪਾਰਟੀ ਨੂੰ ਵੋਟ ਪਾ ਕੇ ਕੱਲ੍ਹ ਨੂੰ ਉਨ੍ਹਾਂ ਤੋਂ ਕੰਮ ਲੈਣ ਵਾਲੇ ਬਣ ਸਕੀਏ । 
ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਅੱਜ ਪੰਚਾਇਤ ਮੈਂਬਰ ਤੋਂ ਲੈ ਕੇ ਪਾਰਲੀਮੈਂਟ ਮੈਂਬਰ ਤੱਕ ਵੋਟਾਂ ਬਦਲੇ ਪੈਸਿਆਂ ਤੇ ਨਸ਼ਿਆਂ ਦੀ ਵੰਡ ਦਾ ਇਤਨਾ ਬੋਲਬਾਲਾ ਹੋ ਗਿਆ ਹੈ ਕਿ ਇੱਕ ਇਮਾਨਦਾਰ ਤੇ ਯੋਗ ਵਿਅਕਤੀ ਨੂੰ ਆਪਣੇ ਚੰਗੇ ਆਚਰਨ, ਉਚੀ ਸੋਚ ਤੇ ਵੀਚਾਰਧਾਰਾ ਦੇ ਅਧਾਰ ’ਤੇ ਚੋਣ ਜਿੱਤਣੀ ਅਸੰਭਵ ਹੋ ਚੁੱਕੀ ਹੈ। ਇਸ ਦਲਬਦਲੀ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਛੋਟੀਆਂ ਪਾਰਟੀਆਂ ਜਾਂ ਚੋਣਾਂ ਵਿੱਚ ਹਾਰ ਚੁੱਕੀ/ਹਾਰ ਜਾਣ ਦੀ ਸੰਭਾਵਨਾ ਵਾਲੀ ਪਾਰਟੀ ਨੂੰ। ਕਿਉਂਕਿ ਹਾਰ ਚੁੱਕੀ/ਹਾਰ ਦੀ ਸੰਭਾਵਨਾ ਵਾਲੀ ਪਾਰਟੀ ਜਾਂ ਉਨ੍ਹਾਂ ਛੋਟੀਆਂ ਪਾਰਟੀਆਂ ਜਿਨ੍ਹਾਂ ਪਾਰਟੀਆਂ ਦੀ ਸਰਕਾਰ ਬਣਨ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਉਨ੍ਹਾਂ ਦੇ ਵਰਕਰ ਤੇ ਆਗੂ ਧੜਾ ਧੜ ਸਤਾਧਾਰੀ ਪਾਰਟੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ। ਕਈ ਵਾਰ ਤਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜਾਂ ਚੁਣੇ ਗਏ ਨੁੰਮਾਇੰਦੇ ਹੀ ਦਲਬਦਲੀ ਕਰ ਜਾਂਦੇ ਹਨ ਜਿਸ ਨਾਲ ਵਿਰੋਧੀ ਪਾਰਟੀ ਦਾ ਇੱਕ ਤਰ੍ਹਾਂ ਭੋਗ ਹੀ ਪੈ ਜਾਂਦਾ ਹੈ । 
ਜਿਸ ਤਰ੍ਹਾਂ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਵੇਖ ਚੁੱਕੇ ਹਾਂ । ਵੈਸੇ ਤਾਂ ਹਰ ਵਿਅਕਤੀ ਤੇ ਹਰ ਪਾਰਟੀ ਹੀ ਦਲਬਦਲੂਆਂ ਦੀ ਸਖ਼ਤ ਨਿੰਦਾ ਕਰਦੀ ਹੈ ਪਰ ਮਨਪ੍ਰੀਤ ਸਿੰਘ ਬਾਦਲ ਵਲੋਂ ਬਾਦਲ ਦਲ ਨੂੰ ਛੱਡ ਜਾਣ ’ਤੇ ਮਨਪ੍ਰੀਤ ਅਤੇ ਕਾਂਗਰਸ ਨੂੰ ਛੱਡ ਜਾਣ ਤੇ ਮੁੜ ਉਸ ਵਿੱਚ ਚਲੇ ਜਾਣ ਕਾਰਣ ਅਮਰਿੰਦਰ ਸਿੰਘ ਨੂੰ ਦਲਬਦਲੂ ਦੱਸ ਕੇ ਇਨ੍ਹਾਂ ਦੀ ਜਿੰਨੀ ਨਿੰਦਾ ਪ੍ਰਕਾਸ਼ ਸਿੰਘ ਬਾਦਲ ਕਰ ਰਿਹਾ ਹੈ ਇੰਨੀ ਸ਼ਾਇਦ ਹੀ ਹੋਰ ਕਿਸੇ ਨੇ ਕੀਤੀ ਹੋਵੇ। ਨਿੰਦਾ ਕਰਨ ਦੇ ਬਾਵਜੂਦ ਉਹ ਇਹ ਭੁੱਲ ਜਾਂਦਾ ਹੈ ਕਿ 1957 ਵਿੱਚ ਪਹਿਲੀ ਚੋਣ ਉਸ ਨੇ ਖ਼ੁਦ ਕਾਂਗਰਸ ਦੀ ਟਿਕਟ ’ਤੇ ਲੜੀ ਸੀ ਅਤੇ ਹਰ ਚੋਣ ਵਿੱਚ ਬਾਦਲ ਖ਼ੁਦ ਵੀ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਦਲਬਦਲੂਆਂ ਨੂੰ ਟਿਕਟਾਂ ਦੇ ਕੇ ਨਿਵਾਜ਼ਦਾ ਰਹਿੰਦਾ ਹੈ
ਮੋਗਾ ਹਲਕੇ ਵਿੱਚ ਤਾਂ ਬਾਦਲ ਦੇ ਮਕਾਰ ਦੀ ਉਸ ਸਮੇਂ ਹੱਦ ਹੀ ਹੋ ਗਈ ਜਦੋਂ ਇੱਥੋਂ ਦੋ ਵਾਰ ਕਾਂਗਰਸ ਦੀ ਟਿਕਟ ’ਤੇ ਜਿੱਤੇ ਜੋਗਿੰਦਰ ਜੈਨ ਨੂੰ ਦਲਬਦਲੀ ਕਰਵਾ ਕੇ ਆਪਣੇ ਦਲ ਵਿੱਚ ਸ਼ਾਮਲ ਕਰ ਲਿਆ। ਦਲਬਦਲੀ ਕਾਨੂੰਨ ਦੀ ਮਜਬੂਰੀ ਕਾਰਣ ਉਸ ਵਲੋਂ ਵਿਧਾਇਕੀ ਤੋਂ ਅਸਤੀਫਾ ਦਿੱਤੇ ਜਾਣ ਪਿੱਛੋਂ ਖਾਲੀ ਹੋਈ ਸੀਟ ’ਤੇ ਹੋ ਰਹੀ ਉਪ ਚੋਣ ਲਈ ਉਸ ਨੂੰ ਆਪਣਾ ਉਮੀਦਵਾਰ ਬਣਾ ਲਿਆ ਹੈ। ਦਲਬਦਲੂਆਂ ਨੂੰ ਪਾਣੀ ਪੀ ਪੀ ਕੇ ਕੋਸਣ ਵਾਲਾ ਬਾਦਲ ਦਲਬਦਲੂ ਜੋਗਿੰਦਰ ਜੈਨ ਦੇ ਸੋਹਲੇ ਗਾਉਂਦਾ ਹੋਇਆ ਕਹਿ ਰਿਹਾ ਹੈ ਕਿ ‘ਜੈਨ ਨੇ ਹਲਕੇ ਲਈ ਕੁਰਬਾਨੀ ਦਿੱਤੀ। ਇਸ ਲਈ ਹਲਕੇ ਦੇ ਵਿਕਾਸ ਲਈ ਜੈਨ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ’। ਸ: ਬਾਦਲ ਦਾ ਇਹ ਬਿਆਨ ਸੰਕੇਤ ਦਿੰਦਾ ਹੈ ਕਿ ਉਹ ਸਮਝਦਾ ਹੈ ਕਿ ਲੋਕ ਬਿਲਕੁਲ ਬੁੱਧੂ ਹਨ ਜਿਹੜੇ ਇਹ ਵੀ ਨਹੀਂ ਸਮਝ ਸਕਦੇ ਕਿ ਜੈਨ ਨੇ ਹਲਕੇ ਲਈ ਕੁਰਬਾਨੀ ਦਿੱਤੀ ਜਾਂ ਕੇਸਾਂ ਵਿੱਚੋਂ ਬਚਣ ਲਈ ?
ਬਾਦਲ ਦੀ ਸ਼ਰਨ ’ਚ ਗਿਆ ਹੈ? ਸ: ਬਾਦਲ ਨੂੰ ਪੁੱਛਣਾ ਬਣਦਾ ਹੈ ਕਿ ਹਲਕੇ ਦੇ ਵਿਕਾਸ ਵਿੱਚ ਤੁਸੀਂ ਚੁਣੇ ਗਏ ਵਧਾਇਕ ਦਾ ਰੋਲ ਹੀ ਕਿਹੜਾ ਰਹਿਣ ਦਿੱਤਾ ਹੈ। ਸਭ ਕੁਝ ਤਾਂ ਆਪਣੇ ਹੱਥ ਵਿੱਚ ਰੱਖਿਆ ਹੈ ਤੇ ਸੰਗਤ ਦਰਸ਼ਨ ਦੇ ਬਹਾਨੇ ਹਰ ਇਲਾਕੇ ਵਿੱਚ ਗ੍ਰਾਂਟਾਂ ਖ਼ੁਦ ਜਾ ਕੇ ਵੰਡਦਾ ਹੈ, ਤੇ ਵੰਡਣ ਵੇਲੇ ਸਤਾਧਾਰੀ ਪਾਰਟੀ ਦੇ ਵਿਧਾਇਕ ਜਾਂ ਹਾਰੇ ਹੋਏ ਉਮੀਦਵਾਰ ਨੂੰ ਹਲਕਾ ਇੰਚਾਰਜ ਦਾ ਨਾਮ ਦੇ ਕੇ ਸ਼ੋ ਪੀਸ ਦੇ ਤੌਰ ’ਤੇ ਨਾਲ ਬਿਠਾ ਲਿਆ ਜਾਂਦਾ ਹੈ। ਇਹ ਦਾਅਵਾ ਕਰਦੇ ਹਨ ਕਿ ਬਠਿੰਡਾ ਹਲਕੇ ਦਾ ਪਿਛਲੀ ਟਰਮ 2007-2012 ਦੌਰਾਨ ਹੋਇਆ। ਪਰ ਇਸ ਸਮੇਂ ਦੌਰਾਨ ਤਾਂ ਬਠਿੰਡਾ ਤੋਂ ਅਕਾਲੀ ਦਲ ਦਾ ਉਮੀਦਵਾਰ ਸਰੂਪ ਚੰਦ ਸਿੰਗਲਾ ਹਾਰ ਗਿਆ ਸੀ ਤੇ ਕਾਂਗਰਸ ਦੇ ਹਰਮੰਦਰ ਸਿੰਘ ਜੱਸੀ ਵਿਧਾਇਕ ਚੁਣੇ ਗਏ ਸਨ । 
ਜੇ ਬਠਿੰਡਾ ਤੋਂ ਸਤਾਧਾਰੀ ਪਾਰਟੀ ਦੇ ਉਮੀਦਵਾਰ ਹਾਰ ਜਾਣ ਦੇ ਬਾਵਜੂਦ ਆਪਣੇ ਹਾਰੇ  ਹੋਏ ਉਮੀਦਵਾਰ ਨੂ ਹਲਕਾ ਇੰਚਾਰਜ ਬਣਾ ਕੇ ਬਠਿੰਡਾ ਦਾ ਸਭ ਤੋਂ ਵੱਧ ਵਿਕਾਸ ਕਰਵਾਉਣ ਦਾ ਦਾਅਵਾ ਕਰ ਸਕਦੇ ਸਭ ਤੋਂ ਵੱਧ ਵਿਕਾਸ ਹਨ ਤਾਂ ਮੋਗਾ ਜਾਂ ਹੋ ਕਿਸੇ ਹਲਕੇ ਵਿੱਚ ਕਿਉਂ ਨਹੀਂ ਕਰ ਸਕਦੇ। ਇਸ ਲਈ ਸਪਸ਼ਟ ਹੈ ਕਿ ਹਲਕੇ ਦੇ ਵਿਕਾਸ ਵਿੱਚ ਹਲਕੇ ਦੇ ਵਿਧਾਇਕ ਦਾ ਕੋਈ ਰੋਲ ਨਹੀਂ ਸਭ ਕੁਝ ਆਪਣੇ ਹੱਥ ਵਿੱਚ ਕੇਂਦਰਿਤ ਕਰਕੇ ਰੱਖਿਆ ਹੋਇਆ ਹੈ । ਕਿਸ ਨੂੰ ਨਹੀਂ ਪਤਾ ਕਿ ਜੈਨ ਅਤੇ ਇਸ ਦੇ ਪੁੱਤਰ ’ਤੇ ਅਨੇਕਾਂ ਕੇਸ ਦਰਜ ਹਨ। ਇੱਕ ਕੇਸ ਵਿੱਚ ਇਸ ਨੂੰ ਇੰਡੀਅਨ ਪੀਨਲ ਕੋਡ ਦੀ ਧਾਰਾ 419 ਅਤੇ 471 ਅਧੀਨ ਇੱਕ ਸਾਲ ਦੀ ਸਜਾ ਹੋਈ ਸੀ ਬੇਸ਼ੱਕ ਉਸ ਵਿੱਚ ਇਹ ਜਮਾਨਤ ’ਤੇ ਰਿਹਾ ਹੋ ਗਿਆ ਸੀ। ਇੱਕ ਕੇਸ ਵਿੱਚ ਅਦਾਲਤ ਨੇ ਇਸ ਦੇ ਪੁੱਤਰ ਨੂੰ ਭਗੌੜਾ ਕਰਾਰ ਵੀ ਦਿੱਤਾ ਹੋਇਆ ਹੈ।
     ਇਨ੍ਹਾਂ ਕੇਸਾਂ ਤੋਂ ਬਚਣ ਲਈ ਸੌਦੇਬਾਜ਼ੀ ਕਰਕੇ ਜੈਨ ਬਾਦਲ ਦੀ ਸ਼ਰਨ ਵਿੱਚ ਚਲਾ ਗਿਆ ਹੈ। ਇਸ ਨੇ ਦਲਬਦਲੀ ਕਰਨ ਮੌਕੇ 26 ਦਸੰਬਰ 2012 ਨੂੰ ਸਾਫ਼ ਤੌਰ ’ਤੇ ਕਿਹਾ ਸੀ ਕਿ ਉਸ ’ਤੇ ਦਰਜ ਕੇਸਾਂ ਵਿੱਚ ਕਾਂਗਰਸ ਨੇ ਉਸ ਦੀ ਮੱਦਦ ਨਹੀਂ ਕੀਤੀ ਇਸ ਕਾਰਣ ਉਸ ਨੂੰ ਦਲਬਦਲੀ ਕਰਨੀ ਪਈ । ਇਹ ਵੀ ਸਭ ਨੂੰ ਪਤਾ ਹੈ ਕਿ 2005 ’ਚ ਜਦੋਂ ਕਾਂਗਰਸ ਪਾਰਟੀ ਸਤਾ ਵਿੱਚ ਸੀ ਤਾਂ ਜੈਨ ਨੇ ਬਾਦਲ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਦਲਬਦਲੀ ਕਰ ਲਈ ਸੀ। 2007 ਅਤੇ 2012 ’ਚ ਉਹ ਕਾਂਗਰਸ ਟਿਕਟ ’ਤੇ ਮੋਗਾ ਤੋਂ ਵਿਧਾਇਕ ਬਣੇ। ਪਰ ਜਿਸ ਨੇ ਚੋਣਾਂ ਹੀ ਪੈਸਾ ਕਮਾਉਣ ਵਾਸਤੇ ਲੜੀਆਂ ਹੋਣ ਉਹ ਵਿਰੋਧੀ ਧਿਰ ਵਿੱਚ ਬੈਠ ਕੇ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਿਵੇਂ ਕਰ ਸਕਦਾ ਹੈ?
ਇਸ ਲਈ ਉਸ ਨੇ ਹਲਕੇ ਦੇ ਵਿਕਾਸ ਲਈ ਕੁਰਬਾਨੀ ਨਹੀਂ ਬਲਕਿ ਆਪਣੇ ਨਿਜੀ ਹਿੱਤਾਂ ਅਤੇ ਪੈਸਾ ਕਮਾਉਣ ਲਈ ਸਤਾਧਾਰੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ । ਜਿਸ ਜੈਨ ਨੂੰ ਕੁਰਬਾਨੀ ਦਾ ਪੁੰਜ ਦੱਸ ਕੇ ਬਾਦਲ ਵੱਲੋਂ ਉਸ ਦੇ ਸੋਹਲੇ ਗਾਏ ਜਾ ਰਹੇ ਜੇ ਉਸ ਦੀ ਤੁਲਨਾ ਮਨਪ੍ਰੀਤ ਸਿੰਘ ਬਾਦਲ ਜਿਸ ਨੂੰ ਦਲਬਦਲੂ ਤੇ ਵਿਸ਼ਵਾਸ਼ਘਾਤੀ ਦੱਸ ਕੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਭ ਤੋਂ ਵੱਧ ਨੁਕਤਾਚੀਨੀ ਕੀਤੀ ਜਾ ਰਹੀ ਹੈ, ਨਾਲ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੈ। ਮਨਪ੍ਰੀਤ ਵੱਲੋਂ ਦਲਬਦਲੀ ਨਹੀਂ ਕੀਤੀ ਸਗੋਂ ਇੱਕ ਸਤਾਧਾਰੀ ਪਾਰਟੀ ਨੂੰ ਛੱਡ ਕੇ ਆਪਣੀ ਨਵੀਂ ਪਾਰਟੀ ਬਣਾਈ ਹੈ ਜਿਸ ਦਾ ਕਾਰਣ ਉਸ ਨੇ ਆਰਥਕ ਨੀਤੀਆਂ ਦੱਸਿਆ ਸੀ। ਬਾਦਲ ਦੀਆਂ ਨੀਤੀਆਂ ਭਾਵੇਂ ਵੋਟ ਲੁਭਾਊ ਹਨ ਪਰ ਸੂਬੇ ਦੀ ਆਰਥਿਕਤਾ ਦਾ ਭੋਗ ਪਾਉਣ ਵਾਲੀਆਂ ਹਨ।
     ਆਟਾ ਦਾਲ ਤੇ ਸਨ ਸਕੀਮਾਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਆਤਮ ਨਿਰਭਰ ਨਹੀਂ ਬਲਕਿ ਹਮੇਸ਼ਾਂ ਲਈ ਹੱਥਾਂ ਵਿੱਚ ਠੂਠੇ ਫੜ ਕੇ ਮੰਗਣ ਦੀ ਮਾਨਸਿਕਤਾ ਪੈਦਾ ਕਰਨ ਵਾਲੀਆਂ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ 1984 ’ਚ ਅਕਾਲ ਤਖ਼ਤ ’ਤੇ ਹਮਲੇ ਦੇ ਰੋਸ ਵਜੋਂ ਕਾਂਗਰਸ ਪਾਰਟੀ ਤੇ ਪਾਰਲੀਮੈਂਟ ਮੈਂਬਰ ਵਜੋਂ ਉਸ ਸਮੇਂ ਅਸਤੀਫਾ ਦਿੱਤਾ ਸੀ ਜਦੋਂ ਸਤਾਧਾਰੀ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਹੋਣ ਦੀਆਂ ਉਪਾਧੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਦੇ ਹਮਲੇ ਦਾ ਵਿਰੋਧ ਕਰ ਸਕੇ। ਅਕਾਲੀ ਦਲ ਤਾਂ ਉਸ ਪਿੱਛੋਂ ਇੱਕ ਦਹਾਕੇ ਤੱਕ ਆਪਣੀਆਂ ਸਿਆਸੀ ਸਰਰਮੀਆਂ ਚਲਾਉਣ ਤੋਂ ਹੀ ਅਸਮਰਥ ਹੋਇਆ ਪਿਆ ਸੀ।
   ਉਸ ਸਮੇਂ ਅਕਾਲ ਤਖ਼ਤ ’ਤੇ ਹਮਲੇ ਦੇ ਰੋਸ ਪ੍ਰਗਟ ਕਰਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਲਬਦਲੀ ਨਹੀ ਸੀ ਬਲਕਿ ਆਪਣੀ ਕੌਮ ਦੇ ਦੁੱਖ ਵਿੱਚ ਭਾਈਵਾਲ ਬਣਨ ਲਈ ਭਾਰੀ ਕੁਰਬਾਨੀ ਸੀ। ਦੂਜੇ ਪਾਸੇ ਜੈਨ ਨਾਮ ਤਾਂ ਬੇਸ਼ੱਕ ਆਪਣੇ ਵਰਕਰਾਂ ਦਾ ਹੀ ਲੈ ਰਿਹਾ ਕਿ ਵਿਰੋਧੀ ਧਿਰ ਵਿੱਚ ਹੋਣ ਕਰਕੇ ਉਨ੍ਹਾਂ ਦਾ ਕੋਈ ਕੰਮ ਨਹੀਂ ਕਰਾ ਸਕਦਾ ਪਰ ਅਸਲੀਅਤ ਇਹ ਹੈ ਤੇ ਤਾਂ ਉਹ ਖੁਦ ਵੀ ਮੰਨ ਰਿਹਾ ਹੈ ਕਿ ਉਸ ’ਤੇ ਦਰਜ ਹੋਏ ਕੇਸਾਂ ਵਿੱਚ ਪਾਰਟੀ ਨੇ ਉਸ ਦੀ ਮੱਦਦ ਨਹੀਂ ਕੀਤੀ ਇਸ ਲਈ ਉਹ ਸਤਾਧਾਰੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਇਸ ਦਾ ਭਾਵ ਹੈ ਕਿ ਜੈਨ ਵੱਲੋਂ ਹਮੇਸ਼ਾਂ ਪੈਸਾ ਕਮਾਉਣ, ਸਰਕਾਰੀ ਸਹੂਲਤਾਂ ਲੈਣ ਅਤੇ ਕੇਸਾਂ ਤੋ ਬਚਣ ਲਈ ਦਲਬਦਲੀ ਕਰਕੇ ਸਤਾਧਾਰੀ ਪਾਰਟੀ ਜਾਣ ਦਾ ਆਪਣਾ ਰੀਕਾਰਡ ਹੈ। ਦਲਬਦਲੂਆਂ ਦੀ ਪਾਣੀ ਪੀ ਪੀ ਨਿੰਦਾ ਕਰਨ ਵਾਲੇ ਬਾਦਲਾਂ ਨੇ ਜੈਨ ਨੂੰ ਉਪ ਚੋਣ ’ਚ ਉਮੀਦਵਾਰ ਬਣਾਉਣ ਅਤੇ ਪੰਜਾਬ ਸਟੇਟ ਵੇਅਰ ਹਾਊਸ ਦਾ ਚੇਅਰਮੈਨ ਬਣਾਉਣ ਦਾ ਲਾਲਚ ਦੇ ਕੇ ਦਲਬਦਲੀ ਕਰਵਾ ਕੇ ਦਲਬਦਲੀ ਨੂੰ ਖ਼ੁਦ ਉਤਸ਼ਾਹਤ ਕੀਤਾ ਹੈ ਜਿਹੜਾ ਕਿ ਨਿੰਦਣਯੋਗ ਹੈ ।
ਬਾਦਲ ਨੂੰ ਦਲ ਬਦਲੀ ਕਰਵਾਉਣ ਦਾ ਇਹ ਫਾਇਦਾ ਹੋਵੇਗਾ ਕਿ ਇਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਿੱਚ ਬੇਦਿਲੀ ਤੇ ਨਿਰਾਸ਼ਤਾ ਫੈਲ ਜਾਵੇਗੀ । ਕਿਉਂਕਿ ਇਸ ਸੁਆਰਥੀ ਯੁੱਗ ਵਿੱਚ ਕੋਈ ਵੀ ਅਸੂਲਾਂ ਤੇ ਵੀਚਾਰਾਂ ਲਈ ਨਹੀਂ ਬਲਕਿ ਆਪਣੇ ਨਿਜੀ ਮੁਫਾਜਾਂ ਲਈ ਹੀ ਸਿਆਸਤ ਵਿਚ ਹਨ। ਇਸ ਲਈ ਉਹ ਸਾਰੇ ਸੋਚਣਗੇ ਕਿ ਜੇ ਜੈਨ ਹਮੇਸ਼ਾਂ ਸਤਾਧਾਰੀ ਪਾਰਟੀ ਵਿੱਚ ਜਾ ਕੇ ਆਪਣੇ ਨਿਜੀ ਲਾਭ ਲੈ ਰਿਹਾ ਹੈ ਤੇ ਕੇਸਾਂ ਵਿੱਚ ਰਾਹਤ ਪ੍ਰਾਪਤ ਕਰ ਲਈ ਹੈ ਤਾਂ ਉਹ ਵਿਰੋਧੀ ਧਿਰ ਵਿੱਚ ਰਹਿ ਕੇ ਕਿਉਂ ਡਾਂਗਾਂ ਖਾਣ! ਇਸ ਸੋਚ ਤੋਂ ਪ੍ਰੇਰਣਾ ਲੈ ਕੇ ਉਹ ਧੜਾ ਧੜ ਸਤਾਧਾਰੀ ਦਲ ਵਿੱਚ ਜਾਣੇ ਸ਼ੁਰੂ ਕਰ ਦੇਣਗੇ। ਇਸ ਦਲਬਦਲੀ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਛੋਟੀਆਂ ਪਾਰਟੀਆਂ ਜਾਂ ਚੋਣਾਂ ਵਿੱਚ ਹਾਰ ਚੁੱਕੀ/ਹਾਰ ਜਾਣ ਦੀ ਸੰਭਾਵਨਾ ਵਾਲੀ ਵਿਰੋਧੀ ਪਾਰਟੀ ਨੂੰ।
   ਲੋਕਤੰਤਰ ਵਿੱਚ ਚੰਗਾ ਰਾਜ ਪ੍ਰਬੰਧ ਚਲਾਉਣ ਲਈ ਇੱਕ ਮਜਬੂਤ ਵਿਰੋਧੀ ਧਿਰ ਦੀ ਵੀ ਬਹੁਤ ਜਰੂਰਤ ਹੁੰਦੀ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣ ਰਿਹਾ ਹੈ ਇਸ ਨਾਲ ਵਿਰੋਧੀ ਧਿਰ ਦਾ ਇਕ ਤਰ੍ਹਾਂ ਭੋਗ ਪੈ ਜਾਵੇਗਾ। ਦਲਬਦਲੂ ਪਾਰਟੀ ਦੇ ਸੁਹਿਰਦ ਵਰਕਾਰਾਂ ਤੇ ਆਗੂਆਂ ਲਈ ਵੀ ਨਸੂਰ ਬਣੇ ਹੋਏ ਹਨ ਕਿਉਂਕਿ ਰਾਜ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਸ ਵਿੱਚ ਦਲਬਦਲੂਆਂ ਦੀ ਹੀ ਹਮੇਸ਼ਾਂ ਚੌਧਰ ਹੁੰਦੀ ਹੈ ਤੇ ਸੁਹਿਰਦ ਵਰਕਰ ਤੇ ਆਗੂ ਪਾਰਟੀ ਪਿਛੇ ਧੱਕੇ ਖਾਣ ਯੋਗੇ ਹੀ ਰਹਿ ਜਾਂਦੇ ਹਨ। ਇਨ੍ਹਾਂ ਦਲਬਦਲੂਆਂ ਕਾਰਣ ਹੀ ਰਾਜਨੀਤੀ ਵਿੱਚ ਵੀਚਾਰਧਾਰਾ ਅਤੇ ਸਿਧਾਂਤ ਖਤਮ ਹੋ ਕੇ ਰਹਿ ਗਏ ਹਨ ਤੇ ਭ੍ਰਿਸ਼ਟਾਚਾਰ ਹੱਦਾਂ ਬੰਨੇ ਟੱਪ ਰਿਹਾ ਹੈ, ਕਿਉਂਕਿ ਭ੍ਰਿਸ਼ਟਾਚਾਰੀ ਨੇਤਾ ਸਤਾਧਾਰੀ ਪਾਰਟੀ ਵਿੱਚ ਜਾ ਕੇ ਕੇਸਾਂ ਵਿੱਚੋ ਵਰੀ ਹੋ ਜਾਣ ਦੇ ਸਾਧਨ ਜੁਟਾ ਲੈਂਦੇ ਹਨ। ਸੋ ਦਲਬਦਲੀ ’ਤੇ ਕਾਬੂ ਪਾਉਣਾ ਜਿੱਥੇ ਲੋਕ ਹਿਤਾਂ ਵਿੱਚ ਹੈ ਉਥੇ ਪਾਰਟੀ ਦੇ ਸੁਹਿਰਦ ਵਰਕਰਾਂ ਤੇ ਆਗੂਆਂ ਦੇ ਹਿੱਤਾਂ ਵਿੱਚ ਵੀ ਹੈ।
ਮੋਗਾ ਇਕ ਕ੍ਰਾਂਤੀਕਾਰੀ ਹਲਕਾ ਮੰਨਿਆ ਜਾ ਰਿਹਾ ਹੈ ਜਿੱਥੇ ਕਈ ਲੋਕ ਹਿਤੂ ਘੋਲਾਂ ਤੇ ਅਜਾਦੀ ਘੁਲਾਟੀਆਂ ਨੇ ਜਨਮ ਲਿਆ ਹੈ। ਆਸ ਕੀਤੀ ਜਾਂਦੀ ਹੈ ਕਿ ਇਥੋਂ ਦੇ ਲੋਕ ਤੇ ਸਾਰੀਆਂ ਹੀ ਪਾਰਟੀਆਂ ਦੇ ਸੁਹਿਰਦ ਵਰਕਰ ਭਾਵੇਂ ਉਹ ਸਤਾਧਾਰੀ ਪਾਰਟੀ ਨਾਲ ਹੀ ਸਬੰਧਤ ਕਿਉਂ ਨਾ ਹੋਣ, ਉਹ ਪਰਖੇ ਹੋਏ ਦਲਬਦਲੂ ਨੂੰ ਕਰਾਰੀ ਹਾਰ ਦੇ ਕੇ ਕਿਸੇ ਚੰਗੇ ਕਿਰਦਾਰ ਵਾਲੇ ਉਮੀਦਵਾਰ ਨੂੰ ਜਿਤਾ ਕੇ ਦਲਬਦਲੀ ਨੂੰ ਨਿਰਉਤਸ਼ਾਹਤ ਕਰਨ। ਚੋਣਾਂ ਲੜ ਰਹੀਆਂ ਵਿਰੋਧੀ ਪਾਰਟੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਪ ਚੋਣਾਂ ਵਿੱਚ ਆਮ ਤੌਰ ’ਤੇ ਸਤਾਧਾਰੀ ਪਾਰਟੀਆਂ ਹੀ ਜਿੱਤ ਪ੍ਰਾਪਤ ਕਰਦੀਆਂ ਹਨ ਕਿਉਂਕਿ ਲੋਕ ਇਹ ਸਮਝ ਲੈਂਦੇ ਹਨ ਕਿ ਸਤਾਧਾਰੀ ਪਾਰਟੀ ਦਾ ਉਮੀਦਵਾਰ ਜਿੱਤ ਗਿਆ ਤਾਂ ਉਸ ਤੋਂ ਕੋਈ ਕੰਮ ਲਿਆ ਜਾ ਸਕਦਾ ਹੈ, ਵਿਰੋਧੀ ਧਿਰ ਵਾਲੇ ਤਾਂ ਆਪਣਾ ਬਚਾਉ ਆਪ ਕਰਨ ਯੋਗ ਵੀ ਨਹੀਂ ਰਹਿੰਦੇ ਇਸ ਲਈ ਉਸ ਨੂੰ ਵੋਟ ਪਾ ਕੇ ਸਾਨੂੰ ਕੀ ਮਿਲੇਗਾ ਸਗੋਂ ਵੋਟ ਹੀ ਖਰਾਬ ਹੋ ਹੋਵੇਗੀ। ਕਈ ਵਿਰੋਧੀ ਪਾਰਟੀਆਂ ਜਿੱਤਣ ਲਈ ਨਹੀਂ ਬਲਕਿ ਆਪਣੀ ਹੋਂਦ ਜਿਤਾਉਣ ਲਈ ਚੋਣਾਂ ਲੜਦੀਆਂ ਹਨ। ਆਪਣੀ ਹੋਂਦ ਬਚਾਉਣ ਵਾਲੀਆਂ ਪਾਰਟੀਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਦ ਤੱਕ ਦਲਬਦਲੂਆਂ ਦਾ ਬੋਲਬਾਲਾ ਰਹੇਗਾ ਉਨ੍ਹਾਂ ਚਿਰ ਵਿਰੋਧੀ ਪਾਰਟੀਆਂ ਤੇ ਖਾਸ ਕਰਕੇ ਛੋਟੀਆਂ ਪਾਰਟੀਆਂ ਦੀ ਹੋਂਦ ਬਚਣੀ ਸੌਖੀ ਨਹੀਂ ਹੈ ਤੇ ਸੁਹਿਰਦ ਵਰਕਰਾਂ ਤੇ ਆਗੂਆਂ ਦੀ ਵੀ ਕਿਸੇ ਪਾਰਟੀ ਵਿੱਚ ਕੋਈ ਬੁਕਤ ਨਹੀਂ ਰਹੇਗੀ । 
ਇਸ ਲਈ ਉਹ ਸਾਰੇ ਸਮੇਂ ਦੇ ਹਾਲਾਤਾਂ ਨੂੰ ਸਮਝ ਕੇ ਆਪਣੀ ਹਉਂਮੈ ਦਾ ਤਿਆਗ ਕਰਕੇ ਜਿੱਤਣਯੋਗ ਚੰਗੇ ਕਿਰਦਾਰ ਵਾਲੇ ਸਾਂਝੇ ਉਮੀਦਵਾਰ ਦੀ ਚੋਣ ਕਰਕੇ ਬਾਕੀ ਦੇ ਚੋਣ ਮੈਦਾਨ ’ਚੋਂ ਹਟਾ ਲੈਣ ਤੇ ਸਤਾਧਾਰੀ ਪਾਰਟੀ ਦੇ ਦਲਬਦਲੂ ਨੂੰ ਹਰਾ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ। ਦਲਬਦਲੀ ਦੀ ਲਾਹਨਤ ਤੋਂ ਮੁਕਤ ਹੋਣ ਲਈ ਮੌਕਾ ਪ੍ਰਸ਼ਤ ਦਲਬਦਲੂਆਂ ਨੂੰ ਸਬਕ ਸਿਖਾਉਣ ਦਾ ਮੌਕਾ ਮੋਗਾ ਹਲਕੇ ਦੇ ਵੋਟਰਾਂ ਦੇ ਹੱਥ। ਹੁਣ ਵੇਖਣਾ ਇਹ ਹੈ ਕਿ ਦਲਬਦਲੂਆਂ ਨੂੰ ਸਬਕ ਸਿਖਾ ਕੇ ਆਪਣੇਕ੍ਰਾਂਤੀਕਾਰੀ ਹੋਣ ਦਾ ਸਬੂਤ ਦਿੰਦੇ ਹਨ ਜਾਂ ਨਿਜੀ ਸੁਆਰਥਾਂ ਵਿੱਚ ਡੁੱਬ ਕੇ ਬਾਦਲ ਦੇ ਅੰਦਾਜ਼ੇ ਮੁਤਾਬਕ ਆਪਣੇ ਬੁੱਧੂ ਹੋਣ ’ਤੇ ਆਪ ਹੀ ਮੋਹਰ ਲਾਉਂਦੇ ਹਨ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.