ਸੋਈ ਧਿਆਈਐ ਜੀਅੜੇ ਸਿਰ ਸਾਹਾਂ ਪਾਤਿਸਾਹ
84 ਲਖ ਜੂਨਾਂ ਤੋਂ ਬਾਦ ਪ੍ਰਾਪਤ ਹੋਏ ਮਨੁੱਖਾ ਜਨਮ ਦੀ ਦੁਰਲਭਤਾ ਸਬੰਧੀ ਗੁਰਬਾਣੀ ਸਾਨੂੰ
‘ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ`
ਦਾ ਬਾਰ- ਬਾਰ ਚੇਤਾ ਕਰਾਉਂਦੀ ਹੈ। ਮਨੁੱਖਾ ਜਨਮ ਹੈ ਤਾਂ ਦੁਰਲਭ ਪਰ ਇਸ ਦੀ ਦੁਰਲਭਤਾ ਨੂੰ ਕਾਇਮ ਰੱਖਣ ਲਈ, ਸਫਲ ਕਰਨ ਲਈ ਮਾਰਗ ਵੀ ਗੁਰਬਾਣੀ ਹੀ ਦਸਦੀ ਹੈ। ਇਸ ਸਭ ਕੁੱਝ ਲਈ ਸਿਮਰਨ ਦਾ ਮਾਰਗ ਹੀ ਇਕੋ ਇੱਕ ਰਸਤਾ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਸਿਮਰਨ ਕਿਸ ਦਾ ਕੀਤਾ ਜਾਵੇ। ਗੁਰਬਾਣੀ ਵਿਚੋਂ ਜਵਾਬ ਮਿਲਦਾ ਹੈ -
ਸੋਈ ਧਿਆਈਐ ਜੀਅੜੇ ਸਿਰ ਸਾਹਾਂ ਪਾਤਿਸਾਹ।। (ਸਿਰੀ ਰਾਗ ਮਹਲਾ ੫–੪੪)
ਗੁਰੂ ਅਰਜਨ ਪਾਤਸ਼ਾਹ ਜੀ ਸਿਰੀ ਰਾਗ ਦੇ ਇਸ ਪਾਵਨ ਬਚਨ ਰਾਹੀਂ ਸਾਨੂੰ ਸੇਧ ਦਿੰਦੇ ਹਨ ਕਿ ਜੋ ਅਕਾਲ ਪੁਰਖ ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਦਾ ਮਾਲਕ ਹੈ, ਸਾਰਿਆਂ ਦਾ ਇਕੋ ਇੱਕ ਆਸਰਾ ਹੈ, ਉਸ ਨੂੰ ਯਾਦ ਕਰਨ ਲਈ ਆਪਣੇ ਮਨ ਦੀਆਂ ਸਾਰੀਆਂ ਸਿਆਣਪਾਂ, ਚਤੁਰਾਈਆਂ ਛਡ ਕੇ ਗੁਰੂ ਦੇ ਦਸੇ ਰਸਤੇ ਉਪਰ ਚਲਦੇ ਹੋਏ ਸਿਮਰਨ ਦੇ ਮਾਰਗ ਦੇ ਪਾਂਧੀ ਬਣ ਜਾਈਏ। ਇਸ ਤਰਾਂ ਕਰਦੇ ਹੋਏ ਆਸ ਦਾ ਪੱਲਾ ਕਦੀ ਨਾ ਛੱਡੀਏ। ਕਿਉਂਕਿ ਕਿਸੇ ਵੀ ਕਾਰਜ ਵਿਚੋਂ ਪ੍ਰਾਪਤੀ ਤਾਂ ਹੀ ਸੰਭਵ ਹੁੰਦੀ ਹੈ ਜੇਕਰ ਸਫਲਤਾ ਦੀ ਆਸ ਕਾਇਮ ਹੋਵੇ।
ਜੇਕਰ ਅਸੀਂ ਪ੍ਰਮੇਸ਼ਰ ਦੇ ਨਾਮ ਸਿਮਰਨ ਨਾਲ ਜੁੜੇ ਰਹਾਂਗੇ, ਇੱਕ ਤੇ ਭਰੋਸਾ ਰੱਖਾਂਗੇ ਤਾਂ ਪ੍ਰਭੂ
“ਜੋ ਸਰਣਿ ਆਵੈ ਤਿਸੁ ਕੰਠਿ ਲਾਵੈ` (ਬਿਹਾਗੜਾ ਛੰਤ ਮਹਲਾ ੫–੫੪੪)
ਵਾਲੇ ਆਪਣੇ ਬਿਰਦ ਬਾਣੇ ਦੀ ਲਾਜ ਰਖਦਾ ਹੋਇਆ ਸਾਡੇ ਤੇ ਬਖਸ਼ਿਸ਼ ਜ਼ਰੂਰ ਕਰੇਗਾ। ਸਾਡੇ ਜੀਵਨ ਵਿਚੋਂ ਦੁਖਾਂ ਦਾ ਨਾਸ, ਅਉਗਣਾਂ ਤੋਂ ਛੁਟਕਾਰਾ, ਆਲਸ ਤੋਂ ਨਿਰਲੇਪਤਾ ਦੀ ਪ੍ਰਾਪਤੀ ਹੋ ਕੇ ਸਦੀਵੀ ਸੁਖਾਂ ਨਾਲ ਜੁੜਣ ਵਾਲੀ ਅਵਸਥਾ ਬਣ ਜਾਵੇਗੀ।
ਇਸ ਸਬੰਧ ਵਿੱਚ ਗੁਰਬਾਣੀ ਫੁਰਮਾਣ ਹੈ-
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ।।
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ।।
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ।। (ਪਉੜੀ-ਸਿਰੀ ਰਾਗ ਦੀ ਵਾਰ-੮੮)
ਪ੍ਰਭੂ ਹਰ ਸਮੇਂ ਹਰ ਸਥਾਨ ਤੇ ਵਿਆਪਕ ਹੈ, ਸਾਰਿਆਂ ਦੇ ਨਾਲ ਜੋਤ ਰੂਪ ਵਿੱਚ ਮੌਜੂਦ ਹੈ, ਬਸ ਲੋੜ ਪ੍ਰਭੂ ਦੀ ਹੋਂਦ ਰੂਪੀ ਇਸ ਅਹਿਸਾਸ ਨੂੰ ਕਾਇਮ ਰੱਖਣ ਦੀ ਹੈ। ਜਿਨ੍ਹਾਂ ਦੇ ਜੀਵਨ ਅੰਦਰ ਪ੍ਰਮੇਸ਼ਰ ਪ੍ਰਤੀ ਇਹ ਅਹਿਸਾਸ ਕਾਇਮ ਹੋ ਜਾਂਦਾ ਹੈ ਉਹ ਜੀਵਨ ਦੇ ਹਰ ਖੇਤਰ ਅੰਦਰ, ਹਰ ਸਥਾਨ, ਹਰ ਸਮੇਂ ਪ੍ਰਮੇਸ਼ਰ ਨੂੰ ਅਪਣੇ ਅੰਗ ਸੰਗ ਸਮਝਦੇ ਹੋਏ ਜੀਵਨ ਦਾ ਭਰਪੂਰ ਅਨੰਦ ਮਾਣਦੇ ਹਨ, ਐਸੇ ਜੀਵਨ ਵਾਲੇ ਮਨੁਖ ਲੋਕ ਪ੍ਰਲੋਕ ਵਿੱਚ ਸ਼ੋਭਨੀਕ ਹੋ ਜਾਂਦੇ ਹਨ -
ਸਜਣ ਸਚਾ ਪਾਤਿਸਾਹ ਸਿਰਿ ਸਾਹਾਂ ਦੇ ਸਾਹੁ।।
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੁ।। (ਸਲੋਕ ਮਹਲਾ ੫–੧੪੨੬)
ਪ੍ਰਮੇਸ਼ਰ ਨੂੰ ਨਿਤ ਧਿਆਉਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਪ੍ਰਮੇਸ਼ਰ ਦੇ ਗੁਣਾਂ ਨੂੰ ਯਾਦ ਰਖਦੇ ਹੋਏ ਧਿਆਈਏ। ਉਹ ਪ੍ਰਭੂ ਸਾਰੀਆਂ ਇਛਾਵਾਂ ਪੂਰੀਆਂ ਕਰਨ ਦੇ ਸਮਰਥ ਹੈ, ਸਾਰੇ ਸੁਖਾਂ ਦਾ ਦਾਤਾ ਹੈ, ਲੋਕ ਪ੍ਰਲੋਕ ਨੂੰ ਸਵਾਰਣ ਵਾਲਾ ਹੈ। ਇਸ ਤਰਾਂ ਭਰੋਸਾ ਬਣਾ ਕੇ ਜਪਣ ਸਬੰਧੀ ਗੁਰੂ ਰਾਮਦਾਸ ਜੀ ਧਨਾਸਰੀ ਰਾਗ ਵਿੱਚ ਬਚਨ ਕਰਦੇ ਹਨ-
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ।।
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ।।
ਜਪਿ ਮਨ ਸਤਿਨਾਮੁ ਸਦਾ ਸਤਿਨਾਮੁ।।
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ।। (ਧਨਾਸਰੀ ਮਹਲਾ ੪–੬੬੯)
ਪ੍ਰਮੇਸ਼ਰ ਨੂੰ ਧਿਆਉਣ ਵਿਚੋਂ ਮਿਲਦੀਆਂ ਬਖਸ਼ਿਸ਼ਾਂ ਪ੍ਰਤੀ ਜਦੋਂ ਮਨ ਅੰਦਰ ਧਰਵਾਸ ਬਣਦਾ ਹੈ ਤਾਂ ਇੱਕ ਸਵਾਲ ਖੜਾ ਹੁੰਦਾ ਹੈ ਕਿ ਉਸ ਨੂੰ ਧਿਆਉਣ ਲਈ ਕਿਹੜਾ ਸਮਾਂ ਉਤਮ ਹੋ ਸਕਦਾ ਹੈ, ਇਸ ਸਵਾਲ ਦਾ ਜਵਾਬ ਲਭਦਿਆਂ ਜਦੋਂ ਅਸੀਂ ਗੁਰਬਾਣੀ ਦੀ ਖੋਜ ਕਰਦੇ ਹਾਂ ਤਾਂ ਗੁਰਬਾਣੀ
‘ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ` (ਸਿਰੀ ਰਾਗੁ ਮਹਲਾ ੩–੩੫)
ਰੂਪੀ ਨਵਾਂ ਸਵਾਲ ਖੜਾ ਕਰ ਦਿੰਦੀ ਹੈ। ਪ੍ਰੰਤੂ ਗੁਰਬਾਣੀ ਜਿਥੇ ਸਵਾਲ ਖੜੇ ਕਰਦੀ ਹੈ ਉਥੇ ਜਵਾਬ ਵੀ ਗੁਰਬਾਣੀ ਵਿੱਚ ਮੌਜੂਦ ਹਨ ਬਸ ਲੋੜ ਖੋਜਣ ਵਾਲੀ ਬਿਰਤੀ ਦੀ ਹੈ। ਇਸ ਸਬੰਧੀ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ-
ਊਠਤ ਬੈਠਤ ਸੋਵਤ ਧਿਆਈਐ।।
ਮਾਰਗਿ ਚਲਤ ਹਰੇ ਹਰਿ ਗਾਈਐ।। (ਆਸਾ ਮਹਲਾ ੫–੩੮੬)
ਇਸੇ ਪ੍ਰਥਾਇ ਹੋਰ ਗੁਰਵਾਕ ਹਨ:-
ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ।। (ਆਸਾ ਮਹਲਾ ੫–੪੦੧)
ਗੁਰਬਾਣੀ ਸਾਨੂੰ ਪ੍ਰਮੇਸ਼ਰ ਨੂੰ ਧਿਆਉਣ ਪ੍ਰਤੀ ਪ੍ਰੇਰਤ ਕਰਨ ਲਈ ਸਿਮਰਨ ਦੁਆਰਾ ਉਚ ਅਵਸਥਾ ਪ੍ਰਾਪਤ ਕਰਨ ਵਾਲਿਆਂ ਦੀਆਂ ਅਨੇਕਾਂ ਉਦਾਹਰਣਾਂ ਦੇ ਕੇ ਸਮਝਾਉਂਦੀ ਹੈ। ਇਸ ਨਾਮ ਧਿਆਉਣ ਦੇ ਰਸਤੇ ਵਿੱਚ ਕੋਈ ਵੀ ਜਾਤ-ਪਾਤ, ਊਚ-ਨੀਚ, ਛੂਤ-ਛਾਤ ਆਦਿ ਰੁਕਾਵਟ ਨਹੀਂ ਪਾਉਂਦੇ ਸਗੋਂ ਗੁਰਬਾਣੀ ਤਾਂ ਸ਼ਪਸ਼ਟ ਕਰਦੀ ਹੈ ਕਿ ਜਿਸ ਕਿਸੇ ਨੇ ਵੀ ਇਸ ਮਾਰਗ ਦੀ ਵਰਤੋਂ ਗੁਰੂ ਦਰਸਾਈ ਜੁਗਤ ਅਨੁਸਾਰ ਕੀਤੀ ਹੈ ਉਹ ਬਿਨਾਂ ਕਿਸੇ ਰੁਕਾਵਟ ਤੋਂ ਪ੍ਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ, ਜਿਥੇ ਉਹ ਆਪ ਪ੍ਰਵਾਨ ਹੁੰਦੇ ਹਨ, ਉਹ ਹੋਰਨਾਂ ਨੂੰ ਵੀ ਇਸ ਮਾਰਗ ਤੇ ਤੋਰਣ ਵਿੱਚ ਸਹਾਈ ਹੋ ਕੇ ਪਾਰ ਉਤਾਰਾ ਕਰਨ ਵਿੱਚ ਸਹਾਇਕ ਹੋ ਜਾਂਦੇ ਹਨ -
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ।।
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ।। (ਬਾਰਹਮਾਹ ਮਾਝ ਮਹਲਾ ੫–੧੩੬)
ਇਸੇ ਪੱਖ ਨੂੰ ਗੁਰੂ ਨਾਨਕ ਜੀ ਨੇ ਜਪੁਜੀ ਸਾਹਿਬ ਦੇ ਅੰਤਿਮ ਸਲੋਕ ਵਿੱਚ ਨਾਮ ਧਿਆਉਣ ਨੂੰ ਮੁਸ਼ੱਕਤ ਲਿਖਦੇ ਹੋਏ ਸਪਸ਼ਟ ਕੀਤਾ ਹੈ-
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ।।
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।। (ਜਪੁ – ੮)
ਨਾਮ ਧਿਆਉਣ ਵਾਲਿਆਂ ਦੀ ਜੀਵਨ ਜਾਚ ਵਿੱਚ ਜਿਕਰਯੋਗ ਹਾਂ-ਪੱਖੀ ਤਬਦੀਲੀ ਆਉਣਾ ਅਤੀ ਜ਼ਰੂਰੀ ਹੈ ਜੇ ਐਸਾ ਦਿਖਾਈ ਨਹੀਂ ਦਿੰਦਾ ਤਾਂ ਇਸ ਸਬੰਧੀ ਗੁਰਮਤਿ ਦੇ ਮਹਾਨ ਵਿਦਵਾਨ ਭਾਈ ‘ਕਾਨ੍ਹ ਸਿੰਘ ਨਾਭਾ` ਦੇ ਗੁਰਮਤਿ ਮਾਰਤੰਡ (ਪੰਨਾ 629) ਵਿੱਚ ਦਰਜ ਸ਼ਬਦ ਧਿਆਨਯੋਗ ਹਨ-
“ਜੋ ਨਿਰਭਉ ਸਿਮਰ ਕੇ ਭੈ ਰਹਿਤ ਨਹੀਂ ਹੋਇਆ, ਨਿਰਵੈਰ ਨੂੰ ਧਿਆ ਕੇ ਕਿਸੇ ਨਾਲ ਦਿਲੀ ਵੈਰ ਰੱਖਦਾ ਹੈ, ਪਤਿਤ ਪਾਵਨ ਆਖਦਾ ਹੋਇਆ ਛੂਤ-ਛਾਤ ਦੇ ਬੰਧਨਾਂ ਵਿੱਚ ਬੱਧਾ ਹੈ, ਅਕਾਲ-ਅਕਾਲ ਉਚਾਰਣ ਕਰਦਾ ਮੌਤੋਂ ਡਰਦਾ ਹੈ, ‘ਜਾਤ ਅਰੁ ਪਾਤਿ ਨਹਿਨ ਜਿਹ` ਨਿਤ ਜਪ ਕੇ ਜਾਤਿ ਗੋਤ ਦੇ ਭ੍ਰਮ ਚੱਕ੍ਰ ਵਿੱਚ ਗੇੜੇ ਖਾਂਦਾ ਹੈ, ਉਸ ਦਾ ਨਾਮ ਅਥਵਾ ਕਥਨ ਮਾਤ੍ਰ ਸਿਮਰਨ ਕੇਵਲ ਪਾਖੰਡ ਹੈ, ਵਾਸਤਵ ਵਿੱਚ ਉਸ ਨੇ ਨਾਮ ਨੂੰ ਮੰਨਿਆ ਹੀ ਨਹੀਂ। “
ਜਿਹੜੇ ਮਨੁੱਖ ਪ੍ਰਭੂ ਨੂੰ ਧਿਆਉਣ ਦਾ ਕਾਰਜ ਕੇਵਲ ਬਾਹਰੀ ਤੌਰ ਤੇ ਕਰਦੇ ਹਨ, ਮਨ ਕਰਕੇ ਨਹੀਂ ਐਸੇ ਮਨੁਖਾਂ ਦਾ ਸਿਮਰਨ ਕਦੀ ਵੀ ਪ੍ਰਵਾਨ ਨਹੀਂ ਹੋ ਸਕਦਾ, ਐਸੇ ਕਪਟੀ ਮਨੁਖਾਂ ਦਾ ਪਾਜ ਇੱਕ ਦਿਨ ਉਘੜ ਹੀ ਜਾਣਾ ਹੈ -
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ।।
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ।। (ਆਸਾ ਮਹਲਾ ੪–੪੫੦)
ਐਸੇ ਦੋਹਰੇ ਜੀਵਨ ਵਾਲੇ ਮਨੁਖ ਆਪਣਾ ਜੀਵਨ ਬਤੀਤ ਜਰੂਰ ਕਰਦੇ ਹਨ, ਭਾਵੇਂ ਦੁਨਿਆਵੀ ਖੱਟੀ, ਕਮਾਈ ਵੀ ਕਰ ਲੈਂਦੇ ਹਨ, ਰਾਜ ਭਾਗਾਂ ਦੇ ਮਾਲਕ ਵੀ ਬਣ ਜਾਂਦੇ ਹਨ, ਪ੍ਰੰਤੂ ਪ੍ਰਮੇਸ਼ਰ ਦੇ ਦਰ ਘਰ ਵਿੱਚ ਕਦੀ ਪ੍ਰਵਾਨ ਨਹੀ ਹੋ ਸਕਦੇ, ਪ੍ਰਭੂ ਦੀ ਨਜ਼ਰ ਵਿੱਚ ਜੀਵਨ ਬਾਜ਼ੀ ਹਾਰ ਕੇ ਹੀ ਇਸ ਸੰਸਾਰ ਤੋਂ ਖਾਲੀ ਹੱਥ ਹੀ ਚਲੇ ਜਾਂਦੇ ਹਨ। ਟੋਡੀ ਰਾਗ ਅੰਦਰ ਪੰਚਮ ਪਾਤਸ਼ਾਹ ਦਾ ਪਾਵਨ ਬਚਨ ਹੈ-
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ।।
ਨਵ ਖੰਡਨ ਕੋ ਰਾਜ ਕਮਾਵੈ ਅੰਤਿ ਚਲੈਗੋ ਹਾਰੀ।। (ਟੋਡੀ ਮਹਲਾ ੫–੭੧੨)
ਸੋ ਜਰੂਰੀ ਹੈ ਕਿ ਦੁਰਲਭ ਮਨੁਖਾ ਜੀਵਨ ਦੀ ਪੂਰਨ ਸਫਲਤਾ ਲਈ ਗੁਰੂ ਪਾਤਸ਼ਾਹ ਦੇ ਹੁਕਮ
‘ਸੋਈ ਧਿਆਈਐ ਜੀਅੜੇ ਸਿਰ ਸਾਹਾਂ ਪਾਤਿਸਾਹ`
ਨੂੰ ਮੁਖ ਰਖਦੇ ਹੋਏ ਆਪਣੇ ਜੀਵਨ ਵਿੱਚ ਸਿਮਰਨ ਦਾ ਪੱਲਾ ਹਮੇਸ਼ਾਂ ਫੜ ਕੇ ਰੱਖੀਏ। ਇਸ ਮਾਰਗ ਤੇ ਚਲਦਿਆਂ ਹੋਇਆਂ ਇਹ ਭਰੋਸਾ ਪ੍ਰਪੱਕ ਰੱਖੀਏ ਕਿ ਇੱਕ ਨਾ ਇੱਕ ਦਿਨ ਸਾਡੀ ਅਵਸਥਾ ਵੀ ਪ੍ਰਮੇਸ਼ਰ ਦੀ ਕ੍ਰਿਪਾ ਨਾਲ ਐਸੀ ਜਰੂਰ ਬਣ ਜਾਵੇਗੀ-
ਤੈਡੇ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ।।
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ।। (ਵਾਰ ਗੂਜਰੀ ਮਹਲਾ ੫–੫੨੦)
**********
ਸੁਖਜੀਤ ਸਿੰਘ ਕਪੂਰਥਲਾ
98720-76876
ਈ. ਮੇਲ-sukhjit.singh69@yahoo.com
ਸੁਖਜੀਤ ਸਿੰਘ ਕਪੂਰਥਲਾ
ਸੋਈ ਧਿਆਈਐ ਜੀਅੜੇ ਸਿਰ ਸਾਹਾਂ ਪਾਤਿਸਾਹ
Page Visitors: 2698