ਰੀਓ ਓਲੰਪਿਕ – ਹਾਕੀ ਵਿੱਚ ਭਾਰਤ ਦੀ ਆਇਰਲੈਂਡ ’ਤੇ ਸੰਘਰਸ਼ਪੂਰਨ ਜਿੱਤ
ਰੀਓ ਡੀ ਜਨੇਰੋ, 6 ਅਗਸਤ (ਪੰਜਾਬ ਮੇਲ)- ਡਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਭਾਰਤ ਨੇ ਰੀਓ ਓਲੰਪਿਕ ਵਿੱਚ ਆਪਣੀ ਮੁਹਿੰਮ ਦੀ ਜਿੱਤ ਨਾਲ ਸ਼ੁਰੂਆਤ ਕਰਦਿਆਂ ਗਰੁੱਪ ਬੀ ਵਿੱਚ ਆਇਰਲੈਂਡ ਨੂੰ 3-2 ਦੀ ਮਾਤ ਦਿੱਤੀ। ਭਾਰਤ ਨੇ ਮੁਕਾਬਲੇ ਵਿੱਚ ਇਕ ਸਮੇਂ 2-0 ਤੇ ਮਗਰੋਂ 3-1 ਦੀ ਲੀਡ ਲਈ, ਪਰ ਆਇਰਲੈਂਡ ਨੇ ਮੈਚ ਦੇ ਆਖਰੀ ਪਲਾਂ ’ਚ ਸਕੋਰ 2-3 ਕਰ ਦਿੱਤਾ। ਆਖਰੀ ਮਿੰਟਾਂ ਵਿੱਚ ਭਾਰਤ ਨੇ ਆਪਣੀ ਰੱਖਿਆ ਲਾਈਨ ਨੂੰ ਮਜ਼ਬੂਤ ਕਰਦਿਆਂ ਆਇਰਿਸ਼ ਟੀਮ ਦੇ ਹੱਲਿਆਂ ਨੂੰ ਨਾਕਾਮ ਕੀਤਾ। ਭਾਰਤ ਲਈ ਪਹਿਲਾ ਗੋਲ 15ਵੇਂ ਮਿੰਟ ਵਿੱਚ ਵੀ.ਆਰ.ਰਘੂਨਾਥ ਨੇ ਪੈਨਲਟੀ ਕਾਰਨਰ ’ਤੇ ਕੀਤਾ। ਰੁਪਿੰਦਰ ਨੇ 27ਵੇਂ ਤੇ 49ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਆਇਰਲੈਂਡ ਲਈ ਜਾਨ ਜਰਮੇਨ ਤੇ ਕੋਨਰ ਹਾਰਤੇ ਨੇ ਕ੍ਰਮਵਾਰ 45ਵੇਂ ਤੇ 56ਵੇਂ ਮਿੰਟ ਵਿੱਚ ਗੋਲ ਕੀਤੇ। ਦਸ ਸਾਲ ਦੇ ਵਕਫ਼ੇ ਮਗਰੋਂ ਭਾਰਤ ਦੀ ਓਲੰਪਿਕ ਵਿੱਚ ਇਹ ਪਲੇਠੀ ਜਿੱਤ ਹੈ। ਇਸ ਦੌਰਾਨ ਇਸੇ ਗਰੁੱਪ ਦੇ ਇਕ ਹੋਰ ਮੁਕਾਬਲੇ ਵਿੱਚ ਅਰਜਨਟੀਨਾ ਤੇ ਨੀਦਰਲੈਂਡ ਵਿਚਾਲੇ ਖੇਡਿਆ ਗਿਆ ਮੈਚ 3-3 ਨਾਲ ਡਰਾਅ ਰਿਹਾ।
ਟੇਬਲ ਟੈਨਿਸ ’ਚ ਹਾਰ
ਮੌਮਾ ਦਾਸ ਤੇ ਮਾਨਿਕ ਬੱਤਰਾ ਟੇਬਲ ਟੈਨਿਸ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਪਹਿਲੇ ਦੌਰ ’ਚੋਂ ਹਾਰ ਕੇ ਬਾਹਰ ਹੋ ਗਈਆਂ। ਮੌਮਾ ਨੂੰ ਰੋਮਾਨੀਆ ਦੀ ਡੈਨੀਅਲ ਡੋਡੀਨ ਮੌਂਟੀਰੋ ਨੇ 2-11, 7-11, 7-11 ਤੇ 3-11 ਨਾਲ ਹਰਾਇਆ। ਉਧਰ ਆਪਣਾ ਪਲੇਠਾ ਓਲੰਪਿਕ ਮੁਕਾਬਲਾ ਖੇਡ ਰਹੀ ਮਾਨਿਕਾ ਬੱਤਰਾ ਨੇ ਕੁਝ ਚੁਣੌਤੀ ਪੇਸ਼ ਕੀਤੀ ਤੇ ਉਹ ਪੋਲੈਂਡ ਦੀ ਕਤਾਰਜ਼ਾਇਨਾ ਕੋਲੋਂ 2-4(12-10, 6-11, 12-14, 11-8, 4-11, 12-14) ਹਾਰ ਗਈ।