ਆਪ’ ਨੇ ਰੋਕੀ ਉਮੀਦਵਾਰਾਂ ਦੀ ਸੂਚੀ
‘ਚ ਬਾਗੀ ਸੁਰਾਂ ਉੱਭਰਣ ਦਾ ਖ਼ਤਰਾ
ਚੰਡੀਗੜ੍ਹ, 1 ਅਗਸਤ (ਪੰਜਾਬ ਮੇਲ)- ਅਗਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਵਿੱਚ ਵੀ ਬਾਗੀ ਸੁਰਾਂ ਉੱਭਰ ਸਕਦੀਆਂ ਹਨ। ਇਸ ਬਗਾਵਤ ਦਾ ਕਾਰਨ ਵਿਧਾਨ ਸਭਾ ਚੋਣ ਲਈ ਉਮੀਦਵਾਰੀ ਦੀ ਦੌੜ ਹੋ ਸਕਦੀ ਹੈ। ਸ਼ਾਇਦੇ ਇਸੇ ਕਰਕੇ ‘ਆਪ’ ਵੱਲੋਂ ਉਮੀਦਵਾਰਾਂ ਦੀ ਸੂਚੀ ਲਟਕਾਈ ਜਾ ਰਹੀ ਹੈ। ‘ਆਪ’ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਸੀਟ ਦੇ 15 ਤੋਂ 20 ਦਾਅਵੇਦਾਰ ਹਨ। ‘ਆਪ’ ਲਈ ਬਿਪਤਾ ਬਣ ਗਈ ਹੈ ਕਿ ਇਨ੍ਹਾਂ ਵਿੱਚ ਕਿਸ ਉਮੀਦਵਾਰ ਨੂੰ ਚੁਣਿਆ ਜਾਵੇ। ‘ਆਪ’ ਨੇ ਸਭ ਤੋਂ ਪਹਿਲਾਂ 26 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਸੀ। ਇਨ੍ਹਾਂ ਸੀਟਾਂ ਲਈ ਵਲੰਟੀਅਰਾਂ ਤੋਂ ਉਮੀਦਵਾਰਾਂ ਦੇ ਨਾਂ ਬਾਰੇ ਸੁਝਾਅ ਮੰਗੇ ਸਨ। ਵਲੰਟੀਅਰਾਂ ਵੱਲੋਂ 26 ਸੀਟਾਂ ਲਈ 500 ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਹੈ।
ਸਕਰੀਨਿੰਗ ਕਮੇਟੀ ਲਈ 500 ਉਮੀਦਵਾਰਾਂ ਵਿੱਚੋਂ ਛਾਂਟੀ ਕਰਨਾ ਸਿਰਦਰਦੀ ਬਣ ਗਿਆ ਹੈ। ਪਤਾ ਲੱਗਾ ਹੈ ਕਿ ਸਕਰੀਨਿੰਗ ਕਮੇਟੀ ਨੇ ਇਨ੍ਹਾਂ ਵਿੱਚੋਂ 130 ਨਾਂ ਛਾਂਟ ਲਏ ਹਨ। ਇਸ ਦੇ ਬਾਵਜੂਦ ਹਰੇਕ ਹਲਕੇ ਵਿੱਚ ਪੰਜ ਤੋਂ ਸੱਤ ਉਮੀਦਵਾਰ ਬਣਦੇ ਹਨ। ਇਹ ਉਹ ਉਮੀਦਵਾਰ ਹਨ ਜਿਹੜੇ ਆਪਣੀ ਦਾਅਵੇਦਾਰੀ ਮਜ਼ਬੂਤ ਸਮਝਦੇ ਹਨ। ਇਸ ਬਾਰੇ ਅੰਤਮ ਫ਼ੈਸਲਾ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਵੱਲੋਂ ਕੀਤਾ ਜਾਵੇਗਾ। ਪੀਏਸੀ ਦੇ ਮੁਖੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹਨ ਜਦੋਂਕਿ ਐਮਪੀ ਭਗਵੰਤ ਮਾਨ ਤੇ ਐਮਪੀ ਪ੍ਰੋ. ਸਾਧੂ ਸਿੰਘ ਇਸ ਦੇ ਮੈਂਬਰ ਹਨ। ਕੇਜਰੀਵਾਲ ਅਗਲੇ 10 ਦਿਨ ਛੁੱਟੀ ‘ਤੇ ਹਨ। ਇਸ ਲਈ ‘ਆਪ’ ਦੀ ਪਹਿਲੀ ਸੂਚੀ ਕੁਝ ਦਿਨ ਹੋਰ ਅਟਕ ਸਕਦੀ ਹੈ। ‘ਆਪ’ ਦੇ ਸੂਤਰਾਂ ਮੁਤਾਬਕ ਪੀਏਸੀ ਤੋਂ ਹਰੀ ਝੰਡੀ ਬਾਅਦ ਪਾਰਟੀ ਵੱਲੋਂ ਜਲਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾਵੇਗੀ।