ਖ਼ਬਰਾਂ
ਕੁਰਾਨ ਬੇਅਦਬੀ ਮਾਮਲਾ; ‘ਆਪ’ ਦੇ ਨਰੇਸ਼ ਯਾਦਵ ਨੇ ਅਦਾਲਤ ‘ਚ ਪੇਸ਼ੀ ਭੁਗਤੀ
Page Visitors: 2484
ਕੁਰਾਨ ਬੇਅਦਬੀ ਮਾਮਲਾ; ‘ਆਪ’ ਦੇ ਨਰੇਸ਼ ਯਾਦਵ ਨੇ ਅਦਾਲਤ ‘ਚ ਪੇਸ਼ੀ ਭੁਗਤੀ
Posted On 02 Aug 2016
ਮਾਲੇਰਕੋਟਲਾ, 1 ਅਗਸਤ (ਪੰਜਾਬ ਮੇਲ)- ‘ਆਪ’ ਵਿਧਾਇਕ ਨਰੇਸ਼ ਯਾਦਵ ਨੇ ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟੇਰਟ ਸ਼੍ਰੀਮਤੀ ਪ੍ਰੀਤੀ ਸੁਖੀਜਾ ਦੀ ਅਦਾਲਤ ‘ਚ ਮਾਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ਸਬੰਧੀ ਪੇਸ਼ੀ ਭੁਗਤੀ। ਬਾਕੀ ਤਿੰਨੇ ਮੁਲਜ਼ਮਾਂ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਨੇ ਵੀਡੀਓ ਕਾਨਫਰੰਸ ਜ਼ਰੀਏ ਪੇਸ਼ੀ ਭੁਗਤੀ।
ਸ਼੍ਰੀ ਯਾਦਵ ਵੱਲੋਂ ਅੱਜ ਐਡਵੋਕੇਟ ਰਜਿਤ ਗੌਤਮ, ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਐਡਵੋਕੇਟ ਗੋਬਿੰਦਰ ਮਿੱਤਲ ਪੇਸ਼ ਹੋਏ। ਅਦਾਲਤ ਨੇ ਮੁਲਜ਼ਮ ਵਿਜੇ ਕੁਮਾਰ, ਨੰਦ ਕਿਸ਼ੋਰ ਅਤੇ ਗੌਰਵ ਦੀ ਅਗਲੀ ਪੇਸ਼ੀ 14 ਅਗਸਤ ਅਤੇ ਵਿਧਾਇਕ ਸ਼੍ਰੀ ਯਾਦਵ ਦੀ ਅਗਲੀ ਪੇਸ਼ੀ 12 ਸਤੰਬਰ ਨੂੰ ਤੈਅ ਕੀਤੀ ਹੈ।
ਪੇਸ਼ੀ ਭੁਗਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਰੇਸ਼ ਯਾਦਵ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਬੇਕਸੂਰ ਹਨ। ਉਨ੍ਹਾਂ ਦਾ ਸਾਲ 2000 ‘ਚ ਦਿੱਲੀ ‘ਚ ਇੱਕ ਕੋਰਸ ਕਰਨ ਦੌਰਾਨ ਜਮਾਤੀ ਰਹਿਣ ਤੋਂ ਇਲਾਵਾ ਮੁੱਖ ਮੁਲਜ਼ਮ ਵਿਜੇ ਕੁਮਾਰ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ‘ਚ ‘ਆਪ’ ਦੀ ਹੋ ਰਹੀ ਚੜ੍ਹਤ ਤੋਂ ਬੁਖਲਾਹਟ ਵਿਚ ਆ ਕੇ ਆਰ.ਐੱਸ.ਐੱਸ. ਦਾ ਪ੍ਰਚਾਰਕ ਰਹੇ ਵਿਜੇ ਕੁਮਾਰ ਨਾਲ ਮਿਲ ਕੇ ਕਥਿਤ ਤੌਰ ‘ਤੇ ਇਹ ਸ਼ਾਜਿਸ਼ ਰਚੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਵਿਰੋਧੀਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰ ਰਹੀ ਹੈ। ਲੋਕ ਅਕਾਲੀ-ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣ ਲਈ 2017 ਦੀ ਵਿਧਾਨ ਚੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਪੁਲਿਸ ਨੇ ਕਥਿਤ ਸਰਕਾਰੀ ਦਬਾਅ ਹੇਠ ਉਨ੍ਹਾਂ ਨਾਲ ਮਾੜਾ ਸਲੁਕ ਕੀਤਾ।