ਨਾਡਾ ਵੱਲੋਂ ਨਰਸਿੰਘ ਡੋਪਿੰਗ ਦੇ ਦੋਸ਼ ਤੋਂ ਬਰੀ
ਲਗਪਗ ਇਕ ਹਫ਼ਤੇ ਤੋਂ ਚੱਲ ਰਹੇ ਇਸ ਡਰਾਮੇ ਦਾ ਅੱਜ ਸਨਸਨੀਖੇਜ਼ ਅੰਤ ਕਰਦਿਆਂ ਨਾਡਾ ਦੇ ਡੀ ਜੀ ਨਵੀਨ ਅਗਰਵਾਲ ਨੇ ਯਾਦਵ ਨੂੰ ਡੋਪਿੰਗ ਦੇ ਦੋਸ਼ ਤੋਂ ਸਾਫ਼ ਬਰੀ ਕਰ ਦਿੱਤਾ। ਨਾਡਾ ਨੇ 25 ਜੂਨ ਨੂੰ ਨਰਸਿੰਘ ਦੇ ਲਏ ਟੈਸਟ ਵਿੱਚ ਪਾਬੰਦੀਸ਼ੁਦਾ ਦਵਾ ਮੀਥੇਨਡਾਇਨੋਨ ਦੇ ਅੰਸ਼ ਪਾਏ ਗਏ ਸਨ। ਸ੍ਰੀ ਅਗਰਵਾਲ ਨੇ ਫ਼ੈਸਲਾ ਪੜ੍ਹ ਕੇ ਸੁਣਾਉਂਦਿਆਂ ਕਿਹਾ ‘‘ ਅਸੀਂ ਇਸ ਗੱਲ ’ਤੇ ਧਿਆਨ ਦਿੱਤਾ ਕਿ 2 ਜੂਨ ਤੱਕ ਉਸ ਦਾ ਕੋਈ ਵੀ ਸੈਂਪਲ ਪਾਜ਼ੇਟਿਵ ਨਹੀਂ ਆਇਆ ਸੀ। ਯਕਦਮ ਦਵਾ ਲੈਣ ਦੀ ਇਹ ਗੱਲ ਸਮਝ ਤੋਂ ਬਾਹਰ ਸੀ। ਪੈਨਲ ਦਾ ਖਿਆਲ ਸੀ ਕਿ ਇਸ ਤਰ੍ਹਾਂ ਦਾ ਕਦਮ ਜਾਣ ਬੁੱਝ ਕੇ ਕੀਤਾ ਨਹੀਂ ਹੋ ਸਕਦਾ। ਲਿਹਾਜਾ, ਪੈਨਲ ਨੇ ਸਿੱਟਾ ਕੱਢਿਆ ਕਿ ਅਥਲੀਟ ਨਾਡਾ ਦੇ ਐਂਟੀ ਡੋਪਿੰਗ ਕੋਡ ਦੀ ਧਾਰਾ 10.4 ਦਾ ਲਾਭ ਲੈਣ ਦਾ ਹੱਕਦਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ 5 ਜੁਲਾਈ ਦੇ ਸੈਂਪਲ ਵਿਚ ਉਸ ਸੈਂਪਲ ਨਾਲੋਂ ਅੰਸ਼ ਕਾਫ਼ੀ ਘੱਟ ਸਨ ਜੋ 25 ਜੂਨ ਨੂੰ ਲਿਆ ਗਿਆ ਸੀ। ਨਰਸਿੰਘ ਨੇ ਇਸ ਫ਼ੈਸਲੇ ਨਾਲ ਸੁੱਖ ਦਾ ਸਾਹ ਲੈਂਦਿਆਂ ਕਿਹਾ ਕਿ ਉਹ ਓਲੰਪਿਕਸ ਵਿਚ ਜਾਣ ਤੇ ਦੇਸ਼ ਲਈ ਤਮਗਾ ਜਿੱਤ ਕੇ ਲਿਆਉਣ ਲਈ ਉਤਸੁਕ ਹੈ। ਉਸ ਨੇ ਕਿਹਾ ‘‘ ਸੱਚਾਈ ਦੀ ਜਿੱਤ ਹੋਈ ਹੈ। ਇਸ ਨਾਲ ਇਹ ਵੀ ਤੈਅ ਹੋ ਗਿਆ ਕਿ ਇਸ ਤਰ੍ਹਾਂ ਦਾ ਮਜ਼ਾਕ ਕਿਸੇ ਵੀ ਖਿਡਾਰੀ ਨਾਲ ਨਹੀਂ ਹੋਣਾ ਚਾਹੀਦਾ। ਇਹ ਬਹੁਤ ਵੱਡੀ ਜਿੱਤ ਹੈ। ਮੈਂ ਜਾਣਦਾ ਸੀ ਕਿ ਮੈਂ ਸਹੀ ਹਾਂ ਤੇ ਮੈਨੂੰ ਇਨਸਾਫ਼ ਦਾ ਭਰੋਸਾ ਸੀ। ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਕਿ ਨਰਸਿੰਘ ਨੂੰ ਓਲੰਪਿਕ ਦਲ ਵਿਚ ਮੁੜ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਂਡ ਤੋਂ ਬਾਅਦ 74 ਕਿਲੋ ਵਰਗ ਵਿਚ ਭਾਰਤੀ ਕੋਟੇ ਤਹਿਤ ਨਰਸਿੰਘ ਦੀ ਥਾਂ ਪਰਵੀਨ ਰਾਣਾ ਨੂੰ ਭੇਜਣ ਦਾ ਫ਼ੈਸਲਾ ਕੀਤਾ ਗਿਆ ਸੀ।