10,000 ਭਾਰਤੀ ਕਾਮੇ ਸਾਊਦੀ ਅਰਬ ‘ਚ ਭੁੱਖ ਨਾਲ ਬੇਹਾਲ
ਨਵੀਂ ਦਿੱਲੀ, 31 ਜੁਲਾਈ (ਪੰਜਾਬ ਮੇਲ)- ਸਾਊਦੀ ਅਰਬ ਵਿਚ ਨੌਕਰੀ ਗਵਾਉਣ ਤੋਂ ਬਾਅਦ ਕਰੀਬ 10,000 ਭਾਰਤੀ ਕਾਮੇ ਪੈਸੇ ਦੀ ਕਮੀ ਦੇ ਚੱਲਦਿਆਂ ਭੁੱਖੇ ਰਹਿਣ ਲਈ ਮਜਬੂਰ ਹਨ। ਭਾਰਤ ਸਰਕਾਰ ਨੇ ਇਸ ਖਾੜ੍ਹੀ ਦੇਸ਼ ਵਿਚ ਰਹਿ ਰਹੇ 30 ਲੱਖ ਭਾਰਤੀਆਂ ਨੂੰ ਆਪਣੇ ਭਰਾਵਾਂ ਦੀ ਸਹਾਇਤਾ ਕਰਨ ਲਈ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਦੀ ਸਮੂਹਿਕ ਵਚਨਬੱਧਤਾ ਤੋਂ ਵੱਧ ਤਾਕਤ ਕੁਝ ਨਹੀਂ ਹੈ। ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਰਿਆਦ ਵਿਚ ਭਾਰਤੀ ਦੂਤਘਰ ਨੂੰ ਕਿਹਾ ਹੈ ਕਿ ਉਹ ਸਾਊਦੀ ਅਰਬ ਵਿਚ ਬੇਰੁਜ਼ਗਾਰ ਭਰਾਤੀ ਕਾਮਿਆਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਅਤੇ ਕੁਵੈਤ ਵਿਚ ਭਾਰਤੀ ਨਾਗਰਿਕਾਂ ਨੂੰ ਆਪਣੇ ਕੰਮ ਅਤੇ ਤਨਖਾਹ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਾਊਦੀ ਅਰਬ ਵਿਚ ਹਲਾਤ ਵੱਧ ਖਰਾਬ ਹਨ। ਸੁਸ਼ਮਾ ਨੇ ਇਹ ਜਵਾਬ ਉਸ ਸਮੇਂ ਦਿੱਤਾ, ਜਦੋਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਟਵੀਟ ਕਰਕੇ ਕਿਹਾ ਸੀ ਕਿ ਜੇਦਾ ਵਿਚ ਕਰੀਬ 800 ਭਾਰਤੀ ਤਿੰਨ ਦਿਨਾਂ ਤੋਂ ਭੁੱਖੇ ਹਨ। ਉਸ ਨੇ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਸੀ। ਹਾਲਾਂਕਿ ਬਾਅਦ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਊਦੀ ਅਰਬ ਵਿਚ ਖਾਣੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਭਾਰਤੀ ਕਾਮਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੈ। ਸਾਊਦੀ ਅਰਬ ਅਤੇ ਕੁਵੈਤ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਹੈ, ਜਿਸ ਕਾਰਨ ਉਨ੍ਹਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹੀ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਇਨ੍ਹਾਂ ਭਾਰਤੀ ਕਾਮਿਆਂ ਦੇ ਮਾਲਕਾਂ ਨੇ ਆਪਣੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬਕਾਇਆ ਤਨਖਾਹ ਦਾ ਵੀ ਭੁਗਤਾਨ ਨਹੀਂ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੇਰੁਜ਼ਗਾਰ ਹੋਏ ਭਾਰਤੀਆਂ ਦੀ ਸਮੱਸਿਆ ਨੂੰ ਸੁਲਝਾਉਣ ਲਈ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੂੰ ਸਾਊਦੀ ਅਰਬ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨਾਲ ਹਾਲ ਹੀ ਵਿਚ ਵਿਦੇਸ਼ ਰਾਜ ਮੰਤਰੀ ਬਣਾਏ ਗਏ ਐਮ ਜੇ ਅਕਬਰ ਨੂੰ ਵੀ ਭੇਜਿਆ ਜਾਵੇਗਾ। ਉਹ ਕੁਵੈਤ ਅਤੇ ਸਾਊਦੀ ਅਰਬ ਅਥਾਰਿਟੀ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ।