ਨਹੀਂ ਲੱਭ ਰਿਹਾ ਭਾਰਤੀ ਹਵਾਈ ਸੈਨਾ ਦਾ ਲਾਪਤਾ ਜਹਾਜ਼, ਅਮਰੀਕਾ ਤੋਂ ਮੰਗੀ ਮਦਦ
ਨਵੀਂ ਦਿੱਲੀ, 31 ਜੁਲਾਈ (ਪੰਜਾਬ ਮੇਲ)-ਬੰਗਾਲ ਦੀ ਖਾੜੀ ਵਿੱਚੋਂ ਲਾਪਤਾ ਹੋਇਆ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦਾ ਅਜੇ ਵੀ ਕੋਈ ਥਹੁ-ਪਤਾ ਨਹੀਂ ਲੱਗ ਰਿਹਾ। ਜਹਾਜ਼ ਵਿੱਚ ਅਮਲੇ ਸਮੇਤ 29 ਸੁਰੱਖਿਆ ਬਲਾਂ ਸਵਾਰ ਸਨ। ਇਸ ਦੌਰਾਨ ਭਾਰਤ ਨੇ ਜਹਾਜ਼ ਲੱਭਣ ਲਈ ਹੁਣ ਅਮਰੀਕਾ ਤੋਂ ਮਦਦ ਮੰਗੀ ਹੈ। ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਰਾਜ ਸਭਾ ਵਿੱਚ ਦੱਸਿਆ ਕਿ ਏ ਐਨ-32 ਦੀ ਸੈਟੇਲਾਈਟ ਤਸਵੀਰਾਂ ਲਈ ਅਮਰੀਕਾ ਤੋਂ ਮਦਦ ਮੰਗੀ ਗਈ ਹੈ।
ਪਰੀਕਰ ਨੇ ਰਾਜ ਸਭਾ ਵਿੱਚ ਦੱਸਿਆ ਕਿ ਅਮਰੀਕੀ ਸੈਨਾ ਤੋਂ ਪੁੱਛਿਆ ਗਿਆ ਹੈ ਕਿ ਉਨ੍ਹਾਂ ਦੇ ਸੈਟੇਲਾਈਟ ਨੇ 22 ਜੁਲਾਈ ਨੂੰ ਲਾਪਤਾ ਜਹਾਜ਼ ਦੇ ਸਿਗਨਲ ਫੜੇ ਸਨ। ਰੱਖਿਆ ਮੰਤਰੀ ਅਨੁਸਾਰ ਜਹਾਜ਼ ਦੇ ਲਾਪਤਾ ਹੋਣ ਪਿੱਛੇ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੈ। ਉਨ੍ਹਾਂ ਜਹਾਜ਼ ਦੇ ਅਚਾਨਕ ਲਾਪਤਾ ਹੋਣ ਵੀ ਚਿੰਤਾ ਦੀ ਗੱਲ ਆਖਿਆ। ਇਸ ਦੌਰਾਨ ਜਹਾਜ਼ ਨਾਲ ਲਾਪਤਾ ਹੋਇਆ ਕਰਮੀਆਂ ਦੇ ਪਰਿਵਾਰਕ ਮੈਂਬਰ ਨੇ ਨਵਾਂ ਖ਼ੁਲਾਸਾ ਕੀਤਾ ਹੈ।
AN-32 ਵਿੱਚ ਸਵਾਰ ਏਅਰ ਮੈਨ ਰਘੁਵੀਰ ਵਰਮਾ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਫ਼ੋਨ ਆਨ ਸੀ। ਉਨ੍ਹਾਂ ਦੱਸਿਆ ਕਿ ਰਘੁਬੀਰ ਦੇ ਫ਼ੋਨ ਉੱਤੇ ਕਈ ਵਾਰ ਕਾਲ ਵੀ ਕੀਤੀ ਗਈ। ਕਾਲ ਵਕਤ ਫ਼ੋਨ ਉੱਤੇ ਰਿੰਗ ਜਾ ਰਹੀ ਸੀ। ਰਘੁਬੀਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਫ਼ੋਨ ਸਬੰਧੀ ਸਾਰੀ ਜਾਣਕਾਰੀ ਏਅਰ ਫੋਰਸ ਨੂੰ ਦਿੱਤੀ ਗਈ ਹੈ।
ਭਾਰਤੀ ਹਵਾਈ ਸੈਨਾ ਦਾ ਏ ਐਨ-32 ਜਹਾਜ਼ ਚੇਨਈ ਤੋਂ ਪੋਰਟ ਬਲੇਅਰ ਲਈ ਰਵਾਨਾ ਹੋਇਆ ਸੀ ਪਰ ਬੰਗਾਲ ਦੀ ਖਾੜੀ ਵਿੱਚ ਅਚਾਨਕ ਜਹਾਜ਼ ਲਾਪਤਾ ਹੋ ਗਿਆ। ਸੈਨਾ ਦੇ ਨਾਲ ਭਾਰਤੀ ਨੇਵੀ ਵੀ ਜਹਾਜ਼ ਦੀ ਭਾਲ ਵਿੱਚ ਲੱਗੀ ਹੋਈ ਹੈ ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲ ਰਹੀ।