ਲੁਧਿਆਣਾ ਕਤਲ ਕਾਂਡ; ਪੂਰੇ ਪਰਿਵਾਰ ਦੀ ਹੋਈ ਬੇਰਹਿਮੀ ਨਾਲ ਹੱਤਿਆ
ਲੁਧਿਆਣਾ , 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਲੁਧਿਆਣਾ ‘ਚ ਬੀਆਰਐਸ ਨਗਰ ਸਥਿਤ ਇਕ ਘਰ ‘ਚ ਆਪਣੇ ਪਰਿਵਾਰ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਨੇ ਸ਼ਨਿਚਰਵਾਰ ਨੂੰ ਨਵਾਂ ਮੋੜ ਲਿਆ ਹੈ।ਪੋਸਟਮਾਰਟ ਦੀ ਰਿਪੋਰਟ ‘ਚ ਪਤਾ ਲੱਗਿਆ ਹੈ ਕਿ ਪੂਰੇ ਪਰਿਵਾਰ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਮਗਰੋਂ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਪੋਸਟਮਾਰਟਮ ਰਿਪੋਰਟ ਦੇ ਖੁਲਾਸੇ ਮਗਰੋਂ ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠ ਰਹੇ ਹਨ।
ਦੱਸਣਯੋਗ ਹੈ ਕਿ ਕੱਲ੍ਹ ਸੰਦੀਪ ਸਿੰਘ ਮਾਂਗਟ, ਉਸ ਦੀ ਪਤਨੀ ਅਮਨਦੀਪ ਕੌਰ, ਬੇਟੀ ਦਿਨਾਜ ਕੌਰ ਅਤੇ ਮਾਂ ਬਚਨ ਕੌਰ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ‘ਚੋਂ ਮਿਲੀਆਂ ਸਨ।
ਸੰਦੀਪ ਸਿੰਘ ਦੀ ਲਾਸ਼ ਦੇ ਪੋਸਟਮਾਰਟ ‘ਚ ਉਸ ਦੇ ਸਿਰ ‘ਚ ਸੱਤ ਤੋਂ ਅੱਠ ਡੂੰਘੇ ਤੇਜ਼ਧਾਰ ਹਥਿਆਰਾਂ ਦੇ ਵਾਰ ਦੇ ਨਿਸ਼ਾਨ ਸਨ ਅਤੇ ਉਸ ਦੇ ਸਿਰ ‘ਚ ਗੋਲੀ ਮਾਰੀ ਗਈ ਸੀ ਜੋਕਿ ਰਾਈਫਲ ਦੀ ਨਹੀਂ ਬਲਕਿ ਕਿਸੇ ਪਿਸਤੌਲ ਦੀ ਹੈ। ਫਿਰ ਬਚਨ ਕੌਰ ਦਾ ਪੋਸਟਮਾਰਟਮ ਹੋਇਆ ਜਿਸ ਨੂੰ ਦੋ ਗੋਲੀਆਂ ਲੱਗੀਆਂ ਸਨ ਜਿਸ ਵਿਚੋਂ ਇਕ ਉਸ ਦੀ ਪਿੱਠ ਤੋਂ ਵੱਜ ਕੇ ਦਿਲ ਤੋਂ ਨਿਕਲ ਗਈ ਅਤੇ ਦੂਜੀ ਉਸ ਦੇ ਸੱਜੇ ਗਲ਼ ਤੋਂ ਲੰਘ ਕੇ ਸਿਰ ਤੋਂ ਨਿਕਲ ਗਈ। ਇਸ ਦੇ ਇਲਾਵਾ ਉਸ ਦੇ ਸਿਰ ਅਤੇ ਗਰਦਨ ‘ਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਫਿਰ ਅਮਨਦੀਪ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਜਿਸ ਦੇ ਸਿਰ ‘ਤੇ ਡੂੰਘੇ ਜ਼ਖ਼ਮ ਸਨ ਅਤੇ ਉਸ ਦੇ ਸਿਰ ‘ਚ ਵੀ ਪਿਸਤੌਲ ਦੀ ਗੋਲੀ ਲੱਗੀ ਹੈ। ਉਥੇ ਅੰਤ ‘ਚ ਦਿਨਾਜ ਦਾ ਪੋਸਟਮਾਰਟਮ ਹੋਇਆ ਜਿਸ ਨੂੰ ਰਾਈਫਲ ਦੀ ਗੋਲੀ ਲੱਗੀ ਹੈ। ਇਸ ਤੋਂ ਇਲਾਵਾ ਉਸ ਦੇ ਸਿਰ ਅਤੇ ਸਰੀਰ ‘ਚ ਡੂੰਘੀਆਂ ਸੱਟਾਂ ਦੇ ਨਿਸ਼ਾਨ ਹਨ। ਸੂਤਰ ਦੱਸਦੇ ਹਨ ਕਿ ਸਾਰਿਆਂ ਦੇ ਸਿਰਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਦੇ ਬਾਅਦ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ।ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕੱਲ੍ਹ ਜਾਂਚ ਮਗਰੋਂ ਬਿਆਨ ਦਿੱਤਾ ਸੀ ਕਿ ਮਾਮਲਾ ਆਤਮ ਹੱਤਿਆ ਦਾ ਹੈ ਪਰ ਪੋਸਟਮਾਰਟਮ ਦੇ ਬਾਅਦ ਜੋ ਸਾਹਮਣੇ ਆਇਆ ਉਸ ਨੇ ਸਾਰੇ ਅਧਿਕਾਰੀਆਂ ਦੀ ਜਾਂਚ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।