ਮੁਸਲਿਮ ਅਧਿਕਾਰੀ ਨੂੰ ਮਿਲੀ ਹਿੰਦੂ ਮੰਦਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ
ਵਾਸ਼ਿੰਗਟਨ, 27 ਜੁਲਾਈ (ਪੰਜਾਬ ਮੇਲ)- ਭਾਰਤ ਦੇ ਸ਼ਹਿਰ ਮੁੰਬਈ ਦੇ ਜਨਮੇ ਜਾਵੇਦ ਖ਼ਾਨ ਨੂੰ ਅਮਰੀਕਾ ਦੇ ਸ਼ਹਿਰ ਇੰਡੀਆਨਾਪੋਲਿਸ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਥਾਨਕ ਪੁਲਿਸ ਵਿਭਾਗ ਨਾਲ ਸਬੰਧਤ ਲੈਫਟੀਨੈਂਟ ਜਾਵੇਦ ਖ਼ਾਨ ਨੂੰ ਇੰਡੀਆਨਾਪੋਲਿਸ ਦੇ ਹਿੰਦੂ ਮੰਦਰ ਦਾ ਸਕਿਉਰਿਟੀ ਇੰਚਾਰਜ ਲਾਇਆ ਗਿਆ ਹੈ। ਜਾਵੇਦ ਖ਼ਾਨ ਨੇ ਦੱਸਿਆ ਕਿ ਉਹ ਸਭ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਨ ”ਅਸੀਂ ਸਾਰੇ ਇੱਕ ਹਾਂ। ਅਸੀ ਸਾਰੇ ਪ੍ਰਮਾਤਮਾ ਦੇ ਬੱਚੇ ਹਾਂ ਤੇ ਪ੍ਰਮਾਤਮਾ ਇੱਕ ਹੈ। ਉਸ ਦੇ ਨਾਮ ਭਾਵੇਂ ਵੱਖੋ-ਵੱਖਰੇ ਹਨ।” ਉਨ੍ਹਾਂ ਏਕਤਾ ਦਾ ਸੁਨੇਹਾ ਦਿੰਦਿਆਂ ਕਿਹਾ ”ਅਸੀਂ ਸਾਰੇ ਭਾਰਤੀ ਹਾਂ। ਮੇਰਾ ਅੱਧਾ ਪਰਿਵਾਰ ਹਿੰਦੂ ਹੈ ਤੇ ਮੈਂ ਹਿੰਦੂ-ਮੁਸਲਿਮ ਵਿਚ ਯਕੀਨ ਨਹੀਂ ਰੱਖਦਾ।” ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਬਾਰੇ ਪੁੱਛੇ ਜਾਣ ‘ਤੇ ਜਾਵੇਦ ਖ਼ਾਨ ਨੇ ਕਿਹਾ ਕਿ ਉਹ ਕੁਝ ਵੱਖਰਾ ਨਹੀਂ ਕਰ ਰਹੇ, ਸਿਰਫ਼ ਆਪਣੀ ਡਿਊਟੀ ਨਿਭਾਅ ਰਹੇ ਹਨ। ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਜਾਵੇਦ ਖ਼ਾਨ 1986 ਤੋਂ ਅਮਰੀਕਾ ਵਿਚ ਰਹਿ ਰਹੇ ਹਨ।