ਕੁਰਾਨ ਸ਼ਰੀਫ਼ ਬੇਅਦਬੀ ਕਾਂਡ – ‘ਆਪ’ ਵਿਧਾਇਕ ਨਰੇਸ਼ ਯਾਦਵ ਗ੍ਰਿਫ਼ਤਾਰ
ਸੰਗਰੂਰ, 24 ਜੁਲਾਈ (ਪੰਜਾਬ ਮੇਲ)- ਮਾਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਕਾਂਡ ਵਿੱਚ ਸੰਗਰੂਰ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਵਿਧਾਇਕ ਯਾਦਵ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਘਰ ਨੇੜਿਓਂ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਯਾਦਵ ਨੂੰ ਲੈ ਕੇ ਦਿੱਲੀ ਤੋਂ ਸੰਗਰੂਰ ਲਈ ਰਵਾਨਾ ਹੋ ਚੁੱਕੀ ਹੈ। 25 ਜੁਲਾਈ ਨੂੰ ਉਸ ਨੂੰ ਮਾਲੇਰਕੋਟਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਅਦਾਲਤ ਤੋਂ ਯਾਦਵ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਸੰਗਰੂਰ ਪੁਲੀਸ ਦੀ 20 ਮੈਂਬਰੀ ਵਿਸ਼ੇਸ਼ ਟੀਮ ਐਸਪੀ ਜਸਕਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਦਿੱਲੀ ਪੁੱਜ ਗਈ। ਇਸ ਦੌਰਾਨ ਅਦਾਲਤ ਨੇ ਬੇਅਦਬੀ ਮਾਮਲੇ ’ਚ ਗ੍ਰਿਫ਼ਤਾਰ ਵਿਜੇ ਕੁਮਾਰ, ਨੰਦ ਕਿਸ਼ੋਰ ਤੇ ਗੌਰਵ ਦੀ ਨਿਆਂਇਕ ਹਿਰਾਸਤ ਪਹਿਲੀ ਅਗਸਤ ਤਕ ਵਧਾ ਦਿੱਤੀ ਹੈ। ਇਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਸੰਗਰੂਰ ਜੇਲ੍ਹ ’ਚ ਬੰਦ ਮੁੱਖ ਮੁਲਜ਼ਮ ਵਿਜੇ ਨੇ 15 ਜੁਲਾਈ ਨੂੰ ਚੀਫ਼ ਜੁਡੀਸ਼ਲ ਮੈਜਿਸਟਰੇਟ ਸਾਹਮਣੇ ਧਾਰਾ 164 ਤਹਿਤ ਆਪਣੇ ਬਿਆਨ ਦਰਜ ਕਰਾਏ ਸਨ।
ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਕੱਲ੍ਹ ਮਾਲੇਰਕੋਟਲਾ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਨ ਬਾਅਦ ਐਸਪੀ ਜਸਕਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ 20 ਮੈਂਬਰੀ ਵਿਸ਼ੇਸ਼ ਟੀਮ ਦਿੱਲੀ ਪੁੱਜ ਚੁੱਕੀ ਹੈ ਅਤੇ ਯਾਦਵ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਲਪਨਾ ਨਾਮੀ ਔਰਤ ਨੇ ਆਪਣੇ ਵਕੀਲ ਰਾਹੀਂ ਮਾਲੇਰਕੋਟਲਾ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ, ਜਿਸ ’ਤੇ 26 ਜੁਲਾਈ ਨੂੰ ਸੁਣਵਾਈ ਹੋਵੇਗੀ। ਵਿਧਾਇਕ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਬਾਅਦ ‘ਆਪ’ ਇਸ ਮਾਮਲੇ ’ਚ ਅਗਲੀ ਰਣਨੀਤੀ ’ਤੇ ਵਿਚਾਰ ਕਰਨ ਵਿੱਚ ਜੁਟ ਗਈ ਹੈ।
ਪਾਰਟੀ ਦੇ ਲੀਗਲ ਸੈੱਲ ਦੇ ਜ਼ਿਲ੍ਹਾ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੁਲੀਸ ਨਰੇਸ਼ ਯਾਦਵ ਖ਼ਿਲਾਫ਼ ਕੋਈ ਸਬੂਤ ਨਹੀਂ ਜੁਟਾ ਸਕੀ, ਜਿਸ ਕਾਰਨ ਵਿਜੇ ਦੇ ਨਿਆਂਇਕ ਹਿਰਾਸਤ ਵਿੱਚ ਬਿਆਨ ਦਿਵਾਏ ਗਏ ਸਨ ਤਾਂ ਜੋ ਯਾਦਵ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾ ਸਕੇ।
ਜ਼ਿਕਰਯੋਗ ਹੈ ਕਿ 24 ਜੂਨ ਨੂੰ ਦੇਰ ਰਾਤ ਮਾਲੇਰਕੋਟਲਾ ’ਚ ਕੁਰਾਨ ਸ਼ਰੀਫ਼ ਦੀ ਬੇਅਦਬੀ ਹੋਈ ਸੀ। ਸੰਗਰੂਰ ਪੁਲੀਸ ਨੇ 26 ਜੂਨ ਨੂੰ ਵਿਜੇ, ਨੰਦ ਕਿਸ਼ੋਰ ਅਤੇ ਗੌਰਵ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ’ਚ ਉਦੋਂ ਨਵਾਂ ਮੋੜ ਆਇਆ ਸੀ ਜਦੋਂ ਵਿਜੇ ਨੇ ਵਿਧਾਇਕ ਯਾਦਵ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਸੀ। ਸੰਗਰੂਰ ਪੁਲੀਸ ਵੱਲੋਂ 5 ਤੇ 9 ਜੁਲਾਈ ਨੂੰ ਵਿਧਾਇਕ ਕੋਲੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ।