ਕੀਰਤੀ ਆਜ਼ਾਦ ਦੀ ਪਤਨੀ ਦੇ ਵੀ ‘ਆਪ’ ‘ਚ ਜਾਣ ਦੀ ਸੰਭਾਵਨਾ
ਨਵੀਂ ਦਿੱਲੀ, 20 ਜੁਲਾਈ (ਪੰਜਾਬ ਮੇਲ) – ਭਾਜਪਾ ਦੇ ਮੁਅੱਤਲ ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਪਤਨੀ ਅਤੇ ਤਿੰਨ ਵਾਰ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਰਹੀ ਪੂਨਮ ਆਜ਼ਾਦ ਦੇ ਵੀ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਦੇ ਨਕਸ਼ੇ ਕਦਮਾਂ ‘ਤੇ ਚੱਲਣ ਅਤੇ ਆਪ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਪੂਨਮ ਆਜ਼ਾਦ ਛੇਤੀ ਹੀ ਅਸਤੀਫਾ ਦੇ ਕੇ ਆਪ ਵਿਚ ਸ਼ਾਮਿਲ ਹੋਵੇਗੀ। ਮੌਜੂਦਾ ਸਮੇਂ ਉਹ ਦਿੱਲੀ ਭਾਜਪਾ ਦੀ ਬੁਲਾਰਨ ਹੈ ਅਤੇ ਇਸ ਤੋਂ ਪਹਿਲਾਂ ਉਪ ਪ੍ਰਧਾਨ ਸੀ। ਉਨ੍ਹਾਂ ਨੇ ਇਹ ਫ਼ੈਸਲਾ ਕੀਰਤੀ ਆਜ਼ਾਦ ਨੂੰ ਮੁਅੱਤਲ ਕਰਨ ਕਾਰਨਾ ਲਿਆ ਹੈ, ਜਿਨ੍ਹਾਂ ਨੇ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ ਡੀ.ਡੀ.ਸੀ.ਏ. ਵਿਚ ਉਨ੍ਹਾਂ ਦੇ ਇਸ ਦੇ ਮੁਖੀ ਕਾਰਜਕਾਲ ਦੌਰਾਨ ਕਥਿਤ ਭ੍ਰਿਸ਼ਟਾਚਾਰ ਲਈ ਹਮਲਾ ਸ਼ੁਰੂ ਕੀਤਾ ਸੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਵਲੋਂ ਦਖਲ ਦੇਣ ਦੇ ਬਾਵਜੂਦ ਉਨ੍ਹਾਂ ਆਪਣਾ ਹਮਲਾ ਜਾਰੀ ਰੱਖਿਆ। ਇਕ ਸੂਤਰ ਨੇ ਦੱਸਿਆ ਕਿ ਦੋਵਾਂ ਪਤੀ ਤੇ ਪਤਨੀ ਦਾ ਭਾਜਪਾ ‘ਚ ਭਵਿੱਖ ਗੈਰਯਕੀਨੀ ਹੈ ਪਰ ਕੀਰਤੀ ਆਜ਼ਾਦ ਵਲੋਂ ਅਜਿਹਾ ਕਦਮ ਚੁੱਕਣ ਦੀ ਸੰਭਾਵਨਾ ਰੱਦ ਕਰ ਦਿੱਤੀ ਕਿਉਂਕਿ ਇਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਹੋ ਜਾਵੇਗੀ।