ਕੈਨੇਡੀਅਨ ਹਾਕੀ ਟੀਮ ‘ਚ ਪਹਿਲੀ ਵਾਰ ਹੋਈ ਅੰਮ੍ਰਿਤਧਾਰੀ ਸਿੱੱਖ ਨੌਜਵਾਨ ਦੀ ਚੋਣ
ਔਟਵਾ, 11 ਜੁਲਾਈ (ਪੰਜਾਬ ਮੇਲ)- ਕੈਨੇਡਾ ਨੇ ਰੀਓ ਓਲੰਪਿਕ ਖੇਡਾਂ ਲਈ ਆਪਣੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿਚ ਪੰਜਾਬ ਦੇ ਮੋਗਾ ਜਿਲ੍ਹਾ ਵਿਚ ਪੈਂਦੇ ਪਿੰਡ ਮਾਣੂੰਕੇ ਗਿੱਲ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਗਦੀਸ਼ ਸਿੰਘ ਗਿੱਲ ਦਾ ਨਾਂ ਵੀ ਸ਼ਾਮਲ ਹੈ। ਜਗਦੀਸ਼ ਸਿੰਘ ਗਿੱਲ ਕੈਨੇਡਾ ਟੀਮ ਵਿਚ ਪਹਿਲਾ ਸਿੱਖ ਨੌਜਵਾਨ ਹੈ, ਜਿਹੜਾ ਓਲੰਪਿਕ ਟੀਮ ਲਈ ਚੁਣਿਆ ਗਿਆ ਹੈ। ਕੈਨੇਡੀਅਨ ਟੀਮ ਦੀ ਅੱਠ ਸਾਲ ਬਾਅਦ ਓਲੰਪਿਕ ਖੇਡਾਂ ਵਿਚ ਵਾਪਸੀ ਹੋਈ ਹੈ। ਇਹ ਟੀਮ ਇਸ ਸਾਲ ਅਗਸਤ ਵਿਚ ਹੋਣ ਜਾ ਰਹੀਆਂ ਰੀਓ ਓਲੰਪਿਕ ਖੇਡਾਂ ਵਿਚ ਹਿੱਸਾ ਲਵੇਗੀ।
ਜਗਦੀਸ਼ ਸਿੰਘ ਗਿੱਲ ਦੀ ਕੈਨੇਡੀਅਨ ਟੀਮ ਵਿਚ ਚੋਣ ਤੋਂ ਬਾਅਦ ਉਸ ਦੇ ਪੰਜਾਬ ਵਿਚ ਪੈਂਦੇ ਇਸ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਗੁਰਲਾਲ ਸਿੰਘ ਗਿੱਲ ਮਾਣੂੰਕੇ ਅਤੇ ਕਾਬਲ ਸਿੰਘ ਨੇ ਜਗਦੀਸ਼ ਦੀ ਚੋਣ ਉੱਤੇ ਖ਼ੁਸ਼ੀ ਪ੍ਰਗਟ ਕੀਤੀ ਹੈ। ਜਗਦੀਸ਼ ਸਿੰਘ ਗਿੱਲ 16 ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਇਹ ਖ਼ਿਡਾਰੀ 6 ਤੋਂ 19 ਅਗਸਤ ਤੱਕ ਹੋਣ ਵਾਲੇ ਓਲੰਪਿਕ ਹਾਕੀ ਮੁਕਾਬਲਿਆਂ ਵਿੱਚ ਆਪਣੀ ਖੇਡ ਦੇ ਜੌਹਰ ਦਿਖਉਣਗੇ। ਖੇਡ ਪ੍ਰੇਮੀਆਂ ਦਾ ਮੰਨਣਾ ਹੈ ਕਿ ਜਗਦੀਸ਼ ਸਿੰਘ ਗਿੱਲ ਦੀ ਕਾਬਲੀਅਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਗਿਆ ਹੈ। ਇਹ ਪੂਰੇ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਤੇ ਆਸ ਹੈ ਕਿ ਉਹ ਭਾਈਚਾਰੇ ਦੀਆਂ ਆਸਾਂ ਅਨੁਸਾਰ ਵਧੀਆ ਪ੍ਰਦਰਸ਼ਨ ਕਰਨਗੇ। ਇਸ ਕੈਨੇਡੀਅਨ ਟੀਮ ਦੀ ਅਗਵਾਈ ਸਕਾਟ ਟੂਪੇਰ ਕਰਨਗੇ। ਉਹ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਮਾਰਕ ਪੀਅਰਸਨ ਦੂਜੀ ਵਾਰ ਓਲੰਪਿਕ ਖੇਡਾਂ ਵਿਚ ਦੇਸ਼ ਵੱਲੋਂ ਖੇਡਣਗੇ। ਦੋਵੇਂ ਖਿਡਾਰੀਆਂ ਨੇ 2008 ਵਿਚ ਬੀਜਿੰਗ ਓਲੰਪਿਕ ਖੇਡਾਂ ਵਿਚ ਵੀ ਹਿੱਸਾ ਲਿਆ ਸੀ। ਜਗਦੀਸ਼ ਸਿੰਘ ਗਿੱਲ ਬਾਕੀ ਸਾਰੇ 14 ਖਿਡਾਰੀ ਪਹਿਲੀ ਵਾਰ ਓਲੰਪਿਕ ਖੇਡਾਂ ਵਿਚ ਹਿੱਸਾ ਲੈਣਗੇ।