ਕਸ਼ਮੀਰ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 21 ਹੋਈ, ਤਣਾਅ ਵੱਧਿਆ
ਅਮਰਨਾਥ ਯਾਤਰਾ ਰੋਕੀ, ਯਾਤਰੀ ਫਸੇ
ਸ੍ਰੀਨਗਰ, 10 ਜੁਲਾਈ (ਪੰਜਾਬ ਮੇਲ)- ਕਸ਼ਮੀਰ ’ਚ ਲਗਾਤਾਰ ਦੂਜੇ ਦਿਨ ਤਣਾਅ ਦਾ ਮਾਹੌਲ ਰਿਹਾ ਅਤੇ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। ਇਨ੍ਹਾਂ ’ਚ ਇਕ ਪੁਲੀਸ ਕਰਮੀ ਵੀ ਸ਼ਾਮਲ ਹੈ। ਸ਼ਨਿਚਰਵਾਰ ਨੂੰ ਹਿੰਸਾ ਦੌਰਾਨ ਲਾਪਤਾ ਹੋਏ ਤਿੰਨ ਪੁਲੀਸ ਮੁਲਾਜ਼ਮਾਂ ਦਾ ਅਜੇ ਤਕ ਕੁਝ ਪਤਾ ਨਹੀਂ ਲੱਗਿਆ। ਹਿੰਸਾ ’ਚ 200 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚ ਜ਼ਿਆਦਾਤਰ ਪੁਲੀਸ ਅਤੇ ਸੁਰੱਖਿਆ ਕਰਮੀ ਹਨ। ਵਾਦੀ ’ਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਹਿੰਸਕ ਝੜਪਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਸਰਕਾਰ ਨੇ ਤਣਾਅ ਗ੍ਰਸਤ ਇਲਾਕਿਆਂ ’ਚ ਕਰਫਿਊ ਲਾਈ ਰੱਖਿਆ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਰੱਖੀਆਂ। ਪਵਿੱਤਰ ਅਮਰਨਾਥ ਯਾਤਰਾ ਦੂਜੇ ਦਿਨ ਵੀ ਮੁਲਤਵੀ ਰਹੀ ਅਤੇ ਜੰਮੂ ਬੇਸ ਕੈਂਪ ਤੋਂ ਕੋਈ ਵੀ ਸ਼ਰਧਾਲੂ ਕਸ਼ਮੀਰ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ।
ਜੰਮੂ ਕਸ਼ਮੀਰ ਮੰਤਰੀ ਮੰਡਲ ਨੇ ਹਾਲਾਤ ਆਮ ਵਰਗੇ ਬਣਾਉਣ ਦੇ ਯਤਨਾਂ ਤਹਿਤ ਅੱਜ ਮੀਟਿੰਗ ਕੀਤੀ ਅਤੇ ਇਹ ਭਰੋਸਾ ਦਿੱਤਾ ਕਿ ਸੁਰੱਖਿਆ ਬਲਾਂ ਵੱਲੋਂ ਵਧੀਕੀਆਂ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕੀਤੀ ਜਾਏਗੀ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ’ਚ ਹੋਈਆਂ ਮੌਤਾਂ ’ਤੇ ਰੋਸ ਜਤਾਇਆ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਹਿੰਸਾ ਭੜਕਾਉਣ ਵਾਲਿਆਂ ਦੇ ਹੱਥਾਂ ਦਾ ਮੋਹਰਾ ਨਾ ਬਣਨ।
ਕੈਬਨਿਟ ਨੇ ਹੁਰੀਅਤ ਕਾਨਫਰੰਸ, ਵੱਖਵਾਦੀਆਂ ਅਤੇ ਸਿਆਸੀ ਪਾਰਟੀਆਂ ਨੈਸ਼ਨਲ ਕਾਨਫਰੰਸ, ਕਾਂਗਰਸ ਤੇ ਸੀਪੀਐਮ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੂਬੇ ’ਚ ਸ਼ਾਂਤੀ ਚਾਹੁੰਦੇ ਹਨ ਤਾਂ ਉਹ ਹਾਲਾਤ ਆਮ ਵਰਗੇ ਬਣਾਉਣ ’ਚ ਸਹਿਯੋਗ ਕਰਨ।
ਉਧਰ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮਹਿਬੂਬਾ ਮੁਫ਼ਤੀ ਨਾਲ ਗੱਲ ਕਰ ਕੇ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਹਰਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਸੂਬਾ ਪੁਲੀਸ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਪ੍ਰਦਰਸ਼ਨਕਾਰੀਆਂ ’ਤੇ ਤਾਕਤ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਦੇ ਚੰਗੇ ਨਤੀਜੇ ਨਹੀਂ ਨਿਕਲਣਗੇ।
ਕਰਫਿਊ ਦੇ ਬਾਵਜੂਦ ਕਈ ਥਾਵਾਂ ’ਤੇ ਹਿੰਸਾ ਜਾਰੀ ਰਹੀ। ਸ੍ਰੀਨਗਰ ਦੇ ਤੰਗਪੋਰਾ ’ਚ ਅੱਜ ਸ਼ਾਮ ਨੂੰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇਕ ਵਿਅਕਤੀ ਮਾਰਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਦੇ ਨੇਵਾ ’ਚ ਅੱਜ ਸਵੇਰੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਝੜਪਾਂ ’ਚ 18 ਵਰ੍ਹਿਆਂ ਦਾ ਨੌਜਵਾਨ ਇਰਫ਼ਾਨ ਅਹਿਮਦ ਮਲਿਕ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ। ਇਕ ਹੋਰ ਜ਼ਖ਼ਮੀ ਵਿਅਕਤੀ ਦੀ ਪੁਲਵਾਮਾ ਜ਼ਿਲ੍ਹਾ ਹਸਪਤਾਲ ’ਚ ਮੌਤ ਹੋ ਗਈ।
ਅਧਿਕਾਰੀ ਨੇ ਕਿਹਾ ਕਿ ਪੁਲੀਸ ਡਰਾਈਵਰ ਫਿਰੋਜ਼ ਅਹਿਮਦ ਉਸ ਸਮੇਂ ਮਾਰਿਆ ਗਿਆ ਜਦੋਂ ਭੀੜ ਨੇ ਉਸ ਦੇ ਮੋਬਾਈਲ ਬੰਕਰ ਵਾਹਨ ਨੂੰ ਅਨੰਤਨਾਗ ਜ਼ਿਲ੍ਹੇ ਦੇ ਸੰਗਮ ’ਚ ਜਿਹਲਮ ਦਰਿਆ ’ਚ ਸੁੱਟ ਦਿੱਤਾ। ਉਸ ਦੀ ਲਾਸ਼ ਲੱਭਣ ਦੇ ਯਤਨ ਕੀਤੇ ਜਾ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ’ਚ ਅਤਿਵਾਦੀਆਂ ਨੇ ਹੈੱਡ ਕਾਂਸਟੇਬਲ ਦੀ ਰਿਹਾਇਸ਼ ’ਤੇ ਉਸ ਦੀਆਂ ਲੱਤਾਂ ’ਚ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਕ ਹੋਰ ਪੁਲੀਸ ਚੌਕੀ ਨੂੰ ਅੱਜ ਭੀੜ ਨੇ ਅੱਗ ਲਾ ਦਿੱਤੀ।
ਪੁਲੀਸ ਤਰਜਮਾਨ ਨੇ ਕਿਹਾ ਕਿ ਵਾਦੀ ’ਚ ਹਾਲਾਤ ਕਾਬੂ ਹੇਠ ਹਨ ਪਰ ਕਈ ਥਾਵਾਂ ’ਤੇ ਪਥਰਾਓ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਸ ਨੇ ਕਿਹਾ ਕਿ ਅਤਿਵਾਦੀ ਖ਼ਰਾਬ ਹਾਲਾਤ ਦਾ ਲਾਹਾ ਲੈ ਕੇ ਪੁਲੀਸ ਅਤੇ ਸੀਆਰਪੀਐਫ ਜਵਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਸ ਨੇ ਕਿਹਾ ਕਿ ਮੂਰਾਂ ਚੌਕ ’ਚ ਅਤਿਵਾਦੀਆਂ ਨੇ ਸੀਆਰਪੀਐਫ ਦੇ ਜਵਾਨਾਂ ’ਤੇ ਦੋ ਗਰਨੇਡ ਸੁੱਟੇ ਜਿਸ ਨਾਲ ਕੁਝ ਜਵਾਨ ਜ਼ਖ਼ਮੀ ਹੋ ਗਏ। ਸ਼ੋਪੀਆਂ ’ਚ ਐਸਪੀ ਦੇ ਵਾਹਨ ’ਤੇ ਗੋਲੀਆਂ ਦਾਗ਼ੀਆਂ ਗਈਆਂ ਅਤੇ ਗਰਨੇਡ ਸੁੱਟਿਆ ਗਿਆ। ਪੁਲੀਸ ਚੌਕੀ ਉਤਰੇਸੂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਪਥਰਾਓ ਦੀਆਂ ਘਟਨਾਵਾਂ ਨੇਵਾ ਪੁਲਵਾਮਾ, ਸ਼ੋਪੀਆਂ, ਲਾਸੀਪੋਰਾ, ਰਾਜਪੋਰਾ, ਹਾਲ ਪੁਲਵਾਮਾ, ਲਿੱਤਰ, ਤਹਾਬ ਪੁਲਵਾਮਾ, ਤਨਚੀਬਾਗ ਪੰਪੋਰ, ਦਮਹਾਲ, ਸੰਗਮ, ਜ਼ੈਨਪੋਰਾ ਅਤੇ ਹੋਰ ਥਾਵਾਂ ’ਤੇ ਵਾਪਰੀਆਂ ਹਨ। ਭੀੜ ਨੇ ਪੁਲਵਾਮਾ ’ਚ ਲਾਸੀਪੋਰਾ ’ਚ ਪੁਲੀਸ ਚੌਕੀ ’ਤੇ ਹਮਲਾ ਕੀਤਾ ਅਤੇ ਪੁਲੀਸ ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਬਿਜਬੇਹੜਾ ਰੇਲਵੇ ਸਟੇਸ਼ਨ ’ਤੇ ਜੀਆਰਪੀ ਗਾਰਡ ਰੂਮ ਅਤੇ ਆਰਪੀਐਫ ਬੈਰਕ ਨੂੰ ਅੱਗ ਲਾ ਦਿੱਤੀ ਗਈ ਅਤੇ ਦਮਹਾਲ ਖੁਸ਼ੀਪੋਰਾ ਪੁਲੀਸ ਪੋਸਟ ਨੂੰ ਵੀ ਸਾੜ ਦਿੱਤਾ ਗਿਆ।