ਬੜੂ ਵਾਲਿਆਂ ਦੀ ਅੰਦਰੂਨੀ ਲੜਾਈ ਜੋਰਾਂ ਤੇ
ਲਓ ਬਈ ਸੱਜਣੋਂ! ਜਿਸ ਗੱਲ ਬਾਰੇ ਆਪਾਂ ਪਹਿਲਾਂ ਚਰਚਾ ਕਰਦੇ ਰਹੇ ਤੇ ਕਈਆਂ ਨੂੰ ਵਿਸ਼ਵਾਸ਼ ਵੀ ਨਾ ਆਇਆ ਹੋਵੇ ਉਹ ਗੱਲ ਹੁਣ ਪ੍ਰਤੱਖ ਸੱਚ ਬਣ ਕੇ ਸਾਹਮਣੇ ਆ ਗਈ ਹੈ। ਜਿਸ ਵਾਈਸਚਾਂਸਲਰ ਡਾ. ਖੇਮ ਸਿੰਘ ਦੀ ਬਦੌਲਤ ਇਕਬਾਲ ਸਿੰਘ (ਬਾਬਾ) ਨੇ ‘ਬੜੂ’ ਕਿ ‘ਬੜੂ ਸਾਹਿਬ’ ਵਾਸਤੇ ਦੇਸ਼ਾਂ ਵਿਦੇਸ਼ਾਂ ਵਿਚ ਲੋਕਾਂ ਦੇ ਖੀਸੇ ਖਾਲੀ ਕੀਤੇ ਉਸੇ ਡਾ. ਖੇਮ ਸਿੰਘ ਨੂੰ ਹੁਣ ਟਰੱਸਟੀ ਦੇ ਅਹੁਦੇ ਤੋਂ ਵਾਂਝੇ ਕਰ ਦਿੱਤਾ ਗਿਆ ਹੈ।
ਜਿਸ ਜੈਵਇੰਦਰ ਸਿੰਘ ਨੇ ‘ਅਕਾਲ ਅਕੈਡਮੀਜ਼” ਦਾ ਮੁੱਢ ਬੱਧਾ ਉਹ ਵੀ ਹੁਣ ‘ਅਕਾਲ ਅਕੈਡਮੀਜ਼’ ਦਾ ਟਰੱਸਟੀ ਨਹੀਂ ਰਿਹਾ।
ਡਾ. ਗੁਰਬਖਸ਼ ਸਿੰਘ ਗਿੱਲ ਜਾਂ ਯੂ.ਐਸ ਏ. ਵਾਲੇ ਵੀ ਹੁਣ ਟਰੱਸਟੀ ਦੇ ਅਹੁਦੇ ਤੋਂ ਖਾਰਜ ਕਰ ਦਿੱਤੇ ਗਏ ਹਨ।
ਇਸ ਅੰਦਰੂਨੀ ਲੜਾਈ ਸਦਕਾ ਹੁਣ ਪੰਜ ਕੁ ‘ਅਕਾਲ ਅਕੈਡਮੀਜ਼’ ਤੇ ਕਬਜ਼ਾ ਜੈਵਇੰਦਰ ਸਿੰਘ ਗਰੁਪ ਦਾ ਹੈ ਤੇ ਬਾਕੀ ਦੀਆਂ ਤੇ ਦਿੱਲੀ ਦੇ ਕਿਸੇ ਵੱਡੇ ਗੈਂਗ ਦਾ। ਦੇਸ਼ਾਂ-ਵਿਦੇਸ਼ਾਂ ਵਿਚ ਵਸਣ ਵਾਲੇ ਪੰਜਾਬੀਓ! ਦੇਓ ਆਪਣੀ ਹੱਡ ਭੰਨਵੀ ਕਮਾਈ ਵਿਚੋਂ ਦਸਵੰਦ ਇਨ੍ਹਾਂ ਬਾਬਿਆਂ ਨੂੰ ਤਾਂ ਕਿ ਕਿਸੇ ਨਾ ਕਿਸੇ ਰੂਪ ਵਿਚ ਇਹ ਲੋਕ ਤੁਹਾਡੀਆਂ ਜੇਬਾਂ ਖਾਲੀ ਕਰਦੇ ਰਹਿਣ, ਤੁਹਾਨੂੰ ਵਿਦਿਆ ਦੇ ਨਾਮ ਤੇ ਲੁੱਟਦੇ ਰਹਿਣ, ਤੁਹਾਡੀ ਹੱਡ-ਭੰਨਵੀ ਕਮਾਈ ਨੂੰ ਗਰਿਹਣ ਲਾਉਂਦੇ ਰਹਿਣ। ਤੁਹਾਡੇ ਹੀ ਪੈਸੇ ਨਾਲ ਬਾਬੇ ਆਪਣੀ ਦੁਕਾਨ ਖੋਲਣ ਤੇ ਭਾਰਤੀ ਲੋਕਾਂ ਦੇ ਮੁਕਾਬਲਤਨ ਤੁਹਾਡੇ ਕੋਲੋਂ ਹੀ ਦੁਗਣੀਆਂ ਫੀਸਾਂ ਲੈਣ ਇਹ ਕਿਹੜੇ ਧਰਮ ਨੇ ਇਨ੍ਹਾਂ ਨੂੰ ਸਿਖਾਇਆ ਹੈ?
ਪਿੰਡ ਕਾਲੇਕੇ, ਜੋ ਬਾਘਾਪੁਰਾਣਾ ਦੇ ਨਜ਼ਦੀਕ ਹੈ ਤੇ ਡਾ. ਖੇਮ ਸਿੰਘ ਦਾ ਹੀ ਆਪਣਾ ਪਿੰਡ ਹੈ, ਦੇ ਕਮਪੂਟਰ ਸਾਇੰਸ ਮਾਸਟਰ ਨੇ ਮੈਨੂੰ ਫੂਨ ਕਰਕੇ ਦੱਸਿਆ ਕਿ ਇਹ ਲੋਕ ਸਾਥੋਂ 18,000 (ਅਠਾਹਰਾਂ ਹਜਾਰ) ਰੁਪੈ ਦੀ ਰਸੀਦ ਤੇ ਦਸਤਖਤ ਕਰਾਉਂਦੇ ਹਨ ਤੇ ਦਿੰਦੇ ਹਨ ਨਕਦ 10,000 (ਦਸ ਹਜਾਰ) ਰੁਪਿਆ। ਫਿਰ 2000 (ਦੋ ਹਜਾਰ) ਦਮ-ਦਮੇ ਵਾਲੀ ਯੂਨੀਵਰਸਿਟੀ ਵਾਸਤੇ ਦਾਨ ਵਜੋ ਮੰਗਦੇ ਹਨ। ਜਦੋਂ ਕਿ 10,000 (ਦਸ ਹਜਾਰ) ਨਾਲ ਸਾਡਾ ਘਰ ਦਾ ਖਰਚਾ ਵੀ ਨਹੀਂ ਚੱਲਦਾ। ਇਹ ਕਿਹੜੇ ਧਰਮ ਦੀ ਕਿਹੜੀ ਪੋਥੀ ਵਿਚ ਲਿਖਿਆ ਹੈ ਕਿ ਜਿਹਨਾਂ ਨੇ ਤੁਹਾਡੀ ਦੁਕਾਨ ਖੋਲਣ ਲਈ ਮੱਦਦ ਕੀਤੀ ਤੁਸੀਂ ਉਨ੍ਹਾ ਦੇ ਹੀ ਜੁਤੀਆਂ ਮਾਰੋ। ਸਿੱਖ ਧਰਮ ਦੇ ਬਾਨੀਆਂ ਨੇ ਤਾਂ ਇਸ ਦੇ ਬਿਲ-ਕੁਲ ਉਲਟ ਸਿਖਿਆ ਦਿੱਤੀ ਹੈ ਤੇ ਆਪਣਾ ਘਰ-ਘਾਟ, ਮਾਂ-ਬਾਪ, ਆਪਣਾ ਆਪ ਤੇ ਆਪਣੇ ਪੁੱਤਰ ਕੁਰਬਾਨ ਕਰਵਾ ਕੇ ਲੋਕ ਭਲਾਈ ਦਾ ਪੱਲਾ ਨਹੀਂ ਛੱਡਿਆ। ਆਪਣੇ ਪੁੱਤਰਾਂ ਨਾਲੋਂ ਵੀ ਪਿਆਰੇ ਸਿੱਖ ਲੋਕ ਭਲਾਈ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਹੋਇਆਂ ਕੁਰਬਾਨ ਕਰਨ ਤੋਂ ਮੁੱਖ ਨਹੀਂ ਮੋੜਿਆ ਪਰ ਇਹ ਬਾਬੇ ਸਿੱਖੀ ਭੇਸ ਵਿਚ ਆਪਣੇ ਹੀ ਭਰਾਵਾਂ ਨੂੰ ਲੁੱਟਣ ਵਲੋਂ ਮੁੱਖ ਨਹੀਂ ਮੋੜਦੇ।
ਟਰੱਸਟੀਆਂ ਦੀ ਕਾਟੀਂ-ਛਾਂਟੀ ਤੋਂ ਬਾਅਦ ਪਿੰਡ ਚੀਮਨੇ, ਅਤਰ ਸਿੰਘ (ਸੰਤ) ਦਾ ਜੱਦੀ ਪਿੰਡ, ਦੇ ਲੋਕਾਂ ਨੇ ਪੁੱਛ-ਪੜਤਾਲ ਕਰਨੀ ਸ਼ੁਰੂ ਕੀਤੀ ਕਿ ਜੈਵਇੰਦਰ ਸਿੰਘ ਕਿੱਥੇ ਹੈ? ਜਦੋਂ ਲੋਕਾਂ ਨੂੰ ਇਹ ਪਤਾ ਚੱਲਿਆ ਕਿ ‘ਅਕਾਲ ਅਕੈਡਮੀ’ ਵਾਲਿਆਂ ਨੇ ਜੈਵਇੰਦਰ ਸਿੰਘ ਕੱਢ ਦਿੱਤਾ ਹੈ ਤਾਂ ਆਪਸੀ ਵੀਚਾਰ ਕਰਨ ਤੋਂ ਬਾਅਦ ਜੈਵਇੰਦਰ ਸਿੰਘ ਨੂੰ ਲੱਭ ਕੇ ਵਾਪਸ ਚੀਮਨੇ ਪਿੰਡ ਲਿਆਂਦਾ ਗਿਆ ਅਤੇ ‘ਅਕਾਲ ਅਕੈਡਮੀ’ ਨੂੰ ਇਕਬਾਲ ਸਿੰਘ (ਬਾਬਾ) ਦੇ ਹਮਾਇਤੀਆਂ ਕੋਲੋਂ ਧੱਕੇ ਨਾਲ ਚਾਰਜ ਖੋਹ ਕੇ ਮੁੜ ਜੈਵਇੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ।
ਭਰੋਸੇ ਯੋਗ ਵਸੀਲਿਆਂ ਤੋਂ ਪਤਾ ਚੱਲਿਆ ਹੈ ਕਿ ਦਿੱਲੀ ਵਾਲਿਆਂ ਨੇ ਸਰਕਾਰ ਨਾਲ ਰਾਬਤਾ ਕਾਇਮ ਕਰਕੇ 300 ਪੁਲੀਸ ਦੇ ਆਦਮੀਆਂ ਕੋਲੋਂ ਘੇਰਾ ਪੁਆ ਦਿੱਤਾ ਤਾਂ ਕਿ ਪਿੰਡ ਵਾਸੀ ਡਰਕੇ ਇਸਦਾ ਪ੍ਰਬੰਧ ਛੱਡ ਜਾਣ। ਜਦੋਂ ਹੀ ਇਸ ਗੱਲ ਦਾ ਪਤਾ ਰਾਜਾ-ਸਭਾ ਦੇ ਮੈਂਬਰ ਸੇਖਦੇਵ ਸਿੰਘ ਢੀਂਡਸਾ ਨੂੰ ਪਤਾ ਚੱਲਿਆ ਤਾਂ ਉਸ ਨੇ ਸਰਕਾਰ ਨੂੰ ਸਮਝਾਇਆ ਕਿ ਇਹ ਮੇਰਾ ਇਲਾਕਾ ਹੈ, ਮੈਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਆਪਣੀ ਭਲਾਈ ਇਸੇ ਵਿਚ ਹੈ ਕਿ ਪੁਲੀਸ ਵਾਪਸ ਬੁਲਾ ਲਈ ਜਾਵੇ ਤੇ ਪਿੰਡ ਵਾਸੀਆਂ ਨਾਲ ਕੋਈ ਝਗੜਾ ਨਾ ਕੀਤਾ ਜਾਵੇ। ਜੇਕਰ ਆਪਾਂ ਦਿੱਲੀ ਗੈਂਗ ਦੀ ਮੱਦਦ ਕੀਤੀ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ।
ਲੰਡੇ ਨੂੰ ਖੁੰਡਾ ਵਲ ਭੰਨ ਕੇ ਮਿਲਦਾ ਹੈ ਵਾਲੀ ਕਹਾਵਤ ਇੱਥੇ ਲਾਗੂ ਹੁੰਦੀ ਹੈ। ਕਹਿੰਦੇ ਨੇ ਕਿ ਜੈਵਇੰਦਰ ਸਿੰਘ ਪਹਿਲਾਂ ਕਿਸੇ ਸਰਕਾਰੀ ਅਹੁਦੇ ਤੋਂ ਰੀਟਾਇਰ ਹੈ ਤੇ ਪੈਨਸ਼ਨ ਲੈਂਦਾ ਹੈ। ਹੁਣ ਸਿੱਖ ਕੌਮ ਦੀ ਸੇਵਾ ਕਰਨ ਹਿਤ ਕੰਲਗੀਧਰ ਟਰੱਸਟ ਨਾਲ ਮੁਫਤ ਕੰਮ ਕਰਦਾ ਹੈ।
ਜਾਬਰ ਧਿਰ, ਕਈ ਵਾਰੀ ਕਿਸੇ ਵਿਆਕਤੀ ਨੂੰ ਬਦਨਾਮ ਕਰਨ ਹਿਤ ਵੀ, ਆਪਣੇ ਫਾਇਦੇ ਲਈ ਸਰਕਾਰੀ ਕਾਇਦੇ ਕਾਨੂੰਨ ਵਰਤਦੀ ਹੈ। ਇਨ੍ਹਾਂ ਨਾਲ ਕੰਮ ਕਰ ਰਹੇ ਹੋਰ ਸੱਜਣਾਂ ਤੋਂ ਪਤਾ ਚੱਲਿਆ ਕਿ ਜੈਵਇੰਦਰ ਸਿੰਘ ਤੇ 35-40 ਲੱਖ ਰੁਪੈ ਦੇ ਗਬਨ ਦਾ ਕੇਸ ਦਰਜ਼ ਹੈ ਤੇ ਦੋ ਪੁਰਾਣੀਆਂ ਗੱਡੀਆਂ ਵੇਚ ਕੇ ਆਪਣੇ ਨਾਮ ਤੇ ਦੋ ਹੋਰ ਨਵੀਆਂ ਗੱਡੀਆਂ ਖਰੀਦੇ ਜਾਣ ਦਾ ਦੋਸ਼ ਵੀ ਆਇਦ ਕੀਤਾ ਜਾ ਚੁੱਕਿਆ ਹੈ।
ਇਕ ਹੋਰ ਜੋ ਬਹੁਤ ਹੀ ਦੁਖਦਾਈ ਘਟਨਾ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਉਸਾਰੀ ਦਾ ਕੰਮ ਕਰ ਰਹੇ ਕਿਸੇ ਮਿਸਤਰੀ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਉਹ ਕਾਫੀ ਹੱਦ ਤਕ ਸੜ ਗਿਆ ਪਰ ਕੰਲਗੀਧਰ ਟਰੱਸਟ ਨੇ ਉਸਦਾ ਇਲਾਜ਼ ਕਰਵਾਇਆ ਤੇ ਉਹ ਬੱਚ ਗਿਆ। ਜਦੋਂ ਉਹ ਫਿਰ ਕੰਮ ਕਰਨ ਦੇ ਲਾਇਕ ਹੋਇਆ ਤਾਂ ਉਹ ਜੈਵਇੰਦਰ ਸਿੰਘ ਦੀਆ ਮਿਨਤਾਂ ਤਰਲੇ ਕਰਦਾ ਰਹਿ ਗਿਆ।
ਉਹ ਗਰੀਬ ਆਦਮੀ 300 ਰੁਪੈ ਦਿਹਾੜੀ ਦੀ ਬਜਾਏ 150 ਰੁਪੈ ਤੇ ਵੀ ਕੰਮ ਕਰਨ ਨੂੰ ਤਿਆਰ ਸੀ ਪਰ ਜੈਵਇੰਦਰ ਸਿੰਘ ਨੇ ਉਸ ਨੂੰ ਕੰਮ ਤੇ ਨਾ ਲੱਗਣ ਦਿੱਤਾ। ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਮੂੰਹ ਬੋਲੀ ਭੈਣ ਜੋ ਮਲੇਰ ਕੋਟਲੇ ਤੋਂ ਹੈ, ਉਹ 35 ਏਕੜ ਜ਼ਮੀਨ ਕੰਲਗੀਧਰ ਟਰੱਸਟ ਨੂੰ ਦੇਣ ਚਾਹੁੰਦੀ ਸੀ ਤੇ ਹੁਣ ਤਕ ਉਹ 13 ਏਕੜ ਜ਼ਮੀਨ ਦੇ ਵੀ ਚੁੱਕੀ ਹੈ। ਉਸ ਨਾਲ ਵੀ ਕਿਸੇ ਗੱਲੋਂ ਝਗੜਾ ਚੱਲ ਰਿਹਾ ਹੈ। ਮੁਕਤਸਰ, ਬਠਿੰਡਾ ਤੇ ਹੋਰ ਕਈ ਅਕੈਡਮੀਜ਼ ਦੇ ਝਗੜੇ ਖੁੱਲ ਕੇ ਸਾਹਮਣੇ ਆਉਣ ਹੀ ਵਾਲੇ ਹਨ।
ਗੁਰੂ ਪਿਆਰੇ ਸਿੱਖ ਭਰਾਵੋ! ਆਪਣੇ ਬੱਚੇ ਆਪਣੇ ਕੋਲ ਰੱਖ ਕੇ ਵਿਦਿਆ ਦੇਵੋ। ਬੱਚਿਆਂ ਨੂੰ ਕਿਸੇ ਕੋਲ ਹੋਸਟਲ ਵਿਚ ਛੱਡਣ ਨਾਲ ਉਹ ਸਿੱਖ ਨਹੀਂ ਬਣਨ ਲੱਗੇ ਸਗੋਂ ਰਵਾਇਤੀ ਮਨੁੱਖ ਵੀ ਨਹੀਂ ਬਣਨਗੇ। ਜੇ ਕਿਸੇ ਨੂੰ ਛੱਕ ਹੋਵੇ ਤਾਂ ਮੈਂ ਇਸ ਗੱਲ ਦੀ ਤਸਦੀਕ ਵੈਨਕੂਵਰ ਵਾਸੀ, ਜੋ ਸੱਭ ਤੋਂ ਪਹਿਲਾਂ ਝੋਲਾ ਫੜ ਕੇ ਕੰਲਗੀਧਰ ਵਾਸਤੇ ਪੈਸੇ ਇਕੱਠੇ ਕਰਨ ਲੱਗਾ, ਕੋਲੋਂ ਕਰਵਾ ਸਕਦਾ ਹਾਂ। ਉਸ ਨੇ ਆਪਣੇ ਦੋਵੇਂ ਬੱਚੇ ‘ ਬੜੂ ਕਿ ਬੜੂ ਸਾਹਿਬ’ ਪੜ੍ਹਨੇ ਪਾਏ ਤੇ ਉਹ ਕੀ ਬਣ ਕੇ ਵਾਪਸ ਆਏ ਇਹ ਤਾਂ ਉਹ ਹੀ ਦੱਸ ਸਕਦੇ ਹਨ।
ਮਾਂ-ਬਾਪ ਦੇ ਪਿਆਰ ਤੋਂ ਸੱਖਣੇ ਬੱਚੇ ਵਧੀਆ ਇਨਸਾਨ ਨਾ ਬਣ ਕੇ ਸਗੋਂ ਵਿਗੜੇ ਇਨਸਾਨ ਦਾ ਰੂਪ ਧਾਰਣ ਕਰਦੇ ਹਨ।
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ {ਪੰਨਾ 474}
. ਇਹ ਪੰਗਤੀਆਂ ਗੁਰੂ ਸਾਹਿਬ ਨੇ ਸਾਡੇ ਵਾਸਤੇ ਲਿਖੀਆਂ ਹਨ। ਭਾਈ ਗੁਰਦਾਸ ਜੀ ਵੀ ਇਹੋ ਕੁੱਝ ਲਿਖਦੇ ਹਨ
“ ਪਿਤਾ ਕਉ ਪਿਆਰੁ ਨ ਪੜੋਸੀ ਸੇ ਪਾਈਐ”।
ਵਿਦਿਆ ਦੇਣ ਦਾ ਕੰਮ ਸਰਕਾਰਾਂ ਦਾ ਹੁੰਦਾ ਹੈ। ਜੇਕਰ ਸਰਕਾਰ ਸਾਡਾ ਭਲਾ ਨਹੀਂ ਕਰ ਸਕਦੀ ਤਾਂ ਪ੍ਰਾਈਵੇਟ ਸੰਸਥਾ ਸਾਡਾ ਭਲਾ ਕਿਵੇਂ ਮਨਾ ਸਕਦੀ ਹੈ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ#
647 966 3132, 810 449 1079
ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਬੜੂ ਵਾਲਿਆਂ ਦੀ ਅੰਦਰੂਨੀ ਲੜਾਈ ਜੋਰਾਂ ਤੇ
Page Visitors: 2755