ਕੇਜਰੀਵਾਲ ਦੇ ਮੁੱਖ ਸਕੱਤਰ 50 ਕਰੋੜ ਦੇ ਘੋਟਾਲੇ ‘ਚ ਗਿਰਫਤਾਰ
ਨਵੀਂ ਦਿੱਲੀ, 4 ਜੁਲਾਈ (ਪੰਜਾਬ ਮੇਲ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁੱਖ ਸਕੱਤਰ ਰਾਜੇਂਦਰ ਕੁਮਾਰ ਸਮੇਤ ਪੰਜ ਲੋਕਾਂ ਨੂੰ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਗ੍ਰਿਫਤਾਰ ਕੀਤਾ ਹੈ। ਰਾਜੇਂਦਰ ਕੁਮਾਰ ਉਤੇ ਅਹੁਦੇ ‘ਤੇ ਰਹਿੰਦਿਆਂ ਕਈ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਠੇਕੇ ਦੇਣ ਦਾ ਦੋਸ਼ ਹੈ। ਸੀ ਬੀ ਆਈ ਸੂਤਰਾਂ ਨੇ ਦੱਸਿਆ ਕਿ ਰਾਜੇਂਦਰ ਕੁਮਾਰ 50 ਕਰੋੜ ਰੁਪਏ ਦੇ ਉਸ ਘੋਟਾਲੇ ਦੇ ਸਾਜਿਸ਼ਘਾੜੇ ਦੇ ਤੌਰ ਉੱਤੇ ਉੱਭਰੇ ਹਨ ਜੋ ਸਾਲ 2006 ਵਿਚ ਹੋਇਆ ਸੀ। ਰਾਜੇਂਦਰ ਕੁਮਾਰ ਕੇਜਰੀਵਾਲ ਦੇ ਭਰੋਸੇਯੋਗ ਅਧਿਕਾਰੀਆਂ ਵਿਚੋਂ ਇਕ ਹਨ।
ਇੱਥੇ ਵਰਣਨਯੋਗ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਪਿਛਲੇ ਸਾਲ ਦਸੰਬਰ ਮਹੀਨੇ ਦਿੱਲੀ ਸਕੱਤਰੇਤ ‘ਚ ਮੁੱਖ ਸਕੱਤਰ ਰਾਜੇਂਦਰ ਕੁਮਾਰ ਦੇ ਦਫ਼ਤਰ ਅਤੇ ਉਨ•ਾਂ ਦੇ ਘਰ ‘ਤੇ ਛਾਪਾ ਮਾਰਿਆ ਸੀ। ਉਨ•ਾਂ ਵਿਰੁੱਧ ਦਿੱਲੀ ਡਾਇਲਾਗ ਦੇ ਸਾਬਕਾ ਸਕੱਤਰ ਆਸ਼ੀਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ‘ਚ ਹੋਰ ਮੁਲਜ਼ਮਾਂ ਦਿਨੇਸ਼ ਗੁਪਤਾ, ਏ.ਕੇ. ਦੁਗੱਲ, ਜੀ.ਕੇ. ਨੰਦਾ, ਆਰ.ਐਸ. ਕੌਸ਼ਿਕ ਅਤੇ ਐਸ.ਕੁਮਾਰ ਵੀ ਸ਼ਾਮਲ ਹਨ। ਸੀ ਬੀ ਆਈ ਸੂਤਰਾਂ ਦਾ ਕਹਿਣਾ ਹੈ ਕਿ ਰਾਜੇਂਦਰ ਕੁਮਾਰ ਦੇ ਘਰ ਤੋਂ 2.5 ਲੱਖ ਰੁਪਏ ਅਤੇ ਤਿੰਨ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਸਨ। ਦੱਸਿਆ ਜਾ ਰਿਹਾ ਹੈ ਕਿ ਰਾਜੇਂਦਰ ਕੁਮਾਰ ਨਾ ਤਾਂ ਜਾਂਚ ‘ਚ ਸਹਿਯੋਗ ਕਰ ਰਹੇ ਸਨ ਤੇ ਨਾ ਹੀ ਆਪਣਾ ਈਮੇਲ ਅਕਾਊਂਟ ਖੋਲਣ ਦੇ ਰਹੇ ਸਨ। ਇਸ ਗ੍ਰਿਫਤਾਰੀ ਮਗਰੋਂ ਕੇਂਦਰ ਅਤੇ ਦਿੱਲੀ ਸਰਕਾਰ ਵਿਚਾਲੇ ਟਕਰਾਅ ਵੀ ਵੱਧ ਗਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੀ ਵਧਦੀ ਪ੍ਰਸਿੱਧੀ ਤੋਂ ਬੌਖਲਾਹਟ ਵਿਚ ਆ ਗਈ ਹੈ ਅਤੇ ਉਹ ਉਸ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ਵਿਚ ਲੱਗੀ ਹੋਈ ਹੈ। ਕੇਜਰੀਵਾਲ ਨੇ ਇਸ ਕਾਰਵਾਈ ਲਈ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ ਅਤੇ ਕਿਹਾ ਕਿ ਰਾਜਨੀਤਕ ਤੌਰ ‘ਤੇ ਮੋਦੀ ਮੇਰਾ ਸਾਹਮਣਾ ਨਹੀਂ ਕਰ ਪਾ ਰਹੇ। ਮੋਦੀ ਨੇ ਇਹ ਬੁਜਦਿੱਲੀ ਦਿਖਾਈ ਹੈ। ਆਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤਾਨਾਸ਼ਾਹੀ ਕਰ ਰਹੇ ਹਨ। ਉਹ ਜਨਤਾ ਵਿਚਾਲੇ ਆਪਣੀ ਲੋਕਪ੍ਰਿਯਤਾ ਗੁਆ ਚੁਕੇ ਹਨ। ਆਪ ਨੇਤਾਵਾਂ ਨੇ ਇਸ ਘਟਨਾ ਦੀ ਤੁਲਨਾ ਜਲਿਆਂਵਾਲਾ ਬਾਗ਼ ਨਾਲ ਕਰ ਦਿੱਤੀ।