ਲਿਖਿ ਲਿਖਿ ਪੜਿਆ ॥ ਤੇਤਾ ਕੜਿਆ॥
ਕੁਝ ਰੁਝੇਵਿਆ ਕਾਰਣ ਘੱਗਾ ਜੀ ਦਾ ਇਹ ਲੇਖ ਦਾਸ ਨੇ ਅੱਜ ਪੜਹਿਆ । ਜਿਸ ਗੱਲ ਨੂੰ ਘੱਗਾ ਜੀ ਬਹੁਤ ਘੱਟ ਸਤਰਾਂ ਵਿੱਚ ਕਹਿ ਸਕਦ ਸਨ ਉਸਨੂੰ ਉਨ੍ਹਾਂ ਨੇ ਬਹੁਤ ਲੰਮਾ ਖਿੱਚ ਦਿਤਾ ਹੈ। ਉਸਦਾ ਕਾਰਣ ਇਹ ਹੈ ਕਿ ਘੱਗਾ ਜੀ ਨੂੰ ਅਪਣੀ ਗੱਲ ਸਹੀ ਸਾਬਿਤ ਕਰਣ ਲਈ ਬਹੁਤ ਤਰਕ ਇਕੱਠੇ ਕਰਣੇ ਪਏ ਹਨ ।
ਬਹੁਤ ਸਾਰੇ ਤਰਕ ਅਤੇ ਦਲੀਲਾਂ ਦਾ ਸਹਾਰਾ ਬੰਦੇ ਨੂੰ ਤਾਂ ਹੀ ਲੈਣਾਂ ਪੈੰਦਾ ਹੈ , ਜਦੋ ਉਸਨੂੰ ਅਪਣੀ ਕਹੀ ਗੱਲ ਤੇ ਪੂਰੀ ਤਰ੍ਹਾਂ ਯਕੀਨ ਨਹੀ ਹੂੰਦਾ ।
ਘੱਗਾ ਜੀ ਦੇ ਲੇਖ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਕੋਈ ਸਿਰ ਪੈਰ ਨਜਰ ਨਹੀ ਆਇਆ ਅਤੇ ਉਨ੍ਹਾਂ ਦਾ ਇਹ ਲੇਖ ਸਿਰਫ ਉਨ੍ਹਾਂ ਦੀ ਨਿਜੀ ਸੋਚ ਉੱਤੇ ਲਿਖਿਆ ਗਿਆ ਪ੍ਰਤੀਤ ਹੂੰਦਾ ਹੈ । ਘੱਗਾ ਸਾਹਿਬ ਦਾ ਇਹ ਲੇਖ ਬਹੁਤ ਹੀ ਨੀਵੇ ਸਤਰ ਦਾ ਹੈ, ਜਦਕਿ ਉਹ ਇਕ ਚੰਗੇ ਵਿਚਾਰਕ ਅਤੇ ਲਿਖਾਰੀ ਅਤੇ ਨਾਲ ਨਾਲ ਇਕ ਚੰਗੇ ਕਥਾ ਵਾਚਕ ਵੀ ਹਨ । ਇਸ ਲੇਖ ਦੀਆਂ ਤਿਨ ਬਹੁਤ ਵੱਡੀਆਂ ਕਮੀਆਂ ਹਨ।
1- ਤਰਕ ਕਰਕੇ ਗੈਰ ਸਿਧਾਂਤਕ ਗੱਲਾਂ ਨੂੰ ਸਿਧਾਂਤਕ ਸਾਬਿਤ ਕਰਣ ਦੀ ਕੋਸ਼ਿਸ਼ ਕਰਣਾਂ।
2- ਕੀਰਤਨ ਅਤੇ ਸੰਗੀਤ ਦੋਹਾਂ ਦੀ ਪਰਿਭਾਸ਼ਾ ਦਾ ਪੂਰਾ ਗਿਆਨ ਨਾਂ ਹੋਣਾਂ ਤੇ ਦੋਹਾ ਨੂੰ ਆਪਸ ਵਿੱਚ ਰਲਾ ਕੇ ਆਪ ਹੀ ਭਟਕ ਜਾਂਣਾਂ ।
3- ਸੰਗੀਤ ਅਤੇ ਕੀਰਤਨ ਦੋਹਾਂ ਦੀ ਮਹੱਤਤਾ ਨੂੰ ਬਹੁਤ ਹਲਕੇ ਤਰਕਾਂ ਰਾਹੀ ਰੱਦ ਕਰਣ ਦੀ ਕੋਸ਼ਿਸ਼ ਕਰਣਾਂ । ਜਦ ਕੀ ਕੀਰਤਨ ਅਤੇ ਸੰਗੀਤ ਦੀ ਪਰਿਭਾਸ਼ਾ ਵਿੱਚ ਹੀ ਬਹੁਤ ਵੱਡਾ ਫਰਕ ਹੈ। ਦੋਹਾ ਦਾ ਮਨੁਖ ਦੀ ਜਿੰਦਗੀ ਵਿੱਚ ਬਹੁਤ ਗਹਿਰਾ ਸੰਬੰਧ ਵੀ ਹੈ।
ਪਹਿਲਾਂ ਹੇਠਾਂ ਤੋਂ ਸ਼ੁਰੂ ਕਰਦੇ ਹਾਂ । ਘੱਗਾ ਸਾਹਿਬ ਸੰਗੀਤ ਅਤੇ ਕੀਰਤਨ ਨੂੰ ਰਲ ਗਡ ਕਰਕੇ ਆਪ ਹੀ ਕਨਫੂਜ ਹੋ ਗਏ ਹਨ ਜਿਸ ਨਾਲ ਇਹ ਪੂਰਾ ਲੇਖ ਹੀ ਬਹੁਤ ਹਲਕੀ ਕਿਸਮ ਦੀ ਲਿਖਤ ਬਣ ਗਿਆ ਹੈ ।
ਕੀਰਤਨ ਕੀ ਹੈ ?
ਕਥਨ,, ਵਖਾਯਾਨ,, ਗੁਰਮਤਿ ਵਿੱਚ ਰਾਗ ਸਹਿਤ ਕਰਤਾਰ ਦੇ ਗੁਣ ਗਾਉਨ ਦਾ ਨਾਉ "ਕੀਰਤਨ" ਹੈ ।
(ਭਾਈ ਕਾਨ੍ਹ ਸਿੰਘ ਨਾਭਾ ਲਿਖਿਤ ਮਹਾਨ ਕੋਸ਼ ਅਨੁਸਾਰ)
ਸੰਗੀਤ ਕੀ ਹੈ ?
ਨ੍ਰਿਤਯ, ਗਾਯਨ ਅਤੇ ਬਜਾਉਣਾਂ ।, ਇਨ੍ਹਾਂ ਤਿਨਾਂ ਦਾ ਸਮੁਦਾਯ ਆਦਿਕ
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ)
ਕੀਰਤਨ ਉਸ ਮਾਲਿਕ ਦੀ ਕਿਰਤ (ਗੁਣ) ਹੂੰਦੀ ਹੈ ਜਿਸਨੂੰ ਗਾ ਕੇ ਵੀ ਕੀਤਾ ਜਾ ਸਕਦਾ ਹੈ ਸਾਜ ਵਜਾ ਕੇ ਵੀ ਕੀਤਾ ਜਾ ਸਕਦਾ ਹੈ ਅਤੇ ਉਸਨੂੰ ਗੁਨ ਗੁਨਾ ਕੇ ਵੀ ਅਪਣੇ ਮਾਲਿਕ ਦੀ ਉਸਤਤਿ ਕੀਤੀ ਜਾ ਸਕਦੀ ਹੈ। ਅਪਣੇ ਮਾਲਿਕ ਦੀ ਉਸਤਤਿ ਅਪਣੇ ਮੰਨ ਵਿੱਚ ਵੀ ਕੀਤੀ ਜਾ ਸਕਦੀ ਹੈ। ਉਸਦੀ ਕਿਰਾਤ ਜਾਂ ਉਸ ਦਾ ਕੀਰਤਨ ਵੱਖ ਵੱਖ ਤਰੀਕੇ ਨਾਲ ਕੀਤਾ ਜਾਂਦਾ ਹੈ।
ਘੱਗਾ ਸਾਹਿਬ ਤਾਂ ਇੱਥੇ ਉਸ ਕਰਤਾਰ ਦੀ ਕਿਰਤ ਜਾਂ ਉਸਤਤਿ (ਕੀਰਤਨ) ਨੂੰ ਹੀ ਰੱਦ ਕਰ ਰਹੇ ਨੇ ਇਹ ਕਹਿ ਕੇ ਕਿ ,
"ਮੈਂ ਤੁਹਾਡੀਆਂ ਸਾਰੀਆਂ ਦਲੀਲਾਂ ਨਾਲ ਸਹਿਮਤਿ ਹੋ ਜਾਵਾਂਗਾ । ਕੀਰਤਨ ਦੇ ਹਕ ਵਿੱਚ ਪ੍ਰਚਾਰ ਕਰਣ ਲੱਗ ਜਾਵਾਂਗਾ । ਮੈਨੂੰ ਕੋਈ ਇੱਕ ਕ੍ਰਾਂਤੀਕਾਰੀ ਯੋਧਾ ਦੱਸ ਦਿਉ, ਜਸਨੇ ਕੀਰਤਨ ਰਾਂਹੀ ਆਜਾਦੀ ਪ੍ਰਾਪਤ ਕੀਤੀ ਹੋਵੇ ।"
ਵਾਹ ਘੱਗਾ ਸਾਹਿਬ ਤੁਸੀ ਤਾਂ ਇਨ੍ਹਾਂ ਸਤਰਾਂ ਵਿੱਚ ਕਰਤਾਰ ਦੀ ਉਸਤਤਿ ਕਰਣ ਨੂੰ ਹੀ ਰੱਦ ਕਰ ਦਿਤਾ। ਇਨ੍ਹੇ ਵੱਡੇ ਵਿਦਵਾਨ ਹੋਕੇ ਤੁਸੀ, ਕਾਮਰੇਡਾਂ ਅਤੇ ਨਾਸਤਿਕਾਂ ਵਾਲੀ ਗੱਲ ਲਿੱਖ ਦਿਉਗੇ , ਇਸ ਦੀ ਤਾਂ ਉੱਕਾ ਹੀ ਉੱਮੀਦ ਨਹੀ ਸੀ ! ਗੁਰਬਾਣੀ ਤਾਂ ਕੀਰਤਨ ਨੂੰ ਉਸ ਹਰਿ ਦੀ ਵਡਿਆਈ ਦਸਦੀ ਹੈ
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥ ਅੰਕ 84
ਕਰਿ ਕੀਰਤਨੁ ਮਨ ਸੀਤਲ ਭਏ ॥
ਜਨਮ ਜਨਮ ਕੇ ਕਿਲਵਿਖ ਗਏ ॥ ਅੰਕ 178
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥ ਅੰਕ 214
ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕੀਰਤਨ ਦੀ ਮਹੱਤਾ ਬਾਰੇ, ਸੈਕੜੇ ਪ੍ਰਮਾਣ ਮਿਲਦੇ ਹਨ ਤੇ ਤੁਸੀ ਕਹਿੰਦੇ ਹੋ ਕੇ ਮੈਨੂੰ ਕੋਈ ਇਕ ਕਰਾਂਤੀਕਾਰੀ ਯੋਧਾ ਦਸ ਦਿਉ, ਜਿਸਨੇ ਕੀਰਤਨ ਰਾਂਹੀ ਆਜਾਦੀ ਪ੍ਰਾਪਤ ਕੀਤੀ ਹੋਵੇ "
ਵਾਹ ਘੱਗਾ ਸਾਹਿਬ ਤੁਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਹੀ ਰੱਦ ਕਰ ਦਿਤਾ ਹੈ। ਕੀ ਹੋ ਗਿਆ ਤੁਹਾਡੀ ਸੋਚ ਨੂੰ ਇਹ ਲੇਖ ਲਿਖਣ ਵੇਲੇ?
ਦੂਜੀ ਗਲ ਇਹ ਵੀ ਕਹਿਣ ਯੋਗ ਹੈਕਿ ਕੀਰਤਨ ਨਾਲ ਮੈਦਾਨ ਵਿੱਚ ਲੜੇ ਜਾਂਣ ਵਾਲੇ ਯੁਧ ਨਹੀ ਜਿੱਤੇ ਜਾਂਦੇ । ਨਾਂ ਹੀ ਦੇਸ਼ਾਂ ਤੇ ਕੌਮਾਂ ਦੀ ਅਜਾਦੀ ਦੀ ਜੰਗ ਲੜੀ ਜਾਂਦੀ ਹੈ । ਇਸ ਨਾਲ ਮੰਨ ਵਿੱਚ ਚੱਲ ਰਹੀਆਂ ਅਹੰਕਾਰ , ਦਵੈਸ਼, ਅਤੇ ਪਾਪਾ ਅਤੇ ਵਿਕਾਰਾਂ ਦੀਆਂ ਜੰਗਾ ਉਸ ਕਰਤੇ ਦੇ ਕੀਰਤਨ ਨਾਲ ਹੀ ਜਿੱਤੀਆਂ ਗਈਆਂ ਹਨ । ਅਤੇ ਇਨ੍ਹਾਂ ਵਿਕਾਰਾਂ ਤੋਂ ਮਨੁਖ ਨੂੰ ਉਸ ਕਰਤਾਰ ਦੇ ਕੀਰਤਨ ਨਾਲ ਹੀ ਆਜ਼ਾਦੀ ਮਿਲ ਸਕਦੀ ਹੈ । ਬਾਬਾ ਕਬੀਰ ਜੀ, ਬਾਬਾ ਨਾਮਦੇਵ ਜੀ ਅਤੇ ਹੋਰ ਭਗਤ ਇਕ ਕਰਤਾਰ ਨੂੰ ਅਰਾਧਨ ਵਾਲੇ ਕੀ ਉਹ ਮਹਾਨ ਯੋਧੇ ਨਹੀ ਸਨ ਜਿਨ੍ਹਾਂ ਨੇ ਅਪਣੇ ਮੰਨ ਦੇ ਵਿਕਾਰਾਂ ਨੂੰ ਉਸ ਕਰਤਾਰ ਦੇ ਕੀਰਤਨ ਨਾਲ ਹੀ ਅਪਣੇ ਤੇ ਸਵਾਰ ਵਿਕਾਰਾਂ ਅਤੇ ਪਾਪਾ ਨਾਲ ਯੁਧ ਜਿੱਤ ਲਏ ਤੇ ਇਂ੍ਹਾਂ ਤੋਂ ਅਜਾਦੀ ਪ੍ਰਾਪਤ ਕਰ ਲਈ ?
ਦਾਸ ਨੇ ਘੱਗਾ ਸਾਹਿਬ ਦੀਆਂ ਲਿਖਤਾਂ ਵਿੱਚ ਬਹੁਤ ਕੁਝ ਸਿਖਿਆ ਹੈ , ਲੇਕਿਨ ਕਦੀ ਕਦੀ ਵਿਦਵਤਾ ਦੀ ਚਾਸਨੀ ਇੱਨੀ ਗਾੜ੍ਹੀ ਹੋ ਜਾਂਦੀ ਹੈ ਕਿ ਹੱਥਾਂ ਨੂੰ ਲੱਗਣ ਤੋਂ ਬਾਦ ਉਹ ਚੰਬੜਨ ਲੱਗ ਪੈੰਦੀ ਹੈ । ਤੇ ਹੱਥ ਧੋ ਲੈਣ ਨੂੰ ਜੀ ਕਰਣ ਲੱਗ ਪੈੰਦਾ ਹੈ । ਦਾਸ ਨਾਂ ਰੂੜੀਵਾਦੀ ਹੈ ਤੇ ਨਾਂ ਹੀ ਪਰਮਪਰਾਵਾਦੀ । ਲੇਕਿਨ ਤਰਕਾਂ ਅਤੇ ਫਿਲਾਸਫੀ ਤੇ ਦਿੱਤੀਆਂ ਦਲੀਲਾਂ ਮੈਨੂੰ ਕਦੀ ਵੀ ਹਜਮ ਨਹੀ ਹੋਈਆਂ ।
ਘੱਗਾ ਸਾਹਿਬ ਜੇ ਤੁਸੀ ਰਬਾਬ ਵਜਾਉਣ ਜਾਂ ਰਬਾਬ ਵਜਾ ਕੇ ਉਸ ਕਰਤਾਰ ਦੇ ਗੁਣ ਗਾਉਣ ਨੂੰ ਵੀ ਗੈਰ ਸਿਧਾਂਤਕ ਅਤੇ ਮਹੱਤਵਹੀਨ ਸਾਬਿਤ ਕਰਣਾਂ ਚਾਂਉਦੇ ਹੋ ਤਾਂ ਬਹੁਤ ਅਫਸੋਸ ਦੀ ਗਲ ਹੈ। ਸੰਗੀਤ ਅਤੇ ਸਾਜਾਂ ਦੇ ਨਾਲ ਉਸ ਕਰਤੇ ਦੇ ਗੁਣਾਂ ਨੂੰ ਗਾਉਣ ਅਤੇ ਸੁਨਣ ਦਾ ਇਕ ਅਲਗ ਹੀ ਅਹਿਸਾਸ ਹੂੰਦਾ ਹੈ। ਤੁਸੀ ਤਾਂ ਔਰੰਗਜੇਬੀ ਸੋਚ ਨੂੰ ਇਸ ਲੇਖ ਰਾਂਹੀ ਸਾਡੇ ਤੇ ਥੋਪ ਰਹੇ ਹੋ। ਉਸਨੇ ਵੀ ਅਪਣੇ ਰਾਜ ਵਿੱਚ ਸੰਗੀਤ ਦੇ ਸਾਰੇ ਸਾਜੋ ਸਮਾਨ ਨੂੰ ਜਮੀਨ ਹੇਠਾਂ ਦਫਨਾਂ ਦਿੱਤਾ ਸੀ ਅਤੇ ਕਿਸੇ ਨੂੰ ਵੀ ਗਾਉਣ ਵਜਾਉਣ ਦੀ ਇਜਾਜਤ ਨਹੀ ਸੀ।
ਰਹੀ ਗੱਲ ਕਿ ਜੇ ਗੁਰੂ ਨਾਨਕ ਸਾਹਿਬ ਮਰਦਾਨੇ ਕੋਲੋਂ ਕੀਰਤਨ ਕਰਣ ਵੇਲੇ ਰਬਾਬ ਵਜਵਾਂਉਦੇ ਸਨ ਤਾਂ ਕੀ ਉਹ ਹਰ ਗਲ ਰਬਾਬ ਵਜਾ ਕੇ ਹੀ ਕਰਦੇ ਰਹੀੰਦੇ ਸਨ ? ਤੇ ਗੁਰੂ ਅਰਜੁਨ ਸਾਹਿਬ ਨੇ ਬਾਣੀਦਾ ਉੱਚਾਰਣ ਕਰਣ ਵੇਲੇ ਫਿਰ ਰਬਾਬ ਕਿਉ ਨਹੀ ਵਰਤੀ ? ਇਹ ਬਹੁਤ ਹੀ ਹਲਕੇ ਤੇ ਬਚਕਾਨੇ ਤਰਕ ਹਨ । ਮਿਸਾਲ ਦੇ ਤੌਰ ਤੇ , ਜੇ ਮੇਰੇ ਪਿਤਾ ਜੀ ਨੂੰ ਸੰਗੀਤ ਨਾਲ ਕੋਈ ਸਰੋਕਾਰ ਨਹੀ ਸੀ ਲੇਕਿਨ ਮੈਂ ਜਦੋ ਇਕੱਲਾ ਬੈਠ ਕੇ ਗਿਟਾਰ ਜਾਂ ਵਾਇਲਨ ਵਜਾਂਉਦਾ ਜਾਂ ਸੁਣਦਾ ਹਾਂ ਤਾਂ ਇਕ ਵਖਰੀ ਸ਼ਾਂਤੀ ਅਤੇ ਸੁੱਖ ਦੀ ਅਨੁਭੂਤੀ ਹੂੰਦੀ ਹੈ। ਜੇ ਉਸ ਸਾਜ ਅਤੇ ਰਾਗ ਦੇ ਨਾਲ, ਉਸ ਕਰਤਾਰ ਦੀ ਉਸਤਤਿ ਜਾਂ ਕੀਰਤਨ ਵੀ ਜੁੜ ਜਾਏ ਤਾਂ ਉਸ ਸੰਗਿਤ ਅਤੇ ਰਾਗ ਨੂੰ ਚਾਰ ਚੱਨ ਲੱਗ ਜਾਂਦੇ ਹਨ । ਘੱਗਾ ਸਾਹਿਬ ਜੀ, ਜੇ ਮਰਦਾਨਾਂ ਰਬਾਬ ਵਜਾਉਦਾ ਸੀ ਤਾਂ ਗੁਰੂ ਨਾਨਕ ਸਾਹਿਬ ਰਬਾਬੀ ਕਿਸ ਤਰ੍ਹਾਂ ਬਣ ਗਏ। ਗੁਰੂ ਨਾਨਕ ਸਾਹਿਬ ਵੀ ਉਸ ਕਰਤਾਰ ਦੇ ਕੀਰਤਨ ਨੂੰ ਹੋਰ ਪ੍ਰਭਾਵਸ਼ਾਲੀ ਬਨਾਉਣ ਲਈ ਹੀ ਰਾਗ ਅਤੇ ਸਾਜ ਦਾ ਮੇਲ ਕਰ ਦਿੰਦੇ ਹੋਣਗੇ ਤਾਂ ਇਸ ਵਿੱਚ ਤੁਹਾਨੂੰ ਗੈਰ ਸਿਧਾਂਤਕ ਕੇੜ੍ਹੀ ਗੱਲ ਲੱਗ ਰਹੀ ਹੈ?
ਹੁਣ ਤਾਂ ਸਾਈੰਸ ਨੇ ਵੀ ਇਹ ਸਾਬਿਤ ਕਰ ਦਿਤਾ ਹੈ ਕਿ ਜੇ ਗਰਭਵਤੀ ਇਸਤ੍ਰੀ ਸੰਗੀਤ ਸੁਣੇ ਤਾਂ ਉਸ ਦੇ ਪੇਟ ਵਿੱਚ ਪੱਲ ਰਹੇ ਬੱਚੇ ਦਾ ਵਿਕਾਸ ਬਹੁਤ ਵਧੀਆ ਹੂੰਦਾ ਹੈ। ਸੰਗੀਤ ਨਾਲ ਇਹੋ ਜਹੇ ਰੋਗ ਠੀਕ ਹੋ ਗਏ ਵੇਖੇ ਗਏ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀ ਸੀ। ਸੰਗੀਤ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਏੰਗਜਾਈਟੀ ਨੀਉਰੋਸਿਸ ਅਤੇ ਡਿਪ੍ਰੇਸਿਵ ਡਿਸਾਰਡਰ ਵਰਗੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ । ਫਿਰ ਮਨੁਖ ਦੇ ਦਿਮਾਗ ਅਤੇ ਵਿਵਹਾਰ ਵਿੱਚ ਇਨ੍ਹਾਂ ਵੱਡਾ ਪਰਿਵਰਤਨ ਲੈ ਆਉਣ ਵਾਲੇ ਸੰਗੀਤ ਨੂੰ ਜੇ ਉਸ ਕਰਤਾਰ ਦੇ ਕੀਰਤਨ ਨਾਲ ਜੇ ਜੋੜ ਦਿੱਤਾ ਜਾਵੇ ਤਾਂ ਉਸ ਦਾ ਪ੍ਰਭਾਵ ਕਿਨੇ ਗੁਣਾਂ ਵੱਧ ਸਕਦਾ ਹੈ , ਇਸ ਗੱਲ ਨੂੰ ਵੀ ਨਕਾਰਿਆ ਨਹੀ ਜਾ ਸਕਦਾ।
ਗੁਰੂ ਨਾਨਕ ਨੂੰ ਰਾਬਾਬੀ ਕਹਿ ਕੇ ਸੰਬੋਧਿਤ ਕਰਣਾਂ ਵੀ ਤੁਹਾਡੇ ਲੇਖ ਦੀ ਇਕ ਬਹੁਤ ਵੱਡੀ ਕਮਜੋਰੀ ਹੈ , ਜੋ ਤੁਹਾਡੀ ਮਾਨਸਿਕਤਾ ਨੂੰ ਵੀ ਦਰਸਾਉਦੀ ਹੈ। ਗੁਰੂ ਨਾਨਕ ਇਕ ਇਨਕਲਾਬੀ ਸੀ ਇਸਨੂੰ ਕੌਣ ਨਕਾਰ ਸਕਦਾ ਹੈ। ਲੇਕਿਨ ਗੁਰੂ ਨਾਨਕ ਰਬਾਬੀ ਸੀ ਇਹ ਕਹਿਣਾਂ ਤਾਂ ਬਹੁਤ ਹੀ ਹੋਛਾ ਪਰਤੀਤ ਹੂੰਦਾ ਹੈ। ਸਾਨੁੰ ਸਤਕਾਰਤ ਗੁਰੂਆਂ ਬਾਰੇ ਕੁਝ ਵੀ ਲਿੱਖਣ ਵੇਲੇ ਸ਼ਬਦਾਂ ਦੀ ਚੋਣ ਬਹੁਤ ਸਲੀਕੇ ਅਤੇ ਸਨਮਾਨ ਨਾਲ ਕਰਣੀ ਚਾਹੀਦੀ ਹੈ।
ਗੁਰੂ ਨਾਨਕ ਸਾਹਿਬ ਨੇ ਨਾਂ ਕਦੀ ਰਬਾਬ ਵਜਾਈ ਤੇ ਨਾਂ ਹੀ ਉਨ੍ਹਾਂ ਦਾ ਧੰਦਾ ਰਬਾਬ ਵਜਾਉਣਾਂ ਸੀ, ਜੋ ਉਨ੍ਹਾਂ ਨੂੰ ਰਬਾਬੀ ਕਹਿ ਕੇ ਸੰਬੋਧਿਤ ਕੀਤਾ ਜਾਵੇ।
ਉਹ ਤਾਂ ਉਸ ਕਰਤਾਰ ਦੇ ਇਲਾਹੀ ਹੁਕਮਾਂ ਨੂੰ ਸੰਗੀਤ ਦੇ ਮੇਲ ਨਾਲ ਹੋਰ ਪ੍ਰਭਾਵੀ ਬਣਾਂ ਕੇ ਦੁਨੀਆ ਤਕ ਪਹੁੰਚਾ ਦਿੰਦੇ ਸਨ।
ਰਬਾਬ ਵੀ ਸੰਗੀਤ ਦਾ ਇਕ ਸਾਜ ਹੈ। ਅਤੇ ਸੰਗੀਤ ਦੇ ਨਾਲ ਜੋ ਕੁਝ ਵੀ ਬੋਲਿਆ ਅਤੇ ਗਾਇਆ ਜਾਂਦਾ ਹੈ ਸੁਨਣ ਵਾਲੇ ਤੇ ਉਸ ਦਾ ਬਹੁਤ ਜਿਆਦਾ ਪ੍ਰਭਾਵ ਪੈਂਦਾ ਹੈ ਅਤੇ ਸੰਗੀਤ ਦੇ ਲੇਰਿਕਸ (ਬੋਲ) ਮਨੁਖ ਨੂੰ ਬਹੁਤ ਜਲਦੀ ਕੰਠ ਹੋ ਜਾਂਦੇ ਹਨ ਅਤੇ ਉਸ ਦੇ ਅਵਚੇਤਨ ਮੰਨ (ਸਬ ਕਾਂਸ਼ਿਅਸ ਮਾਈੰਡ) ਵਿੱਚ ਬਹੁਤ ਦਿਨਾਂ ਤਕ ਵੱਸੇ ਰਹਿੰਦੇ ਹਨ। ਇਹੀ ਕਾਰਣ ਹੈ ਕਿ ਜੋ ਗਾਨੇ ਅਸੀ ਬਚਪਨ ਵਿੱਚ ਸੁਣਿਆਂ ਕਰਦੇ ਸੀ , ਉਹ ਅਜ ਵੀ ਸਾਨੂੰ ਯਾਦ ਹਨ।
ਘੱਗਾ ਸਾਹਿਬ ਇਹ ਸੰਗੀਤ ਦਾ ਵਿਸ਼ਾ ਬਹੁਤ ਹੀ ਵੱਡਾ ਤੇ ਵਿਗਿਆਨਿਕ ਵਿਸ਼ਾ ਹੈ , ਇਸ ਬਾਰੇ ਲਿੱਖਣ ਲਈ ਬਹੁਤ ਥਾਂ ਅਤੇ ਸਮਾਂ ਚਾਹੀਦਾ ਹੈ। ਦਾਸ ਆਪ ਜੀ ਦੀ ਵਿਦਵਤਾ ਨੂੰ ਕਦੀ ਵੀ ਕੋਈ ਚੁਨੌਤੀ ਨਹੀ ਦਿੱਤੀ ਅਤੇ ਆਪਜੀ ਦੀ ਵਿਦਵਤਾ ਦੇ ਅਗੇ ਮੈਂ ਪਾਸਕੂ ਦੇ ਸਮਾਨ ਹਾਂ । ਲੇਕਿਨ ਇਹ ਲੇਖ ਆਪਜੀ ਦੀ ਵਿਦਵਤਾ ਨਾਲ ਉੱਕਾ ਹੀ ਨਹੀ ਢੁਕਦਾ। ਇੰਜ ਲਗਦਾ ਹੈ ਕਿ ਲਿੱਖਣ ਪਿਛੇ ਤੁਸੀ ਇਹ ਲੇਖ ਲਿੱਖ ਦਿਤਾ ਹੈ। ਇਸ ਵਿੱਚ ਕੁਝ ਵੀ ਐਸਾ ਨਹੀ ਜਿਸਤੋਂ ਕੋਈ ਸੇਧ ਜਾਂ ਸਿਖਿਆ ਲਈ ਜਾ ਸਕਦੀ ਹੋਵੇ ।
ਭੁਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਤੇ ਇਸ ਅਲੋਚਨਾਂ ਨੂੰ ਅਪਣਾਂ ਹਿਤੂ ਸਮਝ ਕੇ ਸਵੀਕਾਰ ਕਰਣਾਂ। ਭੁਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।
ਇੰਦਰਜੀਤ ਸਿੰਘ, ਕਾਨਪੁਰ
ਮਿਤੀ 30 ਜੂਨ 2016
ਇੰਦਰਜੀਤ ਸਿੰਘ ਕਾਨਪੁਰ
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ॥
Page Visitors: 2824