ਉੱਤਰਾਖੰਡ ‘ਚ ਮਾਨਸੂਨ ਨੇ ਆਉਂਦਿਆਂ ਹੀ ਮਚਾਈ ਤਬਾਹੀ
ਦੇਹਰਾਦੂਨ, 1 ਜੁਲਾਈ (ਪੰਜਾਬ ਮੇਲ)-ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ 24 ਘੰਟਿਆਂ ਤੋਂ ਭਾਰੀ ਬਾਰਸ਼ ਜਾਰੀ ਹੈ। ਚਮੇਲੀ ਤੇ ਪਿਥੌਰਾਗੜ੍ਹ ਵਿੱਚ ਕੀ ਥਾਵਾਂ ‘ਤੇ ਬੱਦਲ ਫਟੇ ਹਨ। ਇਸ ਨਾਲ 17 ਤੋਂ ਵੱਧ ਮੌਤਾਂ ਹੋਣ ਦੀ ਖਬਰ ਹੈ। ਇਸ ਦੇ ਚੱਲਦੇ ਅਲਕਨੰਦਾ, ਸਰਯੂ ਤੇ ਮੰਦਾਕਿਨੀ ਸਣੇ ਕਰੀਬ 10 ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।
ਚਮੋਲੀ ਵਿੱਚ ਬੱਦਲ ਫਟਣ ਨਾਲ ਦੋ ਬੱਚਿਆਂ ਦੇ ਨਦੀ ਵਿੱਚ ਵਹਿਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਚੱਟਾਨਾਂ ਖਿਸਕਣ ਕਰਕੇ ਰਿਸ਼ੀਕੇਸ਼-ਬਦਰੀਨਾਥ ਹਾਈਵੇ ਬੰਦ ਹੋ ਗਿਆ ਹੈ। ਯਮੁਨੋਤਰੀ, ਕਿਦਾਰਨਾਥ ਦੇ ਰਸਤੇ ‘ਤੇ ਵੀ ਹਜ਼ਾਰਾਂ ਲੋਕ ਫਸੇ ਹੋਏ ਹਨ। ਰਾਹਤ ਕਾਰਜਾਂ ਲਈ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚੱਟਾਨਾਂ ਖਿਸਕਣ ਨਾਲ ਚਮੋਲੀ-ਪਿਥੌਰਗੜ੍ਹ ਜ਼ਿਲ੍ਹਿਆਂ ਵਿੱਚ ਹੁਣ ਤੱਕ 17 ਲੋਕ ਮਾਰੇ ਗਏ ਹਨ। ਰਾਜ ਦੇ ਕਈ ਇਲਾਕਿਆਂ ਵਿੱਚ ਸ਼ੁੱਕਰਵਾਰ ਵੀ ਭਾਰੀ ਬਾਰਸ਼ ਹੋ ਰਹੀ ਹੈ। ਬੱਦਲ ਫਟਣ ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆਂ ਹੈ। ਮੌਸਮ ਮਹਿਕਮੇ ਨੇ ਕਿਹਾ ਹੈ ਕਿ ਦੇਹਰਾਦੂਨ ਸਮੇਤ ਅੱਠ ਜ਼ਿਲ੍ਹਿਆਂ ਵਿੱਚ ਐਤਵਾਰ ਤੱਕ ਭਾਰੀ ਬਾਰਸ਼ ਹੋਏਗੀ।