ਪਾਕਿਸਤਾਨੀ ਪ੍ਰਸਿੱਧ ਸੂਫੀ ਕੱਵਾਲ ਸਾਬਰੀ ਦੀ ਗੋਲੀਆਂ ਮਾਰ ਕੇ ਹੱਤਿਆ
ਕਰਾਚੀ, 23 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਉੱਘੇ ਸੂਫੀ ਕੱਵਾਲੀ ਗਾਇਕ ਅਮਜ਼ਦ ਸਾਬਰੀ ਦੀ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹਮਲੇ ਵਿਚ ਸਾਬਰੀ ਦੇ ਇਕ ਸਹਿਯੋਗੀ ਦੀ ਵੀ ਮੌਤ ਹੋਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਹਮਲੇ ਦੀ ਸਖਤ ਨਿੰਦਾ ਕਰਦਿਆਂ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਨ ਦੇ ਨਿਰਦੇਸ਼ ਦਿੱਤੇ ਹਨ।
ਸਿੰਧ ਦੇ ਪੁਲਿਸ ਮੁਖੀ ਅੱਲਾਹ ਦੀਨੋ ਖਵਾਜਾ ਨੇ ਦੱਸਿਆ ਕਿ ਦੋ ਅਣਪਛਾਤੇ ਮੋਟਰਸਾਇਕਲ ਬੰਦੂਕਧਾਰੀਆਂ ਨੇ ਲਿਆਕਤਾਬਾਦ 10 ਇਲਾਕੇ ਵਿਚ ਅਮਜ਼ਦ ਸਾਬਰੀ ਦੀ ਕਾਰ ਉੱਤੇ ਹਮਲਾ ਕੀਤਾ, ਜਿਸ ਵਿਚ ਉਹ ਅਤੇ ਉਨ੍ਹਾਂ ਦੇ ਸਹਿਯੋਗੀ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਅੱਬਾਸੀ ਸ਼ਹੀਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ 30-ਬੋਰ ਦੇ ਪਿਸਤੌਲਾਂ ਨਾਲ 45 ਸਾਲਾ ਅਮਜ਼ਦ ਸਾਬਰੀ ਦੇ ਪੰਜ ਗੋਲੀਆਂ ਮਾਰੀਆਂ, ਜੋ ਸਾਬਰੀ ਦੀ ਛਾਤੀ, ਸਿਰ ਅਤੇ ਕੰਨ ਉੱਤੇ ਲੱਗੀਆਂ। ਸਿਰ ਦੀ ਗੋਲੀ ਨਾਲ ਸਾਬਰੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਪ੍ਰੰਤੂ ਇਹ ਮਿਥ ਕੇ ਕੀਤਾ ਗਿਆ ਹਮਲਾ ਸੀ ਅਤੇ ਇਹ ਅੱਤਵਾਦੀ ਘਟਨਾ ਹੈ।
ਵਰਨਣ ਯੋਗ ਹੈ ਕਿ ਅਮਜ਼ਦ ਸਾਬਰੀ ਪਾਕਿਸਤਾਨ ਦੇ ਉੱਘੇ ਕੱਵਾਲ ਗੁਲਾਮ ਫਰੀਦ ਸਾਬਰੀ ਦਾ ਬੇਟਾ ਸੀ, ਜਿਨ੍ਹਾਂ ਦੇ ਪਰਿਵਾਰ ਦਾ ਸੂਫੀ ਸੰਗੀਤ ਤੇ ਰਹੱਸਵਾਦੀ ਕਵਿਤਾ ਵਿੱਚ ਕਾਫੀ ਵੱਡਾ ਯੋਗਦਾਨ ਹੈ। ਅਮਜ਼ਦ ਪਾਕਿਸਤਾਨ ਦੇ ਬੇਹਤਰੀਨ ਕੱਵਾਲਾਂ ਵਿਚੋਂ ਇਕ ਸੀ। ਜੋ ਵੀ ਸਾਬਰੀ ਭਰਾ ਗਾਉਂਦੇ, ਉਹ ਤੁਰੰਤ ਸੁਪਰ ਹਿੱਟ ਹੋ ਜਾਂਦਾ ਸੀ। ਉਨ੍ਹਾਂ ਦੀਆਂ ਕੁਝ ਮਸ਼ਹੂਰ ਕੱਵਾਲੀਆਂ ਵਿਚ ‘ਭਰ ਦੋ ਝੋਲੀ ਮੇਰੀ’, ‘ਤਾਜਦਾਰ-ਏ-ਹਰਾਮ’ ਅਤੇ ‘ਮੇਰਾ ਕੋਈ ਨਹੀਂ ਹੈ ਤੇਰੇ ਸਿਵਾ’ ਸ਼ਾਮਿਲ ਹਨ। ਵਿਰੋਧੀ ਪਾਰਟੀਆਂ ਨੇ ਵੀ ਅਮਜ਼ਦ ਸਾਬਰੀ ਦੇ ਕਤਲ ਦੀ ਸਖਤ ਨਿੰਦਾ ਕੀਤੀ।