ਕੈਨੇਡਾ ਵਿੱਚ ਵਿਆਹ ਕਰਵਾਉਣ ਦਾ ਲਾਰਾ ਲਗਾ ਮਾਸੀ ਵੱਲੋਂ 15 ਲੱਖ ਦੀ ਠੱਗੀ
ਮੋਗਾ, 23 ਜੂਨ (ਪੰਜਾਬ ਮੇਲ)- ਨੈਨੀ ਦਾ ਕੋਰਸ ਕਰਕੇ ਕੈਨੇਡਾ ਗਈ ਲੜਕੀ ਨੇ ਵਿਆਹ ਦੇ ਨਾਮ ਉੱਤੇ ਆਪਣੀ ਐਨ ਆਰ ਆਈ ਮਾਮੀ ਦੇ ਖਿਲਾਫ 15 ਲੱਖ ਰੁਪਏ ਦੀ ਠੱਗੀ ਦਾ ਦੋਸ਼ ਲਾਇਆ ਹੈ।
ਜ਼ਿਲਾ ਪੁਲਸ ਦੀ ਮਾਨਵ ਤਸਕਰੀ ਵਿੰਗ ਦੀ ਜਾਂਚ ਦੇ ਬਾਅਦ ਥਾਣਾ ਧਰਮਕੋਟ ਪੁਲਸ ਨੇ ਦੋਸ਼ੀ ਮਾਮੀ ਸਮੇਤ ਐਨ ਆਰ ਆਈ ਪਤੀ, ਸੱਸ ਅਤੇ ਨਨਾਣ `ਤੇ ਕੇਸ ਦਰਜ ਕਰ ਲਿਆ ਹੈ। ਪਿੰਡ ਭਿੰਡਰ ਕਲਾਂ ਦੀ ਹਰਵਿੰਦਰ ਕੌਰ ਨੇ ਜ਼ਿਲਾ ਪੁਲਸ ਪ੍ਰਮੁੱਖ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਨੈਨੀ ਦਾ ਕੋਰਸ ਕਰਕੇ 2012 ਵਿੱਚ ਕੈਨੇਡਾ ਚਲੀ ਗਈ ਸੀ। ਉਸ ਦੀ ਕੈਨੇਡਾ ਰਹਿੰਦੀ ਮਾਮੀ ਕੁਲਵੰਤ ਕੌਰ ਨੇ ਉਸ ਦਾ ਕੈਨੇਡਾ ਵਿੱਚ ਵਿਆਹ ਕਰਾਉਣ ਲਈ 20 ਲੱਖ ਰੁਪਏ ਵਿੱਚ ਸੌਦਾ ਕਰਕੇ ਉਸ ਕੋਲੋਂ 15 ਲੱਖ ਰੁਪਏ ਲੈ ਲਏ ਸਨ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਵਿੱਚ ਮਾਰਚ 2014 ਵਿੱਚ ਉਸ ਦਾ ਵਿਆਹ ਮਨਜਿੰਦਰ ਸਿੰਘ ਪਿੰਡ ਘੱਲ ਕਲਾਂ ਨਾਲ ਕਰਵਾ ਦਿੱਤਾ। ਵਿਆਹ ਦੇ ਬਾਅਦ ਉਸ ਦਾ ਐਨ ਆਰ ਆਈ ਸਹੁਰਾ ਪਰਵਾਰ ਹੋਰ ਨਕਦੀ ਮੰਗਣ ਲੱਗ ਪਿਆ। ਪੀੜਤਾ ਦੇ ਮੁਤਾਬਕ ਉਸ ਦੇ ਪਰਵਾਰ ਨੇ ਹੋਰ ਰਕਮ ਦੇਣ ਤੋਂ ਅਸਮਰੱਥਤਾ ਪ੍ਰਗਟਾਈ। ਇਸ ਪਿੱਛੋਂ ਦੋਸ਼ੀਆਂ ਨੇ ਉਸ ਦੀ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਦੀ ਕੈਨੇਡਾ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਤੇ ਉਸ ਨੂੰ ਡਿਪੋਟ ਕਰਕੇ ਵਾਪਸ ਭਾਰਤ ਭੇਜ ਦਿੱਤਾ ਗਿਆ। ਉਸ ਦੇ ਸਹੁਰਾ ਪਰਵਾਰ ਨੇ ਉਸ ਨੂੰ ਕੈਨੇਡਾ ਬੁਲਾਉਣ ਲਈ ਕੋਈ ਪੇਪਰ ਅਪਲਾਈ ਨਹੀਂ ਕੀਤਾ।
ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਪ੍ਰਮੁੱਖ ਦੇ ਹੁਕਮਾਂ Ḕਤੇ ਮਾਨਵ ਤਸਕਰੀ ਵਿੰਗ ਨੇ ਇਸ ਮਾਮਲੇ ਦੀ ਜਾਂਚ ਕੀਤੀ। ਦੋਸ਼ ਸਾਬਤ ਹੋਣ ਦੇ ਬਾਅਦ ਥਾਣਾ ਧਰਮਕੋਟ ਵਿੱਚ ਪੀੜਤ ਲੜਕੀ ਦੀ ਐਨ ਆਰ ਆਈ ਮਾਮੀ ਕੁਲਵੰਤ ਕੌਰ, ਐਨ ਆਰ ਆਈ ਪਤੀ ਮਨਜਿੰਦਰ ਸਿੰਘ, ਸੱਸ ਹਰਦੀਪ ਕੌਰ ਅਤੇ ਨਨਾਣ ਕਮਲਜੀਤ ਕੌਰ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਿੱਪਣੀ:- ਕਿੱਥੋਂ ਤੱਕ ਡਿਗ ਚੁੱਕਾ ਹੈ, ਸਿੱਖਾਂ ਦਾ ਕਿਰਦਾਰ ?
ਅਮਰ ਜੀਤ ਸਿੰਘ ਚੰਦੀ