ਪੰਜਾਬ ਦੇ ਹੋਰ ਦੋ ਕਿਸਾਨ ਕਰਜ਼ੇ ਨੇ ਨਿਗਲੇ
ਸੰਗਰੂਰ, 20 ਜੂਨ (ਪੰਜਾਬ ਮੇਲ) –ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਕਰਜ਼ ਦੀ ਮਾਰ ਝੱਲ ਰਹੇ ਪੰਜਾਬ ਦੇ 2 ਹੋਰ ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਇਹ ਦਰਦਨਾਕ ਖਬਰ ਸੰਗਰੂਰ ਦੇ ਮੂਣਕ ਤੇ ਫਾਜ਼ਿਲਕਾ ਦੇ ਇੱਕ ਪਿੰਡ ਤੋਂ ਹੈ। ਦੋਵੇਂ ਕਿਸਾਨ ਆਰਥਿਕ ਮੰਦਹਾਲੀ ਤੇ ਸਿਰ ਚੜੇ ਕਰਜ਼ ਦੇ ਚੱਲਦੇ ਘਰ ਦਾ ਗੁਜਾਰਾ ਨਾ ਚਲਾ ਸਕਣ ਦੇ ਚੱਲਦੇ ਦੁਖੀ ਸਨ।
ਜਾਣਕਾਰੀ ਮੁਤਾਬਕ ਸੰਗਰੂਰ ਜ਼ਿਲ੍ਹੇ ਦੇ ਕਸਬਾ ਮੂਣਕ ਨੇੜਲੇ ਪਿੰਡ ਕੁਦਨੀ ਦੇ 32 ਸਾਲਾ ਨੌਜਵਾਨ ਕਿਸਾਨ ਸੁਖਵੀਰ ਕੋਲ ਸਿਰਫ ਅੱਧਾ ਏਕੜ ਜਮੀਨ ਸੀ। ਘਰ ਦੇ ਗੁਜਾਰੇ ਲਈ ਉਹ ਹੋਰ ਕਿਸਾਨਾਂ ਤੋਂ ਜਮੀਨ ਠੇਕੇ ‘ਤੇ ਲੈ ਕੇ ਵਾਹੀ ਕਰ ਆਪਣੇ ਘਰ ਦਾ ਗੁਜਾਰਾ ਚਲਾ ਰਿਹਾ ਸੀ। ਪਰ ਲਗਾਤਾਰ ਫਸਲ ‘ਚ ਹੋ ਰਹੇ ਘਾਟੇ ਕਾਰਨ ਉਸ ਦੇ ਸਿਰ ਕਰਜ਼ ਆ ਚੜਿਆ ਤੇ ਘਰ ਦਾ ਗੁਜਾਰਾ ਮੁਸ਼ਕਲ ਹੋ ਗਿਆ। ਅਜਿਹੇ ਹਲਾਤਾਂ ‘ਚ ਸੁਖਵੀਰ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ। ਆਖਰ ਉਸ ਨੇ ਘਰ ਦੇ ਅੰਦਰ ਹੀ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਘਰ ‘ਚ ਪਿੱਛੇ ਉਸ ਦੀ ਪਤਨੀ ਤੇ ਪੰਜ ਸਾਲ ਦਾ ਮਾਸੂਮ ਪੁੱਤ ਰਹਿ ਗਿਆ ਹੈ।
ਦੂਸਰਾ ਮਾਮਲਾ ਫਾਜ਼ਿਲਕਾ ਦੇ ਪਿੰਡ ਕੰਧਵਾਲਾ ਹਾਜਰ ਖਾਂ ਦਾ ਹੈ। ਜਿੱਥੇ ਨੌਜਵਾਨ ਕਿਸਾਨ ਬਲਵੀਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਉਸ ਕੋਲ ਸਿਰਫ 4 ਕਨਾਲ ਜ਼ਮੀਨ ਸੀ ਤੇ ਠੇਕੇ ’ਤੇ ਜ਼ਮੀਨ ਲੈ ਕੇ ਗੁਜ਼ਾਰਾ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਬਲਵੀਰ ਦੇ ਸਿਰ ਲੋਕਾਂ, ਸਰਕਾਰੀ ਬੈਂਕ ਤੇ ਆੜ੍ਹਤੀਏ ਦਾ ਕਾਫੀ ਕਰਜ਼ ਬਕਾਇਆ ਸੀ। ਉਸ ਨੇ ਠੇਕੇ ’ਤੇ ਲਈ ਜ਼ਮੀਨ ਦਾ ਬਕਾਇਆ ਵੀ ਅਜੇ ਦੇਣਾ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਇਹਨਾਂ ਮਜਬੂਰੀਆਂ ਦੇ ਚੱਲਦੇ ਇਸ ਕਿਸਾਨ ਨੇ ਘਰ ‘ਚ ਕਮਰੇ ਅੰਦਰ ਛੱਤ ਦੇ ਗਾਡਰ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।