ਨਵਜੋਤ ਕੌਰ ਸਿੱਧੂ ਫਿਰ ਭੜਕੀ ਬਾਦਲ ਸਰਕਾਰ ‘ਤੇ
ਦਿੱਤੀ ਤਾਨਾਸ਼ਾਹ ਦੀ ਉਪਾਧੀ
ਚੰਡੀਗੜ੍ਹ, 19 ਜੂਨ (ਪੰਜਾਬ ਮੇਲ) –ਪੰਜਾਬ ਦੇ ਸਿਹਤ ਵਿਭਾਗ ਦੀ ਮੁੱਖ ਸਕੱਤਰ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਨਵਜੋਤ ਸਿੱਧੂ ਨੇ ਆਪਣੀ ਸਰਕਾਰ ਨੂੰ ਹੀ ਘੱਟ ਪੜ੍ਹੀ-ਲਿਖੀ ਤੇ ਤਾਨਾਸ਼ਾਹ ਸਰਕਾਰ ਦੱਸਦਿਆਂ ਡਾਕਟਰਾਂ ਨੂੰ ਸਰਕਾਰੀ ਨੌਕਰੀ ਤੋਂ ਪਰਹੇਜ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਆਪਣੇ ਫੇਸਬੁੱਕ ‘ਤੇ ਸਟੇਟਸ ਪਾ ਕੇ ਕਿਹਾ ਹੈ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਹਿਜ਼ 15,000 ਰੁਪਏ ਦੀ ਤਨਖਾਹ ਨੂੰ ਸਵੀਕਾਰ ਨਾ ਕਰਨ। ਉਨ੍ਹਾਂ ਕਿਹਾ ਹੈ ਕਿ ਉਹ ਮਾਲੀ ਜਾਂ ਕੁੱਕ ਦੀ ਤਨਖਾਹ ਦੇ ਬਰਾਬਰ ਤਨਖਾਹ ‘ਤੇ ਕੰਮ ਨਾ ਕਰਨ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਹੈ ਕਿ ਸਾਰੇ ਇੱਕ ਗਰੁੱਪ ਦੇ ਤੌਰ ‘ਤੇ ਮਿਲ ਕੇ ਆਪਣੇ ਸਥਾਨਕ ਇਲਾਕਿਆਂ ਵਿੱਚ ਹੀ ਮੁਹੱਲਾ ਕਲੀਨਕ ਚਲਾਉਣਗੇ ਤਾਂ ਵੀ ਮਹੀਨੇ ਦਾ ਸਰਕਾਰੀ ਤਨਖਾਹ ਨਾਲੋਂ ਦੁਗੁਣਾ ਕਮਾ ਸਕਦੇ ਹਨ।
ਉਨ੍ਹਾਂ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਉਹ 15,000 ਰੁਪਏ ਦੀ ਤਨਖਾਹ ‘ਤੇ ਸਰਕਾਰੀ ਨੌਕਰ ਜੁਆਇਨ ਕਰਕੇ ਡਾਕਟਰੀ ਪ੍ਰੋਫੈਸ਼ਨ ਦੀ ਬੇਇਜ਼ਤੀ ਨਾ ਕਰਨ। ਉਨ੍ਹਾਂ ਕਿਹਾ ਹੈ ਕਿ ਸਰਕਾਰੀ ਨੌਕਰੀ ਨਾਲੋਂ ਤਾਂ ਪ੍ਰਾਈਵੇਟ ਖੇਤਰ ਵਿੱਚ ਕੰਮ ਕਰਨਾ ਹੀ ਚੰਗਾ ਹੈ। ਉਨ੍ਹਾਂ ਸਰਕਾਰ ਨੂੰ ਡਿਕਟੇਟਰ ਦੀ ਉਪਾਧੀ ਦਿੱਤੀ ਹੈ ਜੋ ਡਾਕਟਰਾਂ ਤੋਂ ਇੰਨੇ ਕੰਮ ਦੇ ਭਾਰੀ ਬੋਝ ਹੇਠ ਡਿਉਟੀ ਕਰਵਾਉਂਦੀ ਹੈ ਤੇ ਡਾਕਟਰਾਂ ਦੇ ਮੁੱਦੇ ਪ੍ਰਤੀ ਬਿਲਕੁਲ ਹੀ ਸੰਵੇਦਨਸ਼ੀਲ ਨਹੀਂ ਹੈ।
ਇਸ ਸਬੰਧੀ ਜਦੋਂ ਸਿੱਧੂ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਡਾਕਟਰ ਨਵਜੋਤ ਕੋਰ ਸਿੱਧੂ ਸਰਕਾਰ ਖਿਲਾਫ ਖੁੱਲ੍ਹ ਕੇ ਆਵਾਜ਼ ਬੁੰਲਦ ਕਰਦੀ ਰਹੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਵੱਲੋਂ ਫੇਸਬੁੱਕ ‘ਤੇ ਹੀ ਭਾਜਪਾ ਵਿੱਚੋਂ ਅਸਤੀਫੇ ਦੇਣ ਦੀ ਘੋਸ਼ਣਾ ਕਰ ਦਿੱਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਭਾਜਪਾ ਹਾਈਕਮਾਨ ਨਾਲ ਗੱਲਬਾਤ ਕਰਕੇ ਅਸਤੀਫਾ ਨਹੀਂ ਦਿੱਤਾ ਸੀ।