ਪਾਕਿਸਤਾਨੀ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਅਮਰਨਾਥ ਯਾਤਰਾ
ਜੰਮੂ, 18 ਜੂਨ (ਪੰਜਾਬ ਮੇਲ) –ਜੰਮੂ-ਕਸ਼ਮੀਰ ਸਰਕਾਰ ਨੇ ਦੋ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਵਿਚ ਪਾਕਿਸਤਾਨ ਵੱਲੋਂ ਵਿਘਨ ਪਹੁੰਚਾਉਣ ਦੀ ਸੰਭਾਵਨਾ ਜਤਾਈ ਹੈ। ਸੂਬੇ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਕਾਨੂੰਨੀ ਅਤੇ ਵਿਵਸਥਾ ਦੀ ਸਥਿਤੀ ਉੱਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਸੁਰੱਖਿਆ ਦੇ ਲਿਹਾਜ ਤੋਂ ਇਸਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਤੇ ਰਾਜ ਪੱਧਰ ਉੱਤੇ ਦੇ ਦਿੱਤੀ ਗਈ ਹੈ। ਇਸ ਸਬੰਧ ਵਿਚ ਸੁਰੱਖਿਆ ਦੇ ਪੁਖਤੇ ਇੰਤਜਾਮ ਵੀ ਕੀਤੇ ਜਾ ਚੁੱਕੇ ਹਨ। ਅੱਤਵਾਦੀ ਹਮੇਸ਼ਾ ਤੋਂ ਅਮਰਨਾਥ ਯਾਤਰਾ ਉੱਤੇ ਹਮਲੇ ਦੀ ਫਿਰਾਕ ਵਿਚ ਰਹਿੰਦੇ ਹਨ। ਰਾਜ ਸਰਕਾਰ ਦੇ ਨਾਲ – ਨਾਲ ਕੇਂਦਰ ਸਰਕਾਰ ਵੀ ਅਮਰਨਾਥ ਯਾਤਰਾ ਨੂੰ ਹਮੇਸ਼ਾ ਤੋਂ ਚੁਣੌਤੀ ਦੇ ਰੂਪ ਵਿਚ ਲੈਂਦੀ ਰਹੀ ਹੈ। ਜੰਮੂ ਕਸ਼ਮੀਰ ਸਰਕਾਰ ਨੇ ਰਾਜ ਵਿਚ ਅਮਰਨਾਥ ਯਾਤਰਾ ਦੇ ਪੂਰੇ ਰਸਤੇ ਨੂੰ ਅੱਤਵਾਦੀਆਂ ਦੇ ਹਮਲੇ ਦੇ ਲਿਹਾਜ਼ ਨਾਲ ਬਹੁਤ ਜ਼ਿਆਦਾ ਸੰਵੇਦਨਸ਼ੀਲ ਘੋਸ਼ਿਤ ਕੀਤਾ ਹੈ ਤੇ ਸੁਰੱਖਿਆ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸ਼ਰਧਾਲੂਆਂ ਦੀ ਸੁਰੱਖਿਆ ਨਿਸ਼ਚਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾਣ। ਹਮਲੇ ਦੇ ਸ਼ੱਕ ਦੀ ਗੱਲ ਮੰਨਦੇ ਹੋਏ ਸਰਕਾਰ ਵੀ ਹੁਣ ਭਾਰੀ ਦਬਾਅ ਵਿਚ ਆ ਗਈ ਹੈ।