ਪਠਾਨਕੋਟ ‘ਚ ‘ਚਿੱਟੇ’ ਨੇ ਲਈ ਦੋ ਦੀ ਜਾਨ
ਪਠਾਨਕੋਟ, 18 ਜੂਨ (ਪੰਜਾਬ ਮੇਲ) –ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ। ਪਹਿਲੀ ਘਟਨਾ ਪਠਾਨਕੋਟ ਦੀ ਹੈ ਜਿੱਥੇ ਇੱਕ ਨੌਜਵਾਨ ਨੇ ਨਸ਼ੇ ਕਾਰਨ ਆਪਣੀ ਜਾਨ ਦੇ ਦਿੱਤੀ। ਮਿਲੀ ਜਾਣਕਾਰੀ ਤਿੰਨ ਨੌਜਵਾਨਾਂ ਦੇ ਪਠਾਨਕੋਟ ਦੇ ਇੱਕ ਹੋਟਲ ਵਿੱਚ ਬੇਹੋਸ਼ ਹੋਣ ਦੀ ਖ਼ਬਰ ਪੁਲਿਸ ਨੂੰ ਮਿਲੀ। ਪੁਲਿਸ ਨੇ ਤਿੰਨੇ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਇੱਕ ਦੀ ਮੌਤ ਹੋ ਗਈ। ਦੂਜੇ ਦੋ ਨੌਜਵਾਨਾਂ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰ ਅਨੁਸਾਰ ਨੌਜਵਾਨ ਦੀ ਮੌਤ ਡਰੱਗਜ਼ ਦੀ ਜ਼ਿਆਦਾ ਡੋਜ਼ ਲੈਣ ਕਾਰਨ ਹੋਈ ਹੈ। ਤਿੰਨੇ ਨੌਜਵਾਨ ਕਠੂਆ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਨਸ਼ੇ ਕਾਰਨ ਜਲੰਧਰ ਇਲਾਕੇ ਵਿੱਚ ਵੀ ਇੱਕ ਨੌਜਵਾਨ ਦੀ ਮੌਤ ਹੋ ਹੋਈ ਹੈ। ਮ੍ਰਿਤਕ ਬਲਾਚੌਰ ਕਸਬੇ ਦਾ ਪਿੰਡ ਮੁੱਲੇਵਾਲ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਸੀ। 21 ਸਾਲ ਦਾ ਮਨਜਿੰਦਰ ਸਿੰਘ ਪਿਛਲੇ ਇੱਕ ਸਾਲ ਤੋਂ ਨਸ਼ਾ ਕਰ ਰਿਹਾ ਸੀ ਤੇ ਉਹ ਲੁਧਿਆਣਾ ਵਿਖੇ ਮਕੈਨਿਕ ਵਜੋਂ ਕੰਮ ਕਰਦਾ ਸੀ। ਮਨਜਿੰਦਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਆਪਣੇ ਦੋਸਤਾਂ ਨਾਲ ਉਹ ਸ਼ਾਮ ਨੂੰ ਘਰੋਂ ਨਿਕਲਿਆ। ਰਸਤੇ ਵਿੱਚ ਇਨ੍ਹਾਂ ਨੇ ਨਸ਼ਾ ਕੀਤਾ ਤੇ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਗੜਸ਼ੰਕਰ ਲਾਗੇ ਖੇਤਾਂ ਵਿੱਚ ਸੁੱਟ ਕੇ ਚਲੇ ਗਏ। ਪੁਲਿਸ ਅਨੁਸਾਰ ਮਨਜਿੰਦਰ ਸਿੰਘ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮਨਜਿੰਦਰ ਸਿੰਘ ਦੇ ਫਰਾਰ ਹੋਏ ਦੋਸਤਾਂ ਬਾਰੇ ਅਜੇ ਕੁਝ ਵੀ ਜਾਣਕਾਰੀ ਨਹੀਂ ਹੈ।