ਰਿਲੀਜ਼ ਹੋਈ ‘ਉੜਤਾ ਪੰਜਾਬ’
ਚੰਡੀਗੜ੍ਹ, 17 ਜੂਨ (ਪੰਜਾਬ ਮੇਲ) –‘ਉੱਡਤਾ ਪੰਜਾਬ’ ਹੋਈ ਰਿਲੀਜ਼। ਕਈ ਦਿਨਾਂ ਤੱਕ ਚੱਲੇ ਵਿਵਾਦਾਂ ਤੇ ਕਾਨੂੰਨੀ ਲੜਾਈ ਦੇ ਬਾਅਦ ਆਖਰਕਾਰ ਫਿਲਮ ਸਿਨੇਮਾ ਤੱਕ ਜਾ ਪਹੁੰਚੀ ਹੈ। ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ‘ਚ ਕਿਸੇ ਤਰਾਂ ਦੀ ਅਣਸੁਖਾਵੀਂ ਘਟਨਾ ਹੋਣ ਤੋਂ ਰੋਕਣ ਲਈ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਕੱਲ੍ਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵੀ ਹਰੀ ਝੰਡੀ ਮਿਲਣ ਮਗਰੋਂ ਫਿਲਮ ਨੂੰ ਪੂਰੇ ਭਾਰਤ ਸਮੇਤ ਪੰਜਾਬ ‘ਚ ਵੀ ਰਿਲੀਜ਼ ਕਰਨ ਦਾ ਰਾਸਤਾ ਸਾਫ ਹੋ ਗਿਆ ਸੀ। ਹਾਈਕੋਰਟ ਨੇ ਕੱਲ੍ਹ ਫੈਸਲਾ ਸੁਣਾਉਂਦਿਆਂ ਫਿਲਮ ‘ਤੇ ਰੋਕ ਲਗਾਉਣ ਲਈ ਦਾਇਰ ਕੀਤੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਇਹ ਫੈਸਲਾ ਫਿਲਮ ਦੀ ਸਕਰੀਨਿੰਗ ਤੋਂ ਬਾਅਦ ਐਮਕਸ ਕਿਊਰੀ ਵੱਲੋਂ ਹਾਈਕੋਰਟ ‘ਚ ਦਾਇਰ ਕੀਤੀ ਰਿਪੋਰਟ ਤੋਂ ਬਾਅਦ ਦਿੱਤਾ ਗਿਆ। ਹਾਈਕੋਰਟ ਨੇ ਪਹਿਲਾਂ ਫਿਲਮ ਦੀ ਸਕਰੀਨਿੰਗ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ 14 ਜੂਨ ਨੂੰ ਮੁੰਬਈ ‘ਚ ਫਿਲਮ ਦੀ ਸਕਰੀਨਿੰਗ ਕੀਤੀ ਗਈ। ਸਕਰੀਨਿੰਗ ਕਮੇਟੀ ‘ਚ ਕੇਂਦਰ ਸਰਕਾਰ, ਪਟੀਸ਼ਨਕਰਤਾ, ਸਰਟੀਫਿਕੋਟ ਬੋਰਡ, ਫੈਂਟਮ ਫਿਲਮ ਮੇਕਰਜ਼ ਤੇ ਐਮਕਸ ਕਿਊਰੀ ਨੂੰ ਫਿਲਮ ਦੇਖਣ ਲਈ ਕਿਹਾ ਸੀ। ਇਸ ਤੋਂ ਬਾਅਦ ਐਮਕਸ ਕਿਊਰੀ ਨੇ ਕੱਲ੍ਹ ਅਦਾਲਤ ‘ਚ ਆਪਣੀ ਰਿਪੋਰਟ ਪੇਸ਼ ਕੀਤੀ ਸੀ।