ਪੰਜਾਬ ਸਰਕਾਰ ਹਵਾਰਾ ਦੀ ਪੰਜਾਬ ਵਾਪਸੀ ਤੋਂ ਡਰੀ!
ਚੰਡੀਗੜ੍ਹ, 17 ਜੂਨ (ਪੰਜਾਬ ਮੇਲ) – ਪੰਜਾਬ ਸਰਕਾਰ ਇੱਕ ਵਾਰ ਫਿਰ ਕੁੜਿੱਕੀ ਵਿੱਚ ਫਸ ਗਈ ਹੈ। ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਨੂੰ ਉਸ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਹਵਾਰਾ ਪਿਛਲੇ ਸੱਤ ਸਾਲ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਸੂਤਰਾਂ ਮੁਤਾਬਕ ਬਾਦਲ ਸਰਕਾਰ ਨਹੀਂ ਚਾਹੁੰਦੀ ਕਿ ਹਵਾਰਾ ਨੂੰ ਪੰਜਾਬ ਵਿੱਚ ਤਬਦੀਲ ਕੀਤਾ ਜਾਏ। ਕਾਬਲੇਗੌਰ ਹੈ ਕਿ ਹਵਾਰਾ ਨੂੰ ਪਿਛਲੇ ਸਾਲ 15 ਨਵੰਬਰ ਨੂੰ ਸਰਬੱਤ ਖਾਲਸਾ ਵਿੱਚ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਾਮਜ਼ਦ ਕੀਤਾ ਗਿਆ ਸੀ। ਹਵਾਰਾ ਦੇ ਪੰਜਾਬ ਵਿੱਚ ਆਉਣ ਨਾਲ ਗਰਮ ਖਿਆਲੀਆਂ ਨੂੰ ਬਲ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਦੀ ਰਿਹਾਈ ਲਈ ਵੀ ਮੰਗ ਭਖ ਸਕਦੀ ਹੈ ਕਿਉਂਕਿ ਸਿੱਖਾਂ ਦਾ ਇੱਕ ਵਰਗ ਉਸ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਮੰਨਦਾ ਹੈ। ਹਵਾਰਾ ਤਿਹਾੜ ਜੇਲ੍ਹ ਵਿੱਚੋਂ ਵੀ ਸਿੱਖ ਸਿਆਸਤ ਵਿੱਚ ਸਰਗਰਮ ਸੀ। ਉਸ ਨੇ ਬਿਆਨ ਜਾਰੀ ਕਰਕੇ ਸਿੱਖ ਕੌਮ ਨੂੰ ਅਕਾਲ ਤਾਖ਼ਤ ਸਾਹਿਬ ਦੀਆਂ ਰਵਾਇਤਾਂ ਵਿੱਚ ਕਿਸੇ ਕਿਸਮ ਦੀ ਤਬਦੀਲੀ ਦੇ ਹੱਕ ਵਿੱਚ ਨਾ ਭੁਗਤਣ ਦੀ ਅਪੀਲ ਕੀਤੀ ਸੀ। ਉਸ ਨੇ ਨਵੰਬਰ ਵਿੱਚ ਹੋਣ ਵਾਲੇ ਦੂਜੇ ਸਰਬੱਤ ਖਾਲਸਾ ਵਿੱਚ ਸਾਰੀਆਂ ਪੰਥਕ ਧਿਰਾਂ ਨੂੰ ਮਤਭੇਦ ਭੁਲਾ ਕੇ ਸ਼ਾਮਲ ਹੋਣ ਲਈ ਪ੍ਰੇਰਿਆ ਸੀ।