ਹਾਈਕੋਰਟ ਦਾ ਫਿਲਮ ‘ਉੜਤਾ ਪੰਜਾਬ’ ‘ਤੇ ਵੱਡਾ ਫੈਸਲਾ
ਮੁੰਬਈ, 13 ਜੂਨ (ਪੰਜਾਬ ਮੇਲ)- ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਤੇ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਬੰਬੇ ਹਾਈਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਹੈ ਕਿ ਫਿਲਮ ਨੂੰ 48 ਘੰਟੇ ਅੰਦਰ ਸਿਰਫ 4 ਕੱਟ ਦੇ ਨਾਲ ਸਰਟੀਫਿਕੇਟ ਜਾਰੀ ਕੀਤਾ ਜਾਵੇ। ਇਸ ਤੋਂ ਪਹਿਲਾਂ ਹੋਏ ਵਿਵਾਦ ਮਗਰੋਂ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਨੇ ‘ਉੜਤਾ ਪੰਜਾਬ’ ਨੂੰ 13 ਕੱਟ ਦੇ ਨਾਲ ‘ਏ’ ਸਰਟੀਫਿਕੇਟ ਦੇਣ ਦਾ ਐਲਾਨ ਕੀਤਾ ਸੀ। ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਕਿਹਾ ਸੀ ਕਿ ਫਿਲਮ ‘ਉੜਤਾ ਪੰਜਾਬ’ ਨੂੰ 13 ਕੱਟ ਲਗਾ ਕੇ ‘ਏ’ ਸ਼੍ਰੇਣੀ ਤਹਿਤ ਹਰੀ ਝੰਡੀ ਦਿੱਤੀ ਗਈ ਹੈ। ਹੁਣ ਨਿਰਮਾਤਾ ਅਦਾਲਤ ਵਿੱਚ ਜਾਵੇ ਜਾਂ ਟ੍ਰਿਬਿਊਨਲ ਕੋਲ ਅਸੀਂ ਹੁਕਮ ਨੂੰ ਲਾਗੂ ਕਰਾਂਗੇ। ਇਸ ਤੋਂ ਪਹਿਲਾਂ ਸਰਟੀਫਿਕੇਟ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਕਿਹਾ ਸੀ ਕਿ ਫਿਲਮ ‘ਤੇ ‘ਆਪ’ ਦਾ ਪੈਸਾ ਲੱਗਾ ਹੈ। ਫਿਲਮ ‘ਉੜਤਾ ਪੰਜਾਬ’ ‘ਤੇ ਸੈਂਸਰ ਬੋਰਡ ਦੀ ਤਲਵਾਰ ਚੱਲਣ ਤੋਂ ਬਾਅਦ ਉੱਠੇ ਸਵਾਲਾਂ ਦੇ ਚੱਲਦੇ ਪੰਜਾਬ ਸਰਕਾਰ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਇਹ ਵਿਵਾਦ ਫਿਲਮ ਮੇਕਰਜ਼ ਤੇ ਸੈਂਸਰ ਬੋਰਡ ਵਿਚਾਲੇ ਹੈ। ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਫਿਲਮ ‘ਤੇ ਕੋਈ ਇਤਰਾਜ਼ ਨਹੀਂ ਹੈ।