ਪੰਜਾਬ ਚੋਣਾਂ ਦੀ ਰਣਨੀਤੀ ਇਲਾਹਬਾਦ ‘ਚ!
ਚੰਡੀਗੜ੍ਹ, 11 ਜੂਨ (ਪੰਜਾਬ ਮੇਲ)-ਭਾਰਤੀ ਜਨਤਾ ਪਾਰਟੀ ਦੀ ਕੱਲ੍ਹ ਤੋਂ ਸ਼ੁਰੂ ਹੋ ਰਹੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਅਕਾਲੀ-ਭਾਜਪਾ ਦੇ ਰਿਸ਼ਤਿਆਂ ਬਾਰੇ ਚਰਚਾ ਕੀਤੀ ਜਾਵੇਗੀ। ਇਲਾਹਾਬਾਦ ਵਿੱਚ ਹੋਣ ਵਾਲੀ ਇਸ ਦੋ ਦਿਨਾਂ ਦੀ ਬੈਠਕ ਵਿੱਚ ਪੰਜਾਬ ਵਿੱਚ ਆਉਣ ਵਾਲੀਆਂ 2017 ਵਿਧਾਨ ਸਭਾ ਚੋਣਾਂ ‘ਤੇ ਚਰਚਾ ਹੋਵੇਗੀ। ਇਸ ਬਾਰੇ ਜਾਣਕਾਰੀ ਭਾਜਪਾ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਦਿੱਤੀ ਹੈ।
ਇਹ ਬੈਠਕ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਸ਼ਰਮਾ ਨੇ ਦੱਸਿਆ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੌਣਾਂ ਦਾ ਮੁੱਦਾ ਬੈਠਕ ਦੇ ਏਜੰਡੇ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਗਿਆ ਹੈ।
ਇਸ ਬੈਠਕ ਵਿੱਚ ਪਾਰਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਪੰਜਾਬ ਦੇ ਨੇਤਾਵਾਂ ਤੋਂ ਪ੍ਰਤੀਕ੍ਰਿਆ ਲੈਣ ਤੋਂ ਇਲਾਵਾ ਪਾਰਟੀ ਦੀ ਰਣਨੀਤੀ, ਚੋਣਾਂ ਦੀ ਸੰਭਾਵਨਾ, ਰਾਜ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ। ਇਸ ਚਰਚਾ ਦੇ ਆਧਾਰ ‘ਤੇ ਹੀ ਚੋਣਾਂ ਦੀ ਰਣਨੀਤੀ ਘੜੀ ਜਾਵੇਗੀ ਤੇ ਮੁੱਦੇ ਤੈਅ ਕੀਤੇ ਜਾਣਗੇ।