ਮਾਲਿਆ ਦੇ ‘ਗਾਰੰਟਰ’ ਕਿਸਾਨ ਨੇ ਠੋਕਿਆ ਬੈਂਕ ਆਫ ਬਡੌਦਾ ‘ਤੇ ਮੁਕੱਦਮਾ
ਪੀਲੀਭੀਤ, 11 ਜੂਨ (ਪੰਜਾਬ ਮੇਲ)-ਵਿਜੈ ਮਾਲਿਆ ਦੇ ਗਾਰੰਟਰ ਬਣੇ ਕਿਸਾਨ ਮਨਮੋਹਨ ਸਿੰਘ ਨੇ ਬੈਂਕ ਆਫ ਬਡੌਦਾ ਨੂੰ 10 ਲੱਖ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਨਾਲ ਹੀ ਮਨਮੋਹਨ ਨੇ ਪੁੱਛਿਆ ਹੈ ਕਿ ਉਸ ਨੂੰ ਗਾਰੰਟਰ ਕਿਵੇਂ ਬਣਾਇਆ ਗਿਆ ਤੇ ਕਿਸ ਦੇ ਆਰਡਰ ‘ਤੇ ਹਟਾਇਆ ਗਿਆ।
ਕਿੰਗਫਿਸ਼ਰ ਏਅਰ ਲਾਈਨ ਦੇ ਮਾਲਿਕ ਵਿਜੈ ਮਾਲਿਆ ਦੇ ਕਰਜ਼ ਦੀ ਗਾਰੰਟੀ ਲੈਣ ਵਾਲੇ ਯੂ.ਪੀ. ਦੇ ਇੱਕ ਕਿਸਾਨ ਦੇ ਦੋ ਬੈਂਕ ਅਕਾਉਂਟ ਸੀਜ਼ ਕਰ ਦਿੱਤੇ ਗਏ ਸਨ। ਮਨਮੋਹਨ ਨੂੰ ਇਹ ਵੀ ਪਤਾ ਨਹੀਂ ਸੀ ਕਿ ਵਿਜੈ ਮਾਲਿਆ ਕੌਣ ਹੈ ਤੇ ਕਿੰਗਫਿਸ਼ਰ ਕੀ ਹੈ। ਦੂਜੇ ਪਾਸੇ ਬੈਂਕ ਆਫ ਬਡੋਦਾ ਦੇ ਮੈਨੇਜਰ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਮੁੰਬਈ ਦੇ ਰੀਜ਼ਨਲ ਦਫਤਰ ਤੋਂ ਅਕਾਉਂਟ ਸੀਜ਼ ਕਰਨ ਦੇ ਹੁਕਮ ਆਏ ਸੀ।
ਮਨਮੋਹਨ ਸਿੰਘ ਨਾਂ ਦਾ ਇਹ ਕਿਸਾਨ ਪੀਲੀਭੀਤ ਦੇ ਪਿੰਡ ਬਿਲਸੰਡਾ ਦਾ ਰਹਿਣ ਵਾਲਾ ਹੈ। ਇਸ ਕੋਲ 8 ਏਕੜ ਜ਼ਮੀਨ ਹੈ। ਇਸ ਕੋਲ ਇੱਕ ਸੇਵਿੰਗ ਅਕਾਉਂਟ ਤੇ ਇੱਕ ਬੈਂਕ ਅਕਾਉਂਟ ਵੀ ਹੈ। ਉਸ ਨੂੰ ਜਿਹੜੇ ਵਿਜੇ ਮਾਲਿਆ ਦਾ ਗਾਰੰਟਰ ਦੱਸਿਆ ਜਾ ਰਿਹਾ ਹੈ, ਮਨਮੋਹਨ ਸਿੰਘ ਨੇ ਉਸ ਦਾ ਨਾਂ ਤਾਂ ਕਦੇ ਸੁਣਿਆ ਹੀ ਨਹੀਂ ਸੀ। ਉਸ ਦਾ ਕਹਿਣਾ ਹੈ ਕਿ ਉਹ ਕਦੇ ਮੁੰਬਈ ਵੀ ਨਹੀਂ ਗਿਆ।
ਦੂਜੇ ਪਾਸੇ ਅਕਾਉਂਟ ਸੀਜ ਹੋਣ ਕਾਰਨ ਉਸ ਨੂੰ ਫਸਲ ਬਹੁਤ ਸਸਤੇ ਰੇਟ ‘ਤੇ ਵੇਚਣੀ ਪਈ। ਉਸ ਨੂੰ ਸਰਕਾਰੀ ਸਕੀਮ ਦਾ ਫਾਇਦਾ ਵੀ ਨਹੀਂ ਮਿਲ ਸਕਿਆ। ਹਾਲਂਕਿ ਬਾਅਦ ਵਿੱਚ ਦੋਵੇਂ ਹੀ ਅਕਾਉਂਟ ਐਕਟਿਵ ਕਰ ਦਿੱਤੇ ਗਏ ਸਨ।