ਮੁੰਬਈ ਹਾਈਕੋਰਟ ਨੇ ਫਿਲਮ ‘ਉਡਤਾ ਪੰਜਾਬ’ ‘ਤੇ ਸੈਂਸਰ ਬੋਰਡ ਨੂੰ ਝਾੜ ਲਾਈ
ਮੰਬਈ, 10 ਜੂਨ (ਪੰਜਾਬ ਮੇਲ)-ਮੰਬਈ ਹਾਈਕੋਰਟ ਨੇ ‘ਉਡਤਾ ਪੰਜਾਬ’ ਫਿਲਮ ਬਾਰੇ ਸੁਣਵਾਈ ਦੌਰਾਨ ਸੈਂਸਰ ਬੋਰਡ ਨੂੰ ਚੰਗੀ ਝਾੜ ਲਾਈ ਹੈ। ਅਦਾਲਤ ਨੇ ਸੈਂਸਰ ਬੋਰਡ ਨੂੰ ਕਿਹਾ ਹੈ ਕਿ ਉਹ ਲੋਕਾਂ ਨੂੰ ਤੈਅ ਕਰਨ ਦੇਣ ਕਿ ਉਹ ਕੀ ਦੇਖਣਾ ਚਾਹੁੰਦੇ ਹਨ। ਲੋਕਾਂ ਨੂੰ ਤੈਅ ਕਰਨ ਦਿੱਤਾ ਜਾਵੇ ਕਿ ਉਨ੍ਹਾਂ ਦੀ ਪੰਸਦ ਕੀ ਹੈ। ਸੈਂਸਰ ਬੋਰਡ ਨੂੰ ਕਿਸੇ ਦੀ ਪਸੰਦ ‘ਤੇ ਇਤਰਾਜ਼ ਕਿਉਂ ਹੈ।
ਹਾਈਕੋਰਟ ਨੇ ਸੈਂਸਰ ਬੋਰਡ ਨੂੰ ਕਿਹਾ ਹੈ ਕਿ ਸੈਂਸਰ ਬੋਰਡ ਦਾ ਕੰਮ ਸਰਟੀਫਿਕੇਟ ਦੇਣਾ ਹੈ। ਉਨ੍ਹਾਂ ਕਿਹਾ ਕਿ ਨਾਂ ਨੂੰ ਸੂਬੇ ਨਾਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ। ਕਾਬਲੇਗੌਰ ਹੈ ਕਿ ਸੈਂਸਰ ਬੋਰਡ ਨੇ ਫਿਲਮ ਨਿਰਮਾਤਾ ਨੂੰ ਕੁਝ ਸੀਨ ਤੇ ਕੁਝ ਸ਼ਹਿਰਾਂ ਦੇ ਨਾਂ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਹਾਈਕੋਰਟ ਇਸ ਮਾਮਲੇ ‘ਤੇ ਸੋਮਵਾਰ ਨੂੰ ਫੈਸਲਾ ਸੁਣਾਏਗੀ।
‘ਉਡਤਾ ਪੰਜਾਬ’ ਨੂੰ ਬੋਰਡ ਨੇ ਏ ਸਰਟੀਫਿਕੇਟ ਦਿੱਤਾ ਹੈ। ਬੋਰਡ ਨੇ ਫਿਲਮ ਦੇ 94 ਦ੍ਰਿਸ਼ਾਂ ਵਿੱਚੋਂ ਕੁਝ ਰੈਫਰੈਂਸ ਨੂੰ ਕੱਟਣ ਲਈ ਕਿਹਾ ਹੈ। ਇਸ ਨੂੰ ਲੈ ਕੇ ਫਿਲਮ ਦੇ ਨਿਰਮਾਤਾ ਮੰਬਈ ਹਾਈਕੋਰਟ ਵਿੱਚ ਗਏ ਹਨ।
ਉਧਰ, ਇਨਫਰਮੇਸ਼ਨ ਤੇ ਬ੍ਰਾਡਕਾਸਟਿੰਗ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਵਿੱਚ ਜਲਦੀ ਹੀ ਵੱਡਾ ਬਦਲਾਅ ਕੀਤਾ ਜਾਵੇਗਾ। ਜੇਤਲੀ ਨੇ ਕਿਹਾ ਕਿ ਉਹ ਸੈਂਸਰ ਬੋਰਡ ਦੇ ਮੌਜੂਦਾ ਸਿਸਟਮ ਤੋਂ ਸੰਤੁਸ਼ਟ ਨਹੀਂ ਹਨ। ਸਰਕਾਰ ਜਲਦੀ ਹੀ ਸੈਂਸਰ ਬੋਰਡ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ।