ਓਬਾਮਾ ਖੁੱਲ ਕੇ ਆਏ ਹਿਲੇਰੀ ਦੇ ਸਮਰਥਨ ‘ਚ
ਵਾਸ਼ਿੰਗਟਨ, 10 ਜੂਨ (ਪੰਜਾਬ ਮੇਲ)- ਅਮਰੀਕੀ ਸਦਰ ਬਰਾਕ ਓਬਾਮਾ ਸਣੇ ਚੋਟੀ ਦੇ ਕਈ ਡੈਮੋਕਰੈਟ ਆਗੂਆਂ ਵੱਲੋਂ ਤਾਈਦ ਕੀਤੇ ਜਾਣ ਸਦਕਾ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਦੀ ਦੌੜ ਇਕ ਤਰ੍ਹਾਂ ਜਿੱਤ ਚੁੱਕੀ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਵਾਈਟ ਹਾਊਸ ਫਤਹਿ ਕਰਨ ਦੀ ਮੁਹਿੰਮ ਨੂੰ ਜ਼ੋਰਦਾਰ ਹੁਲਾਰਾ ਮਿਲਿਆ ਹੈ। ਇਸੇ ਦੌਰਾਨ ਹਾਲੀਆ ਚੋਣ ਸਰਵੇਖਣਾਂ ਵਿੱਚ ਵੀ ਮੋਹਰੀ ਰਿਪਬਲਿਕਨ ਆਗੂ ਡੌਨਲਡ ਟਰੰਪ ਦੇ ਮੁਕਾਬਲੇ ਅਮਰੀਕੀ ਰਾਸ਼ਟਰਪਤੀ ਲਈ ਪਹਿਲੀ ਮਹਿਲਾ ਉਮੀਦਵਾਰ ਬੀਬੀ ਹਿਲੇਰੀ ਦਾ ਹੱਥ ਉੱਚਾ ਦੱਸਿਆ ਜਾ ਰਿਹਾ ਹੈ।
ਸ੍ਰੀ ਓਬਾਮਾ ਵੱਲੋਂ ਹਮਾਇਤ ਦਾ ਐਲਾਨ ਕੀਤੇ ਜਾਣ ਦੇ ਫ਼ੌਰੀ ਬਾਅਦ ਬੀਬੀ ਹਿਲੇਰੀ ਦੇ ਪ੍ਰਚਾਰ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਵਿਸਕਾਨਸਿਨ ਸੂਬੇ ਵਿੱਚ 15 ਜੂਨ ਨੂੰ ਦੋਵੇਂ ਆਗੂ ਮਿਲ ਕੇ ਪ੍ਰਚਾਰ ਕਰਨਗੇ। ਸ੍ਰੀ ਓਬਾਮਾ ਨੇ ਇਹ ਐਲਾਨ ਉਮੀਦਵਾਰੀ ਲਈ ਬੀਬੀ ਹਿਲੇਰੀ ਦੇ ਵਿਰੋਧੀ ਦਾਅਵੇਦਾਰ ਬਰਨੀ ਸੈਂਡਰਜ਼ ਨਾਲ ਵਾਈਟ ਹਾਊਸ ਵਿੱਚ ਮੁਲਾਕਾਤ ਤੋਂ ਬਾਅਦ ਕੀਤਾ। ਰਾਸ਼ਟਰਪਤੀ ਦੇ ਤਰਜਮਾਨ ਨੇ ਦੱਸਿਆ ਕਿ ਵਰਮੌਂਟ ਦੇ ਸੈਨੇਟਰ ਸ੍ਰੀ ਸੈਂਡਰਜ਼ ਹਾਲੇ ਵੀ ਮੁਕਾਬਲੇ ਵਿੱਚ ਡਟੇ ਹੋਏ ਹਨ, ਪਰ ਇਸ ਤੋਂ ਕਿਸੇ ਨੂੰ ਹੈਰਾਨੀ ਨਹੀਂ ਹੋਈ। ਕਈ ਹੋਰ ਡੈਮੋਕਰੈਟ ਆਗੂਆਂ ਜਿਵੇਂ ਸੈਨੇਟਰ ਐਲਿਜ਼ਾਬੈਥ ਵਾਰਨ, ਕਾਂਗਰਸਮੈਨ ਐਮੀ ਬੇਰਾ ਆਦਿ ਨੇ ਵੀ ਬੀਬੀ ਹਿਲੇਰੀ ਦੀ ਹਮਾਇਤ ਕੀਤੀ ਹੈ।
ਸ੍ਰੀ ਸੈਂਡਰਜ਼ (74) ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਅਗਲੇ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਦੀ ਹੋਣ ਵਾਲੀ ਆਖ਼ਰੀ ਪ੍ਰਾਇਮਰੀ ਤੱਕ ਡਟੇ ਰਹਿਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਤੋਂ ਬਾਅਦ ਉਹ ਸ੍ਰੀ ਟਰੰਪ ਨੂੰ ਮਾਤ ਦੇਣ ਲਈ ਬੀਬੀ ਹਿਲੇਰੀ (68) ਨਾਲ ਮਿਲ ਕੇ ਕੰਮ ਕਰਨਗੇ। ਕਈਆਂ ਦਾ ਖ਼ਿਆਲ ਹੈ ਕਿ ਇਸ ਤੋਂ ਉਨ੍ਹਾਂ ਵੱਲੋਂ ਅਗਲੇ ਹਫ਼ਤੇ ਉਮੀਦਵਾਰੀ ਦੀ ਦੌੜ ਤੋਂ ਹਟ ਜਾਣ ਦਾ ਸੰਕੇਤ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਓਬਾਮਾ ਵੱਲੋਂ ਬੀਬੀ ਹਿਲੇਰੀ ਦੀ ਹਮਾਇਤ ਦਾ ਐਲਾਨ ਕੀਤੇ ਜਾਣ ਤੋਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ। ਸ੍ਰੀ ਓਬਾਮਾ ਤੋਂ ਬਾਅਦ ਸ੍ਰੀ ਸੈਂਡਰਜ਼ ਨੇ ਉਪ ਰਾਸ਼ਟਰਪਤੀ ਜੋਅ ਬਿਡੇਨ ਨਾਲ ਵੀ ਮੁਲਾਕਾਤ ਕੀਤੀ। ਇਸ ਪਿੱਛੋਂ ਸ੍ਰੀ ਬਿਡੇਨ ਦੇ ਤਰਜਮਾਨ ਨੇ ਕਿਹਾ, ‘‘ਅੱਜ ਉਪ ਰਾਸ਼ਟਰਪਤੀ ਬਿਡੇਨ ਤੇ ਸੈਨੇਟਰ ਸੈਂਡਰਜ਼ ਦੀ ਹੋਈ ਮੀਟਿੰਗ ਦੌਰਾਨ ਦੋਵੇਂ ਆਗੂਆਂ ਨੇ ਸੈਨੇਟਰ ਸੈਂਡਰਜ਼ ਵੱਲੋਂ ਆਪਣੀ ਮੁਹਿੰਮ ਦੌਰਾਨ ਉਠਾਏ ਗਏ ਮੁੱਦਿਆਂ ਉਤੇ ਵਿਚਾਰਾਂ ਕੀਤੀਆਂ।’’