ਫ਼ਿਰੋਜ਼ਪੁਰ ਵਿਚ ਬੀਜੇਪੀ ਲੀਡਰਾਂ ‘ਚ ਖੜਕੀ
ਫਿਰੋਜ਼ਪੁਰ, 9 ਜੂਨ (ਪੰਜਾਬ ਮੇਲ)-ਭਾਰਤੀ ਜਨਤਾ ਪਾਰਟੀ ਫ਼ਿਰੋਜ਼ਪੁਰ ਵਿਚ ਧੜੇਬੰਦੀ ਚਰਮਸੀਮਾ ‘ਤੇ ਪਹੁੰਚ ਚੁੱਕੀ ਹੈ। ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਆਪਣੇ ਹੀ ਕੌਂਸਲ ਪ੍ਰਧਾਨ ‘ਤੇ ਲੋਕਾਂ ਨਾਲ ਵਧੀਕੀਆਂ ਕਰਨ ਦੇ ਇਲਜ਼ਾਮ ਲਗਾ ਰਹੇ ਹਨ। ਫ਼ਿਰੋਜ਼ਪੁਰ ‘ਚ ਇਕ ਪੀੜਤ ਪਰਿਵਾਰ ਨਾਲ ਧਰਨੇ ‘ਤੇ ਬੈਠੇ ਨੰਨੂ ਦਾ ਇਲਜ਼ਾਮ ਹੈ ਕਿ ਨਗਰ ਕੌਂਸਲ ਪ੍ਰਧਾਨ ਦੀ ਸ਼ਹਿ ‘ਤੇ ਪੁਲਿਸ ਪ੍ਰਸ਼ਾਸਨ ਨਿਰਦੋਸ਼ਾਂ ਲੋਕਾਂ ‘ਤੇ ਮੁਕੱਦਮੇ ਦਰਜ ਕਰਕੇ ਆਪਣੀਆਂ ਜ਼ਮੀਨਾਂ ਇਨ੍ਹਾਂ ਲੋਕਾਂ ਹਵਾਲੇ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਪੁਲਿਸ ਦੀ ਕਾਰਗੁਜ਼ਾਰੀ ਬਾਰੇ ਵਿਧਾਇਕ ਨੇ ਕਿਹਾ ਹੈ ਕਿ ਧਾਰਾ 452 ਉਸ ਵਿਅਕਤੀ ਉਪਰ ਲਗਾਈ ਗਈ ਹੈ, ਜੋ ਆਪਣੇ ਪੈਰਾਂ ‘ਤੇ ਚੱਲ ਵੀ ਨਹੀਂ ਸਕਦਾ, ਜਦੋਂ ਕਿ ਡੀ.ਐਸ.ਪੀ ਵਿਭੋਰ ਸ਼ਰਮਾ ਨੇ ਜਲਦ ਇਨਕੁਆਰੀ ਕਰਕੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ। ਪੀੜਤ ਪਰਿਵਾਰ ਨੇ ਕਿਹਾ ਕਿ ਜਿਥੇ ਉਨ੍ਹਾਂ ਦਾ ਲੜਕਾ ਸਾਜਨ ਪਿਛਲੇ ਕੁਝ ਸਮੇਂ ਤੋਂ ਪੀਲੀਏ ਨਾਲ ਪੀੜਤ ਹੈ, ਓਥੇ ਪੈਰਾਲਾਈਜ਼ ਦਾ ਸ਼ਿਕਾਰ ਹੋਣ ਕਰਕੇ ਲੰਬੇ ਸਮੇਂ ਤੋਂ ਮੰਜੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂਆਂ ਵੱਲੋਂ ਉਨ੍ਹਾਂ ਦੀ ਜ਼ਮੀਨ ਹਥਿਆਉਣ ਲਈ ਕੋਝੀਆਂ ਹਰਕਤਾਂ ਕਰਦਿਆਂ ਜਿਥੇ ਕੁਝ ਦਿਨ ਪਹਿਲਾਂ ਉਨ੍ਹਾਂ ‘ਤੇ ਸੱਟਾਂ ਮਾਰੀਆਂ ਗਈਆਂ, ਓਥੇ ਝੂਠੇ ਮੁਕੱਦਮੇ ਦਰਜ ਕਰਵਾ ਕੇ ਨਜਾਇਜ਼ ਹਰਾਸਮੈਂਟ ਕੀਤੀ ਜਾ ਰਹੀ ਹੈ। ਡੀ.ਐਸ.ਪੀ ਵਿਭੋਰ ਸ਼ਰਮਾ ਨੇ ਪਰਚੇ ਵਿਚ ਸਾਜਨ ਦਾ ਨਾਮ ਗਲਤ ਜੋੜੇ ਜਾਣ ਦੀ ਗੱਲ ਮੰਨਦਿਆਂ ਕਿਹਾ ਕਿ ਜਾਂਚ ਚੱਲ ਰਹੀ ਹੈ, ਜਿਸ ਵਿਚ ਉਕਤ ਨੌਜਵਾਨ ਨੂੰ ਬਾਹਰ ਕਰਦਿਆਂ ਅਸਲ ਮੁਲਜ਼ਮਾਂ ਵਿਰੁੱਧ ਹੀ ਕਾਰਵਾਈ ਕੀਤੀ ਜਾਵੇਗੀ।