‘ਉੜਤਾ ਪੰਜਾਬ’ ਫ਼ਿਲਮ ‘ਚੋਂ ਉਡ ਸਕਦਾ ‘ਪੰਜਾਬ’!
ਮੁੰਬਈ, 9 ਜੂਨ (ਪੰਜਾਬ ਮੇਲ)- ਫ਼ਿਲਮ ‘ਉੜਤਾ ਪੰਜਾਬ’ ਨੂੰ ਸੈਂਸਰ ਬੋਰਡ ਵੱਲੋਂ ਵੱਡੀ ਕੈਂਚੀ ਲਾਉਣ ਦੇ ਡਰੋਂ ਹਾਈ ਕੋਰਟ ਪੁੱਜੇ ਫ਼ਿਲਮ ਨਿਰਮਾਤਾਵਾਂ ਨੂੰ ਕੁਝ ਰਾਹਤ ਮਿਲੀ ਹੈ। ਬੰਬੇ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸੈਂਸਰ ਬੋਰਡ ਨੂੰ ਫ਼ਿਲਮ ਦੇ ਟਾਈਟਲ ’ਚੋਂ ‘ਪੰਜਾਬ’ ਸ਼ਬਦ ਹਟਾਏ ਜਾਣ ਲਾਈ ਪਾਏ ਜਾ ਰਹੇ ਦਬਾਅ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ। ਉਧਰ ਬੋਰਡ ਨੇ ਉਸ ਦੀ ਨਜ਼ਰਸਾਨੀ ਕਮੇਟੀ ਵੱਲੋਂ ਫ਼ਿਲਮ ਲਈ ਸੁਝਾਏ 13 ਬਦਲਾਵਾਂ ਨੂੰ ਜਾਇਜ਼ ਦੱਸਿਆ ਹੈ। ਉਂਜ ਕਮੇਟੀ ਵੱਲੋਂ ਇਨ੍ਹਾਂ ਬਦਲਾਵਾਂ ਬਾਬਤ ਭਲਕੇ ਹਲਫ਼ਨਾਮਾ ਦਾਇਰ ਕੀਤਾ ਜਾਵੇਗਾ। ਕੇਸ ਦੀ ਸੁਣਵਾਈ ਭਲਕੇ ਵੀ ਜਾਰੀ ਰਹੇਗੀ।
ਜਸਟਿਸ ਐਸ.ਸੀ.ਧਰਮਾਧਿਕਾਰੀ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਨਸ਼ਿਆਂ ਦੇ ਵਿਸ਼ੇ ’ਤੇ ਅਧਾਰਤ ਫ਼ਿਲਮ ‘ਉੜਤਾ ਪੰਜਾਬ’ ਦੀ ਫ਼ਿਲਮ ‘ਗੋ ਗੋਆ ਗੋਨ’ ਨਾਲ ਤੁਲਨਾ ਕੀਤੀ। ਅਦਾਲਤ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਗੋਆ ਨੂੰ ਅਜਿਹੇ ਸਥਾਨ ਵਜੋਂ ਵਿਖਾਇਆ ਗਿਆ ਸੀ ਜਿੱਥੇ ਪਾਬੰਦੀਸ਼ੁਦਾ ਨਸ਼ਿਆਂ ਦੀ ਵਰਤੋਂ ਹੁੰਦੀ ਸੀ। ਜੱਜ ਨੇ ਕਿਹਾ,‘ਜਦੋਂ ਗੋਆ ਨੂੰ ਨਸ਼ਿਆਂ ਦੀ ਅਲਾਮਤ ਤੋਂ ਪੀੜਤ ਵਿਖਾਇਆ ਜਾ ਸਕਦਾ ਹੈ ਤਾਂ ‘ਉੜਤਾ ਪੰਜਾਬ’ ਵਿੱਚ ਪੰਜਾਬ ਨੂੰ ਨਸ਼ਾ ਪ੍ਰਭਾਵਿਤ ਵਿਖਾਏ ਜਾਣ ’ਚ ਕੁਝ ਵੀ ਗ਼ਲਤ ਨਹੀਂ।’ ਸੀਬੀਐਫਸੀ ਵੱਲੋਂ ਪੇਸ਼ ਵਕੀਲ ਨੇ ਜਿਰ੍ਹਾ ਦੌਰਾਨ ਕਿਹਾ ਕਿ ਨਜ਼ਰਸਾਨੀ ਕਮੇਟੀ ਵੱਲੋਂ ਫ਼ਿਲਮ ਲਈ ਸੁਝਾਏ 13 ਬਦਲਾਅ ਆਪਹੁਦਰੇ ਨਹੀਂ ਤੇ ਕਮੇਟੀ ਨੇ ਇਹ ਸੁਝਾਅ ਸੋਚ ਸਮਝ ਕੇ ਦਿੱਤੇ ਹਨ। ਦੋਵਾਂ ਧਿਰਾਂ ਦੀ ਜਿਰ੍ਹਾ ਸੁਣਨ ਮਗਰੋਂ ਅਦਾਲਤ ਨੇ ਕਮੇਟੀ ਵੱਲੋਂ ਸੁਝਾਏ ਪਹਿਲੇ ਦੋ ਬਦਲਾਵਾਂ ’ਤੇ ਇਤਰਾਜ਼ ਜਤਾਇਆ ਹੈ। ਪਹਿਲਾ ਇਤਰਾਜ਼ ਫ਼ਿਲਮ ਦੇ ਟਾਈਟਲ ’ਚੋਂ ਪੰਜਾਬ ਹਟਾਉਣਾ ਤੇ ਦੂਜਾ ਪੰਜਾਬ ਦੇ ਕੁਝ ਸ਼ਹਿਰਾਂ ਦੇ ਹਵਾਲੇ ਹਟਾਉਣ ਨਾਲ ਸਬੰਧਤ ਸੀ। ਉਧਰ ਫੈਂਟਮ ਫ਼ਿਲਮਜ਼ ਵੱਲੋਂ ਪੇਸ਼ ਵਕੀਲ ਰਵੀ ਕਦਮ ਨੇ ਕਿਹਾ ਫ਼ਿਲਮ ਦਾ ਵਿਸ਼ਾ ਪੰਜਾਬ ’ਤੇ ਅਧਾਰਤ ਹੈ, ਲਿਹਾਜ਼ਾ ਇਸ ਨੂੰ ਹਟਾਇਆ ਨਹੀਂ ਜਾ ਸਕਦਾ।
ਫਿਲਮ ਸਰਟੀਫਿਕੇਸ਼ਨ ਤੇ ਅਪੀਲੀ ਟ੍ਰਿਬਿਊਨਲ (ਐਫਸੀਏਟੀ), ਸੈਂਸਰ ਬੋਰਡ ਵੱਲੋਂ ਫ਼ਿਲਮ ‘ਉੜਤਾ ਪੰਜਾਬ’ ਦੇ ਕੁਝ ਦ੍ਰਿਸ਼ਾਂ ’ਤੇ ਕੈਂਚੀ ਫੇਰੇ ਜਾਣ ਦੇ ਮਾਮਲੇ ਦੀ ਸੁਣਵਾਈ 17 ਜੂਨ ਨੂੰ ਕਰੇਗੀ।