ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਜਿਉਣਵਾਲਾ (ਬਰੈਂਪਟਨ)
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ‘ਪਾਹੁਲ’ ਤਿਆਰ ਕਰਨ ਵਾਲੇ ਪੰਥ ਦੋਖੀ ਕਿਵੇਂ?
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ‘ਪਾਹੁਲ’ ਤਿਆਰ ਕਰਨ ਵਾਲੇ ਪੰਥ ਦੋਖੀ ਕਿਵੇਂ?
Page Visitors: 2909

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ‘ਪਾਹੁਲ’ ਤਿਆਰ ਕਰਨ ਵਾਲੇ ਪੰਥ ਦੋਖੀ ਕਿਵੇਂ?
ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਘਟੌੜਾ ਦੀ ਵੀਡੀਓ ਦੇਖਣ ਉਪਰੰਤ ਪਤਾ ਚਲੱਦਾ ਹੈ ਕਿ ‘ਸਿੱਖ ਰਹਿਤ ਮਰਯਾਦਾ’ ਇਕ ਖਰੜਾ ਹੈ ਨਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪਾਸ ਕਰਕੇ ਲਾਗੂ ਕੀਤੀ ਗਈ ‘ ਸਿੱਖ ਰਹਿਤ ਮਰਯਾਦਾ’। ਇਹੋ ਰਾਗ ਦਮਦਮੀ ਟਕਸਾਲ ਵੀ ਹੁਣ ਤਕ ਅਲਾਪਦੀ ਰਹੀ ਹੈ ਕਿ ‘ਸਿੱਖ ਰਹਿਤ ਮਰਯਾਦਾ’ ਇਕ ਖਰੜਾ ਹੈ। ਇਸ ਕਰਕੇ ਦਮਦਮੀ ਟਕਸਾਲ ਦੀ ਆਪਣੀ ਵੱਖਰੀ ‘ਰਹਿਤ ਮਰਯਾਦਾ’ ਹੈ। ਇੱਥੇ ਹੀ ਬਸ ਨਹੀਂ ਸੰਤ ਸਮਾਜ ਦੀ ਆਪਣੀ ਵੱਖਰੀ ‘ਰਹਿਤ ਮਰਯਾਦਾ’, ਨਾਨਕ ਸਰੀਆਂ/ਠਾਠਕ ਸਰੀਆਂ ਦੀ ਆਪਣੀ।
ਇਸ ਤੋਂ ਅੱਗੇ ਇਹ ਇੱਕੀ ਕਿਸਮ ਦੇ ਠਾਠਕ ਸਰੀਏ ਆਪਣੀ ਆਪਣੀ ਬੰਸਰੀ ਵਜਾਉਂਦੇ ਹਨ ਕਿ ਕੁੰਦਨ ਸਿੰਘ ਬਾਬਾ ਬਾਬੇ ਘਾਲਾ ਸਿੰਘ ਜੀ ਤੋਂ ਉਤਮ ਹੈ, ਭਾਟੜਾ ਗੁਰਦੇਵ ਸਿੰਘ ਬਾਬਾ ਬਾਬੇ ਅਮਰ ਸਿੰਘ ਬੜੂੰਦੀ ਤੋਂ ਉਤਮ ਹੈ, ਸੁਖਦੇਵ ਸਿੰਘ ਬਾਬਾ ਬਾਬੇ ਮੀਹਾਂ ਸਿੰਘ ਤੋਂ ਉਪਰ। ਅਖੰਡ ਕੀਰਤਨੀਏ ਜੱਥੇ ਦੀ ਆਪਣੀ ‘ਮਰਯਾਦਾ’। ਇਨ੍ਹਾ ਤੋਂ ਇਲਾਵਾ ਪੰਜਾਬ ਦੇ 12500 ਪਿੰਡਾਂ ਵਿਚ 15000 ਹਜਾਰ ਰੀਜਿਸਟਰਡ ਸਾਧ ਤੇ ਹਰ ਇਕ ਪਿੰਡ ਵਿਚ ਚਾਰ ਚਾਰ ਪੰਜ ਪੰਜ ਪੁੱਛਾਂ  ਦੇਣ ਵਾਲੀਆਂ ਔਰਤਾਂ। ਇਹ ਸਾਰੇ ਰਲ-ਮਿਲ ਕੇ ਸਿੱਖੀ ਦੇ ਪਿੱਠ ਵਿਚ ਹੀ ਤਾਂ ਛੁਰਾ ਮਾਰ ਰਹੇ ਹਨ।
ਜੇਕਰ ਇਨ੍ਹਾਂ ਸਾਰਿਆਂ ਨੂੰ ਇਕ ਪਾਸੇ ਵੀ ਕਰ ਦੇਈਏ ਤਾਂ ਵੀ ਪੰਜਾਬ ਤੋਂ ਬਾਹਰ ਦੇ ਤਖਤਾਂ ਦੀ ਆਪਣੀ ‘ਰਹਿਤ ਮਰਯਾਦਾ’। ਪਟਨੇ ਵਾਲਾ ਤੇ ਹਜੂਰ ਸਾਹਿਬ ਵਾਲਾ ਤਾਂ ‘ਸਿੱਖ ਰਹਿਤ ਮਰਯਾਦਾ’ ਨੂੰ ਮੰਨਦੇ ਹੀ ਨਹੀਂ। ਜੇਕਰ ਕਿਸੇ ਮੁਲਕ ਦੇ ਸਵਿਧਾਨ ਨੂੰ ਜੱਜ ਆਪ ਹੀ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਕਿਸੇ ਕਿਸਮ ਦੇ ਫੈਸਲੇ ਕਰਨ ਦਾ ਵੀ ਹੱਕ ਨਹੀਂ ਦਿੱਤਾ ਜਾਂਦਾ। ਇਸੇ ਕਰਕੇ ਹੀ ਤਾਂ ਹਰ ਜੱਜ ਨੂੰ ਸਵਿਧਾਨ ਅਨੁਸਾਰ ਫੈਸਲੇ ਕਰਨ ਦੀ ਸੰਹੁ ਖਵਾਈ ਜਾਂਦੀ ਹੈ। ਜੱਥੇਦਾਰ ਜੀਓ! ਇਸ ‘ਸਿੱਖ ਰਹਿਤ ਮਰਯਾਦਾ’ ਨੂੰ ਤਾਂ ਤੁਸੀਂ ਆਪ ਹੀ ਨਹੀਂ ਮੰਨਦੇ।
ਆਓ ਹੁਣ ਇਤਹਾਸਕ ਤੱਥਾਂ ਵੱਲ ਨਜ਼ਰ ਮਾਰੀਏ। ਹਿਸਟਰੀ ਰੀਸਰਚ ਸਕਾਲਰ, ਭਾਈ ਰਣਧੀਰ ਸਿੰਘ ਜਿਸ ਨੇ ਬੜੀ ਮਿਹਨਤ ਨਾਲ ਪੁਰਾਣੀਆਂ ਲਿਖਤਾਂ ਨੂੰ ਪੜ੍ਹ-ਸਵਾਰ ਕੇ, ਵੀਚਾਰ ਕੇ ‘ ਪ੍ਰੇਮ ਸੁਮਾਰਗ ਗ੍ਰੰਥ ’ 1953 ਵਿਚ ਛਪਵਾ ਕੇ ਕੌਮ ਦੇ ਦਰਦੀਆਂ ਲਈ ਮੁਹੱਈਆ ਕਰਵਾਇਆ ਹੈ ਉਹ ਇਸ ਗ੍ਰੰਥ ਦੇ ਪੰਨਾ 23 ਤੇ ‘ਖੰਡੇ-ਬਾਟੇ ਦੀ ਪਾਹੁਲ’ ਤਿਆਰ ਕਰਨ ਬਾਰੇ ਇੰਞ ਲਿਖਦੇ ਹਨ: “ ਇਹ ਹਨ, ‘ਅੰਮ੍ਰਿਤ ਸਾਜਨਾ’ ਸਬੰਧੀ ਪੁਰਾਤਨ ਲਿਖਾਰੀਆਂ ਦੇ ਬਿਆਨ; ਜਿਨ੍ਹਾਂ ਵਿਚੋਂ ‘ਅੰਮ੍ਰਿਤ’ ਉਤੇ ਪੜ੍ਹੀਆਂ ਗਈਆਂ ਬਾਣੀਆਂ ਦਾ ਜ਼ਿਕਰ ‘ਛਿਬਰ’ ਸਾਹਿਬ ਨੇ ਸ਼ੁਰੂ ਕੀਤਾ ਹੈ; ਪਰ ਸਿਰਫ ਦੋ ਬਾਣੀਆਂ ‘ਜਪੁ’ ਅਤੇ ‘ਅਨੰਦ’-ਪੜ੍ਹੀਆਂ, ਦੱਸਿਆ ਹੈ; ਅਰੁ ਮੁਨਸ਼ੀ ਖੁਸ਼ਵਕਤ ਰਾਇ ਨੇ ਕੇਵਲ ‘ਪੰਜ ਸਵੱਯੇ’ ਹੀ। ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ, ‘ਗੁਰ ਪ੍ਰਤਾਪ ਸੂਰਜ’ ਵਿਚ ਪਹਿਲੇ ਦੋ ਲਿਖਾਰੀਆਂ ਦੀਆਂ ਦੱਸੀਆਂ ਤਿੰਨੇ ਬਾਣੀਆਂ ਮਿਲਾ ਕੇ ਮੰਨ ਲਈਆਂ ਹਨ। ਐਪਰ ‘ਸੁਧਰਮ ਮਾਰਗ ਗ੍ਰੰਥ’ ਦੇ ਲੇਖਕ, ਨਿਰਮਲਾ ਸੰਤ ਭੂਪ ਸਿੰਘ ਜਿਸ ਨੇ 1811-15 ਈ: ਵਿਚ ਇਹ ਗ੍ਰੰਥ ਲਿਖਿਆ ਤੇ ਸੰਤ ਸਰੂਪ ਸਿੰਘ ਨੇ 1923 ਈ: ਵਿਚ ਇਹ ਗ੍ਰੰਥ ਛਪਵਾਇਆ, ਨੇ ‘ਜਾਪੁ’ ਦਾ ਛੰਦ. ‘ਸਵੱਯੇ10’ ਤੇ ‘ਚੌਪਈ’, ਹੋਰ ਮਿਲਾ ਕੇ ਪੰਜ ਨਗ ਪੂਰੇ ਕਰ ਦਿੱਤੇ ਹਨ। ਸ: ਰਤਨ ਸਿੰਘ ‘ਭੰਗੂ’ ਦਾ ਬਿਆਨ ਇਨ੍ਹਾਂ ਸਾਰਿਆਂ ਨਾਲੋਂ ਵਿਲੱਖਣ ਹੈ। ਇਨ੍ਹਾਂ ਤੋਂ ਮਗਰਲੇ ਲਿਖਾਰੀਆਂ ਨੇ ਨਿਤਨੇਮ ਵਾਲੀਆਂ ਪੰਜਾਂ ਬਾਣੀਆਂ ਦਾ ਪਾਠ ਹੀ ਪਕਾ ਲਿਆ ਹੈ। ਲੇਕਿਨ ‘ਸਵੈਯਾ’ ਤੇ ਚੌਪਈ’ ਬਾਰੇ ਸਿਵਾਇ ਭੰਗੂ ਸਾਹਿਬ ਦੇ ਸਪੱਸ਼ਟ ਨਿਰਣਾ ਕਿਸੇ ਵੀ ਨਹੀਂ ਕੀਤਾ, ਬਈ- ਕਿਸ ਪੋਥੀ ਯਾ ਗਰੰਥ ਵਿਚੋਂ ਕਿਹੜੇ ਕਿਹੜੇ ਪੜ੍ਹੇ ਗਏ? ‘ਅਕਾਲ ਉਸਤਤਿ’ ਵਿਚ ਦਰਜ ਸਾਰੇ ਸਵੈਯੇ, ਅੰਮ੍ਰਿਤ ਸਾਜਨਾ (ਸੰਮਤ 1755 ਵੈਸਾਖੀ) ਤੋਂ ਬਾਅਦ ਹੀ ਵਜੂਦ ਵਿਚ ਆਏ ਸਹੀ ਹੁੰਦੇ ਨਿ। ‘ਬਿਚਿੱਤ੍ਰ ਨਾਟਕ ਗ੍ਰੰਥ’ ਦੀ ‘ਅੰਤਿਕਾ’ ਵਾਲੇ ‘ਬੱਤੀਹ ਸਵੈਯੇ’ ਵੀ ਇਸ ਗ੍ਰੰਥ ਦੇ ਅੰਤ ਪੁਰ ਹੀ ਰਚੇ ਜਾਣੇ ਸੰਭਵ ਹਨ। ਇਸ ਵਕਤ ਜੋ ’10 ਸਵੈਯੇ’ (ਸਰਾਵਗ ਸੁੱਧ ਸਮੂਹ ਸਿਧਾਨ ਕੇ... “ ਪਾਠ ਤੋਂ ਅਰੰਭ ਹੋਣ ਵਾਲੇ) ਪੜ੍ਹੇ ਜਾਂਦੇ ਹਨ; ਇਹ ਤਾਂ ਠੀਕ ਓਦੋਂ ਹੀ ਲਿਖੇ ਗਏ ਜਦੋਂ ਪਰਬਤੀ ਰਾਜਿਆਂ ਨੂੰ ਸਤਿਗੁਰਾਂ ਨੇ ਹਜੂਰ ਸੱਦ ਕੇ, “ਖਾਲਸਾ ਬਣਨ ਵਾਸਤੇ ਪ੍ਰੇਰਨਾ ਕੀਤੀ; ਅਰੁ ਉਨ੍ਹਾਂ ਅੱਗੋਂ ਕਈ ਪ੍ਰਕਾਰ ਦੀਆਂ ਹੁੱਜਤਾਂ ਕੀਤੀਆਂ ਅਤੇ ਢੁੱਚਰਾਂ ਪੜ੍ਹੀਆਂ”।
ਡਾ. ਰਤਨ ਸਿੰਘ ਜੱਗੀ ਦੇ ਪੀ.ਐਚ.ਡੀ ਦੇ ਥੀਸਿਜ਼, ‘ਦਸਮ ਗ੍ਰੰਥ ਦਾ ਕਰਤਿਤਵ’, ਜੋ 1960 ਵਿਚ ਲਿਖਿਆ ਗਿਆ ਅਤੇ 1965 ਵਿਚ ਛਪਿਆ, ਵਿਚ ਵੀ ਜੱਗੀ ਜੀ ਨੇ ਇਹੀ ਸਵਾਲ ਖੜਾ ਕੀਤਾ ਹੈ ਕਿ ਅੱਜ ਤੋਂ ਮਤਲਬ 1960 ਤੋਂ ਜੇਕਰ ਕੋਈ 150 ਸਾਲ ਪੁਰਾਣੀ ਲਿਖਤ ਮਿਲ ਸਕਦੀ ਹੋਵੇ ਅਤੇ ‘ਖੰਡੇ-ਬਾਟੇ ਦੀ ਪਾਹੁਲ’ ਤਿਆਰ ਕਰਨ ਵਾਲੀਆਂ ਅੱਜ ਵਾਲੀਆਂ  ਪੰਜਾਂ ਬਾਣੀਆਂ ਦੀ ਸ਼ਾਹਦੀ ਭਰਦੀ ਹੋਵੇ ਤਾਂ ਮੰਨਿਆ ਜਾ ਸਕਦਾ ਹੈ ਕਿ ਗੁਰੂ ਜੀ ਨੇ ‘ਖੰਡੇ-ਬਾਟੇ ਦੀ ਪਾਹੁਲ’ ਤਿਆਰ ਕਰਨ ਸਮੇਂ ਕਿਹੜੀਆਂ ਪੰਜ ਬਾਣੀਆਂ ਪੜ੍ਹੀਆਂ।
 ਭਾਈ ਨੰਦ ਲਾਲ ਜਿਨ੍ਹਾਂ ਨੇ ‘ਰਹਿਤਨਾਮਾ’ ਅਤੇ ‘ ਤਨਖਾਹਨਾਮਾ’ ਲਿਖੇ, ਕਵੀ ਸੈਨਾ ਪਤੀ ਜਿਨ੍ਹਾਂ ਨੇ ‘ਗੁਰ ਸੋਭਾ ਗ੍ਰੰਥ’ ਲਿਖਿਆ ਗੁਰੂ ਜੀ ਦੇ ਸਮਕਾਲੀ ਸਨ। ਪਰ ਉਹ ‘ਖੰਡੇ-ਬਾਟੇ ਦੀ ਪਾਹੁਲ’ ਤਿਆਰ ਕਰਨ ਦੀ ਵਿਧੀ ਬਾਰੇ ਕੁੱਝ ਨਹੀਂ ਲਿਖਦੇ। ਪਰਚੀਆਂ ਸੇਵਾ ਦਾਸ, ਜੋ ਤਕਰੀਬਨ ਗੁਰੂ ਸਾਹਿਬ ਦੇ ਚਲਾਣਾ ਕਰਨ ਤੋਂ ਸਿਰਫ 30ਕੁ ਸਾਲ ਬਾਅਦ ਹੀ ਲਿਖੀਆਂ ਗਈਆਂ ਹਨ, ਵਿਚ ਵੀ ‘ਖੰਡੇ-ਬਾਟੇ ਦੀ ਪਾਹੁਲ’ ਤਿਆਰ ਕਰਨ ਦੀ ਵਿਧੀ ਬਾਰੇ ਕੁੱਝ ਨਹੀਂ ਕਿਹਾ ਗਿਆ।
1812 ਤੋਂ ਪਹਿਲਾਂ ਦੇ ਸੰਸਾਰ ਦੇ ਇਤਹਾਸ ਦੀ ਕਿਸੇ ਵੀ ਪੁਸਤਕ ਵਿਚ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਨਾਮ ਨਹੀਂ ਮਿਲਦਾ। ‘Sketch of Sikhs’ written by Lieutenant-colonel Malcolm ਦੀ ਇਸ ਕਿਤਾਬ ਵਿਚ ਪਹਿਲੀ ਵਾਰ ਉਹ ‘ਦਸਵੇਂ ਪਾਤਸ਼ਾਹ ਕਾ ਗ੍ਰੰਥ’ ਦਾ ਜਿਕਰ ਕਰਦਾ ਹੈ। ਅੱਜ ਵਾਲਾ ‘ਦਸਮ ਗ੍ਰੰਥ’ ਜੋ ਬਿਲਕੁੱਲ ‘ਬਚਿਤ੍ਰ ਨਾਟਕ ਲਿਖਯਤੇ’ ਗ੍ਰੰਥ ਦੀ ਕਾਪੀ ਹੈ ਤੇ, ‘ਸਿੱਖ ਆਰਕਾਈਵ ਓਟਵਾ ਕੈਨੇਡਾ’ ਵਿਚ ਸੁਰੱਖਿਅਤ ਹੈ, ਵਿਚ ਕੁੱਝ ਕੁ ਕਵਿਤਾਵਾਂ ਹੋਰ ਪਾ ਕੇ ਇਸ ਨੂੰ ਹੀ ‘ਦਸਮੇ ਪਾਤਸ਼ਾਹ ਕਾ ਗ੍ਰੰਥ’ ਫਿਰ ‘ਦਸਮ ਗ੍ਰੰਥ’ ਅਤੇ ਹੁਣ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਨਾਮ ਦੇ ਦਿੱਤਾ ਗਿਆ ਹੈ।
ਗੁਰੂ ਸਵਾਰੀ ਸਿੱਖ ਕੌਮ ਜੀਓ! ਜਿਸ ਗੁਰੂ ਦੇ ਨਾਮ ਤੇ ਅਸ਼ਲੀਲ ਕਵਿਤਾਵਾਂ ਵਾਲਾ, ਇਸ਼ਟ-ਸਿਧਾਂਤ ਦੇਵੀ ਤੇ ਮਹਾਂਕਾਲ ਦੀ ਪੂਜਾ ਵਾਲਾ, ਡਰਾਕਲ ਕਿਸਮ ਦਾ ਲਿਖਾਰੀ ਵਾਲਾ ਅਤੇ ਆਪਣੀਆਂ ਗਲਤੀਆਂ ਤੋਂ ਵਾਕਫੀਅਤ ਰੱਖਣ ਵਾਲਾ, ਪੋਥਾ ਮੜਿਆ ਜਾ ਰਿਹਾ ਹੈ ਅਤੇ ਸਾਨੂੰ ਨਾ ਮੰਨਣ ਦੀ ਹਾਲਤ ਵਿਚ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,  ਉਸੇ ਹੀ ਗੁਰੂ ਦਾ ਹੁਕਮ ਹੈ, “ਗੁਰੂ ਮਾਨਿਓ ਗ੍ਰੰਥ”। ਇਸ ਹੁਕਮ ਨੂੰ ਮੰਨਣ ਦੀ ਹਾਲਤ ਵਿਚ ਸਾਨੂੰ ਪੰਥ ਦੋਖੀਆਂ ਦਾ ਦੋਸ਼ ਲਾ ਕੇ ਗੁਰੂ ਦੇ ਨਿਆਰੇ ਖਾਲਸਾ ਪੰਥ ਤੋਂ ਦੂਰ ਕੀਤਾ ਜਾ ਰਿਹਾ ਹੈ। ਭਲਾ ਸੋਚੋ ਇਹ ਲੋਕ ਕੌਣ ਹਨ?
ਸਿੱਖ ਸੰਗਤ ਜੀ ਇਹ ਲੋਕ ਸਿੱਖੀ ਦਾ ਘਾਣ ਕਰਨ ਵਾਲੇ ਅਕ੍ਰਿਤਘਣ ਹਨ, ਇਹ ਸਿੱਖੀ ਦੇ ਦੁਸ਼ਮਣ ਹਨ, ਸਿਖੀ ਦਾ ਨਿਘਾਰ ਕਰਨ ਵਾਲੇ ਹਨ। ਗੁਰੂ ਨਾਨਕ ਸਾਹਿਬ ਦੇ ਚਲਾਏ ‘ ਨਿਰਮਲ ਪੰਥ ’ ਦਾ ਨਾਸ ਮਾਰਨ ਤੇ ਤੁਲੇ ਹੋਏ ਲੋਕ ਹਨ। ਸਿੱਖੀ ਦੇ ਬੂਟੇ ਨੂੰ ਜੜ੍ਹੋਂ ਪੁੱਟ ਵਗਾਹ ਮਾਰਨ ਵਾਲੇ ਲੋਕ ਹਨ। ਲੋਕਾਂ ਨੂੰ ਡਰਾ-ਧਮਕਾ ਕੇ ਲੋਕਾਂ ਦੇ  ਅਧੀਨ ਰੱਖਣਾ ਤਾਂ ਬ੍ਰਾਹਮਣ ਦੀ ਨੀਤੀ ਹੈ ਤੇ ਦੂਸਰੇ ਪਾਸੇ ਗੁਰੂ ਨਾਨਕ ਪਿਤਾ ਦਾ ਸਿਧਾਂਤ ਤਾਂ ਬੰਦੇ ਦੀ ਪੂਰਨ ਅਜ਼ਾਦੀ ਦੀ ਗੱਲ ਕਰਦਾ ਹੈ। ਪੂਰਣ ਅਜ਼ਾਦੀ ਦਾ ਮਤਲਬ ਹੈ ਬੰਦੇ ਦਾ ਸਿਧੇ ਤੌਰ ਤੇ ਪਰਮਾਤਮਾ ਦੇ ਅਧੀਨ ਹੋਣਾ ਤੇ ਵਿਚ ਵਿਚੋਲੇ ਦਾ ਨਾ ਹੋਣਾ।
ਚਾਰ ਮਈ 2016 ਨੂੰ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਦੀ ਮੀਟਿੰਗ ਵਿਚ ਹੇਠ ਲਿਖਿਆ ਮਤਾ ਪਾਸ ਕੀਤਾ ਗਿਆ:
“ਇਨ੍ਹਾਂ ਸਰਕਾਰੀ ਮਸੰਦਾਂ ਨੇ ਅੱਜ ਤਕ ਬਹੁਤ ਬੇਸ਼-ਕੀਮਤੀ ਮਨੁੱਖੀ ਜਿੰਦਗੀਆਂ ਮਿੱਟੀ ਵਿਚ ਰੋਲੀਆਂ ਹਨ। ਜਿਵੇਂ ਪ੍ਰੋ. ਗੁਰਮੁੱਖ ਸਿੰਘ, ਬਾਬੂ ਤੇਜਾ ਸਿੰਘ ਭਸੌੜ, ਗਿਆਨੀ ਭਾਗ ਸਿੰਘ ਅੰਬਾਲਾ, ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਇੰਦਰ ਸਿੰਘ ਘੱਗਾ ਆਦਿ। ਹੁਣ ਵਰਜ਼ੀਨੀਆ ਸਟੇਟ (ਅਮਰੀਕਾ) ਦੇ ਪੰਜ ਸਿੰਘਾਂ, (ਸਿਰਦਾਰ ਕੁਲਦੀਪ ਸਿੰਘ, ਸਿਰਦਾਰ ਗੁਰਦੀਪ ਸਿੰਘ, ਸਿਰਦਾਰ ਅਮਰਜੀਤ ਸਿੰਘ, ਸਿਰਦਾਰ ਰਾਜਿੰਦਰ ਸਿੰਘ ਅਤੇ ਸਿਰਦਾਰ ਅਮਰਜੀਤ ਸਿੰਘ ਨਰੂਲਾ), ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਤੇ ‘ ਗੁਰੂ ਗ੍ਰੰਥ ਸਾਹਿਬ ’ ਦੀ ਬਾਣੀ ਪੜ੍ਹ ਕੇ ‘ ਖੰਡੇ-ਬਾਟੇ ਦੀ ਪਾਹੁਲ’ ਤਿਆਰ ਕਰਕੇ ਸੰਗਤਾਂ ਨੂੰ ‘ਪਾਹੁਲ’ ਦਿੱਤੀ,
ਦੇ ਫੈਸਲੇ ਦਾ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪੁਰ ਜ਼ੋਰ ਹਮਾਇਤ ਤੇ ਸ਼ਲਾਘਾ ਕਰਦੀ ਹੈ ਅਤੇ ਇਨ੍ਹਾਂ ਅਖੌਤੀ ਜੱਥੇਦਾਰਾਂ ਵਲੋਂ ਉਪਰ ਵਰਣਤ ਪੰਜਾਂ ਸਿੰਘਾਂ ਦੇ ਪੰਥ ਵਿਚੋਂ ਛੇਕੇ ਜਾਣ ਦੀ ਨਿੰਦਾ ਕਰਦੀ ਹੈ। ਉਪਰ ਵਰਣਤ ਪੰਜਾਂ ਸਿੰਘਾਂ ਨੇ ਅੰਗਰੇਜ਼ ਹਕੂਮਤ ਵਲੋਂ ਸਾਡੇ ਸਿਰ ਮੜੀ ‘ਰਹਿਤ ਮਰਯਾਦਾ’ ਨੂੰ ਤੋੜ ਕੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਨਵੀਂ ਮਰਯਾਦਾ ਚਲਾਉਣ ਦਾ ਜੋ ਉਦਮ ਕੀਤਾ ਹੈ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਇਸਦਾ ਸਵਾਗਤ ਕਰਦੀ ਹੈ
ਜੇ ਇਨ੍ਹਾਂ ਅਖੌਤੀ ਜੱਥੇਦਾਰਾਂ ਦੀ ਮੰਨੀਏ ਤਾਂ ਗੁਰੂ ਦੋਖੀ। ਜੇ ਗੁਰੂ ਦੀ ਮੰਨੀਏ ਤਾਂ ਇਨ੍ਹਾਂ ਅਖੋਤੀ ਜੱਥੇਦਾਰਾਂ ਮੁਤਾਬਕ ਪੰਥ ਦੋਖੀ। ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਸਾਰੀ ਸਿੱਖ ਸੰਗਤ ਨੂੰ ਗੁਰੂ ਦੋਖੀ ਨਾ ਬਣਨ ਦੀ ਪੁਰ-ਜ਼ੋਰ ਅਪੀਲ ਕਰਦੀ ਹੈ ਅਤੇ ਨਾਲ ਹੀ ਇਨ੍ਹਾਂ ਜੱਥੇਦਾਰਾਂ ਨੂੰ ਸਵਾਲ ਕਰਨ ਦੀ ਪ੍ਰੇਰਨਾ ਕਰਦੀ ਹੈ ਕਿ ਜਿਹੜੇ ਸਿੱਖ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈ ਕੇ ‘ਖੰਡੇ-ਬਾਟੇ ਦੀ ਪਾਹੁਲ’ ਤਿਆਰ ਕਰਕੇ ਛਕਾਉਂਦੇ ਹਨ ਉਹ ਪੰਥ ਦੋਖੀ ਕਿਵੇਂ ਹਨ?” ਸਾਡੇ ਗੁਰੂ ਸਹਿਬਾਨ ਨੇ ਜੇਕਰ ਕੋਈ ‘ਮਰਯਾਦਾ’ ਬਣਾਈ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿਚ ਹੈਤੇ ਉਸ ਨੂੰ ਬਦਲਣ ਦਾ ਹੱਕ ਕਿਸੇ ਵਿਆਕਤੀ ਵਿਸ਼ੇਸ਼ ਨੂੰ ਵੀ ਨਹੀਂ। ਨਹੀਂ ਤਾਂ ਬਾਕੀ ਸੱਭ ਸਿੱਖਾਂ ਦੀਆਂ ਬਣਾਈਆਂ ‘ਮਰਯਾਦਾ’ ਹਨ ਤੇ ਸਮੇਂ ਮੁਤਾਬਕ ਸਿੱਖ ਇਨ੍ਹਾਂ ਨੂੰ ਬਦਲਣ ਦਾ ਹੱਕ ਰੱਖਦੇ ਹਨ।
ਗੁਰੂ ਦੇ ਪੰਥ ਦੇ ਦਾਸ,
ਗੁਰਚਰਨ ਸਿੰਘ ਜੀਉਣਵਾਲਾ
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ,

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.