ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਸੈਭੰ’ ਸ਼ਬਦ ਦੇ ਅਜੋਕੇ ਅਰਥਾਂ ਬਾਰੇ :-
-: ‘ਸੈਭੰ’ ਸ਼ਬਦ ਦੇ ਅਜੋਕੇ ਅਰਥਾਂ ਬਾਰੇ :-
Page Visitors: 2864

-: ‘ਸੈਭੰ’ ਸ਼ਬਦ ਦੇ ਅਜੋਕੇ ਅਰਥਾਂ ਬਾਰੇ :-
 ਜਦੋਂ ਖੇਤ ਦਾ ਰਾਖਾ ਹੀ ਖੇਤ ਨੂੰ ਉਜਾੜਨ ਤੇ ਤੁਲ ਪਏ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਖੇਤ ਦਾ ਕੀ ਹਸ਼ਰ ਹੋਵੇਗਾ। ਜੇ ਗੁਰਮਤਿ ਦੇ ਪ੍ਰਚਾਰਕ ਹੀ ਗੁਰਮਤਿ ਦਾ ਘਾਣ ਕਰਨ ਤੇ ਤੁਲ ਪੈਣ ਤਾਂ ਗੁਰਮਤਿ ਦੇ ਸਹੀ ਅਰਥਾਂ ਵਿੱਚ ਵਧਣ ਫੁੱਲਣ ਦੀ ਆਸ ਕਿੱਥੋਂ ਅਤੇ ਕਿਵੇਂ ਰੱਖੀ ਜਾ ਸਕਦੀ ਹੈ?
ਪ੍ਰਸਤੁਤ ਲੇਖ ਗੁਰਬਾਣੀ’ਚ ਆਏ ਸ਼ਬਦ ‘ਸੈਭੰ’ ਦੀ ਅਜੋਕੇ (ਗੁਰਮਤਿ) ਪ੍ਰਚਾਰਕ ਵੀਰ ਭੁਪਿੰਦਰ ਸਿੰਘ ਦੁਆਰਾ ਕੀਤੀ ਵਿਆਖਿਆ ਦੇ ਸੰਬੰਧ ਵਿੱਚ ਹੈ।  ਵੀਰ ਭੁਪਿੰਦਰ ਸਿੰਘ ਲਿਖਦੇ ਹਨ:- “‘ਸੈਭੰ’ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ। ‘ਸੈ’ ਭਾਵ ‘ਆਪਣੇ ਆਪ ਨੂੰ (ਸਵੈ)’ ਅਤੇ ‘ਭੰ’ ਭਾਵ, ‘ਨਿੱਕਾ-ਨਿੱਕਾ ਤੋੜ ਕੇ’। ਸੋ ਇਸ ਅਨੁਸਾਰ ਅਰਥ ਬਣਦੇ ਹਨ ਕਿ ਰੱਬ ਜੀ ਨੇ ਆਪਣੇ ਆਪ ਨੂੰ ਜ਼ੱਰੇ-ਜ਼ੱਰੇ ’ਚ, ਸਾਰੇ ਬ੍ਰਹਿਮੰਡ ’ਚ, ਸਭ ਜਗ੍ਹਾ, ਬਿਰਾਜਮਾਨ ਕਰ ਦਿੱਤਾ ਹੈ।” ‘ਸੈਭੰ’ ਦੇ ਅਰਥ ਇਸ ਪੱਖੋਂ ਸਮਝਣੇ ਸਾਡੇ ਲਈ ਹੋਰ ਲਾਹੇਵੰਦ ਹੋ ਸਕਦੇ ਹਨ। ‘ਆਸਾ ਕੀ ਵਾਰ’ ਦੀ ਪਹਿਲੀ ਪਉੜੀ ’ਚ, ਗੁਰੂ ਨਾਨਕ ਪਾਤਸ਼ਾਹ ਉਚਾਰਦੇ ਹਨ ਕਿ :
 ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।
 ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ
।। (ਗੁਰੂ ਗ੍ਰੰਥ ਸਾਹਿਬ, ਪੰਨਾ : 463)
 ਇਥੋਂ ਇਕ ਨੁਕਤਾ ਇਹ ਸਮਝ ਪੈਂਦਾ ਹੈ ਕਿ ਰੱਬ ਜੀ ਨੇ ਆਪਣੇ ਆਪ ਨੂੰ ਸਾਜ ਕੇ, ਇਸ ਕੁਦਰਤ (ਬ੍ਰਹਿਮੰਡ) ਦੇ ਜ਼ਰੇ-ਜ਼ਰੇ ਵਿਚ ਬਿਰਾਜਮਾਨ ਕਰ ਦਿੱਤਾ ਹੈ, ਭਾਵ ਹਰ ਜਗ੍ਹਾ ਮੌਜੂਦ ਹਾਜ਼ਰ-ਨਾਜ਼ਰ ਕਰ ਦਿੱਤਾ ਹੈ। ਜਿਸਦਾ ਸਦਕਾ
 ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 728)
 ਭਾਵ ਰੱਬ ਜੀ ਦਾ ਹੁਕਮ (ਨਿਯਮ) ਸਭ ਜਗ੍ਹਾ ਚਲ ਰਿਹਾ ਹੈ। .......ਵੀਰ ਭੁਪਿੰਦਰ ਸਿੰਘ.......”
 ਵਿਚਾਰ:- ਦੇਖੋ ਇਹਨਾਂ ਅਜੋਕੇ ਵਿਦਵਾਨਾਂ(?) ਦੁਆਰਾ ਗੁਰਮਤਿ ਵਿੱਚ ਆਪਣੀ ਸੋਚ ਵਾੜਕੇ ਗੁਰਮਤਿ ਦਾ ਕਿਵੇਂ ਘਾਣ ਕੀਤਾ ਜਾ ਰਿਹਾ ਹੈ।‘ਸੈਭੰ’ ਦੇ ਵਿੱਚ ‘ਭੰ’ ਦਾ ਅਰਥ- ‘ਨਿੱਕਾ ਨਿੱਕਾ ਤੋੜ ਕੇ’ ਦੱਸੇ ਗਏ ਹਨ। ਪਹਿਲੀ ਤਾਂ ਗੱਲ ‘ਭੰ’ ਦਾ ਅਰਥ ਨਿੱਕਾ ਨਿੱਕਾ ਤੋੜਕੇ ਕਿਸੇ ਡਿਕਸ਼ਨਰੀ ਵਿੱਚ ਨਹੀਂ ਲਿਖਿਆ ਹੋਇਆ।‘ਭੰ’ ਸ਼ਬਦ ‘ਭੂ’ ਧਾਤੂ ਤੋਂ ਹੈ ਅਤੇ ਇਸ ਦਾ ਅਰਥ ਹੈ- ਹੋਣਾ, ਪੈਦਾ ਹੋਣਾ, ਦਿਖਾਈ ਦੇਣਾ, ਅਧਿਕ ਹੋਣਾ, ਪਾਲਣ ਕਰਨਾ, ਥਾਪਣਾ … ਆਦਿ ਇਹਨਾਂ ਅਰਥਾਂ ਨੂੰ ‘ਨਿੱਕਾ ਨਿੱਕਾ ਤੋੜਕੇ’ ਦੇ ਅਰਥਾਂ ਵਿੱਚ ਬਿਲਕੁਲ ਵੀ ਨਹੀਂ ਲਿਆ ਜਾ ਸਕਦਾ। ਜੇਕਰ ਭੁਪਿੰਦਰ ਸਿੰਘ ‘ਭੰ’ ਨੂੰ ‘ਭੰਗ’ ਮੰਨਕੇ ਅਰਥ ਕਰਦੇ ਹਨ ਤਾਂ ਦੇਖੋ ਭੰਗ ਦੇ ਅਰਥ ਮਹਾਨ ਕੋਸ਼ ਅਨੁਸਾਰ ਹਨ:- 1- ‘ਹਾਰ, ਸ਼ਿਕਸਤ. 2-ਟੇਢਾਪਨ, ਵਿੰਗਾ ਕਰਨ ਦਾ ਭਾਵ. 3- ਭੈ, ਡਰ. 4- ਭੇਦ, ਫਰਕ. 5- ਤਰੰਗ, ਲਹਰ. 6- ਵਿਘਨ. 7- ਕਸੂਰ, ਅਪਰਾਧ। ਇਹਨਾਂ ਅਰਥਾਂ ਅਨੁਸਾਰ ਵੀ ‘ਭੰਗ/ ਭੰ’ ਦਾ ਅਰਥ ਨਿੱਕੇ ਨਿੱਕੇ ਟੁਕੜੇ ਨਹੀਂ ਬਣਦਾ।ਭੰਗ ਦੇ ਮਹਾਨ ਕੋਸ਼ ਵਿੱਚ ਲਿਖੇ ਅਰਥਾਂ ਅਨੁਸਾਰ ਪੰਗਤੀ ਦੇ ਅਰਥ ਕੁਝ ਇਸ ਤਰ੍ਹਾਂ ਬਣਦੇ ਹਨ:- ‘ਰੱਬ ਨੇ ਆਪਣੇ ਆਪ ਨੂੰ- ‘ਹਰਾਇਆ / ਟੇਢਾ / ਵਿੰਗਾ ਕੀਤਾ। ਜਾਂ- ‘ਆਪਣੇ ਆਪ- ਡਰਿਆ / ਫਰਕ ਪਾਇਆ/ ਵਿਘਨ ਪਾਇਆ ਜਾਂ- ਆਪਣੇ ਆਪ ਨੂੰ- ਕਸੂਰ ਵਾਰ ਕੀਤਾ/ ਅਪਰਾਧੀ ਕੀਤਾ… ਆਦਿ ਅਰਥ ਬਣਦੇ ਹਨ। ਜੋ ਕਿ ਬਿਲਕੁਲ ਗੁਰਮਤਿ ਦਾ ਘਾਣ ਕਰਨ ਬਰਾਬਰ ਹੈ। ਜੇ ਵੀਰ ਭੁਪਿੰਦਰ ਸਿੰਘ ਦੁਆਰਾ ਘੜੇ ਅਰਥਾਂ ਨੂੰ ਸਹੀ ਮੰਨ ਵੀ ਲਈਏ ਤਾਂ ਪ੍ਰਭੂ ਦੇ ਟੁਕੜੇ ਜੀਵਾਂ ਵਿੱਚ ਵਰਤ ਨਹੀਂ ਸਕਦੇ। ਕਿਉਂਕਿ, ‘ਵਰਤਣ’ ਦਾ ਅਰਥ ਹੈ-- ਵਰਤੋਂ (ਵਿਹਾਰ) ਵਿੱਚ ਲਿਆਉਣਾ, ਰਹਿਣਾ, ਨਿਵਾਸ ਕਰਨਾ।ਅਤੇ ਭੁਪਿੰਦਰ ਸਿੰਘ ਦੇ ਖੁਦ ਦੇ ਅਰਥਾਂ “ਬਿਰਾਜਮਾਨ ਕਰ ਦਿੱਤਾ” ਅਨੁਸਾਰ ਵੀ, ‘ਟੁਕੜੇ’ ਬਿਰਾਜਮਾਨ ਨਹੀਂ ਹੋ ਸਕਦੇ ਕਿਉਂਕਿ ਬਿਰਾਜਮਾਨ ਤਾਂ ਕੋਈ ਸੰਪੂਰਣ ਹਸਤੀ ਹੀ ਹੋ ਸਕਦੀ ਹੈ, ਟੁਕੜੇ ਨਹੀਂ। ਦੇਖੋ ਗੁਰਬਾਣੀ ਕਹਿੰਦੀ ਹੈ--
 “ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ” (ਪੰਨਾ 133) ਇੱਕ ਵਰਤਦਾ ਹੈ, ਟੁਕੜੇ ਨਹੀਂ।
 “ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥” (ਪੰਨਾ 555) ਗੁਪਤ, ਜ਼ਾਹਰ ਕੋਈ ਹਸਤੀ ਜਾਂ ਪੁਰਖ ਹੀ ਵਰਤ ਸਕਦਾ ਹੈ, ਟੁਕੜੇ ਨਹੀਂ।
 “ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥” (ਪੰਨਾ 120)
 “ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥” (ਪੰਨਾ 594) ਸਭਨਾਂ ਅੰਦਰ ‘ਇੱਕ’ ਵਰਤਦਾ ਹੈ, ‘ਟੁਕੜਾ’ ਜਾਂ ‘ਟੁਕੜੇ’ ਨਹੀਂ।
   ਦਰਅਸਲ ਕਈ ਹੋਰ ਪਦਾਰਥਵਾਦੀ ਸੋਚ ਵਾਲੇ ਗੁਰਮਤਿ(?) ਪ੍ਰਚਾਰਕਾਂ ਦੀ ਤਰ੍ਹ੍ਹਾਂ ਵੀਰ ਭੁਪਿੰਦਰ ਸਿੰਘ ਵੀ ਪਦਾਰਥਵਾਦੀ ਸੋਚ ਰੱਖਦੇ ਹਨ।ਅਤੇ ਇਹਨਾਂ ਨੇ ਆਪਣੀ ਸੋਚ ਗੁਰਮਤਿ ਵਿੱਚ ਵਾੜਨ ਦਾ ਪੂਰਾ ਜ਼ੋਰ ਲਗਾਇਆ ਹੋਇਆ ਹੈ।ਵੀਰ ਭੁਪਿੰਦਰ ਸਿੰਘ ਸੰਬੰਧਤ ਤੁਕ ਦੇ ਅਰਥਾਂ ਦੇ ਜ਼ਰੀਏ ਦਰਸਾਉਣਾ ਚਾਹੁੰਦੇ ਹਨ ਕਿ, ਇਹ ਜੋ ਦਿਸਦਾ ਪ੍ਰਤੱਖ ਸੰਸਾਰ ਅਤੇ ਇਸ ਵਿਚਲੇ ਜੋ ਪਦਾਰਥ ਆਪਾਂ ਦੇਖਦੇ ਹਾਂ ਅਤੇ ਪਦਾਰਥ ਦੇ ਗੁਣਾਂ ਔਗੁਣਾਂ ਸਮੇਤ ਇਹੀ ਸਭ ਕੁਝ ਹੈ। ਇਸ ਤੋਂ ਇਲਾਵਾ ਕੋਈ ਅਦਿਖ ਪਰਮਾਤਮਾ ਨਹੀਂ ਹੈ। ਜ਼ਾਹਰਾ ਤੌਰ ਤੇ ਬੇਸ਼ੱਕ ਪਰਮਾਤਮਾ ਦੀ ਹੋਂਦ ਮੰਨਣ ਤੋਂ ਇਹ ਲੋਕ ਇਨਕਾਰੀ ਨਹੀਂ ਪਰ ਇਹਨਾਂ ਦੀਆਂ ਵਿਆਖਿਆਵਾਂ ਪਰਮਾਤਮਾ ਦੀ ਹੋਂਦ ਨਾ ਮੰਨਣ ਦਾ ਹੀ ਸੰਕੇਤ ਦਿੰਦੀਆਂ ਹਨ।
  ਭੂਪਿੰਦਰ ਸਿੰਘ ਦੇ ਅਰਥਾਂ ਤੋਂ ਮਤਲਬ ਇਹ ਬਣਦਾ ਹੈ ਕਿ ਟੁਕੜਿਆਂ ਦੇ ਰੂਪ ਵਿੱਚ ਬ੍ਰਹਮੰਡ ਵਿੱਚ ਫਿੱਟ ਹੋਣ ਤੋਂ ਬਾਅਦ ਹੁਣ ਰੱਬ ਦਾ ਨਿਰਾਕਾਰ ਰੂਪ ਖਤਮ ਹੋ ਗਿਆ ਹੈ।ਜਦਕਿ ਗੁਰਬਾਣੀ ਤਾਂ ਕਹਿੰਦੀ ਹੈ—
 “ਆਪੇ ਸੂਖਮੁ ਭਾਲੀਐ ਆਪੇ ਪਾਸਾਰ॥ ਆਪਿ ਇਕਾਤੀ ਹੋੋਇ ਰਹੈ ਆਪੇ ਵਡ ਪਰਵਾਰ॥” (ਪੰਨਾ 556)
 ਅਰਥਾਤ- ਆਪ ਹੀ ਹਰੀ ਸੂਖਮ-ਰੂਪ ਵੇਖੀਦਾ ਹੈ ਅਤੇ ਆਪ ਹੀ (ਸੰਸਾਰ ਦਾ) ਪਰਪੰਚ(-ਰੂਪ) ਹੈ। ਆਪ ਹੀ ਇਕੱਲਾ ਹੋ ਕੇ ਰਹਿੰਦਾ ਹੈ ਤੇ ਆਪ ਹੀ ਵੱਡੇ ਪਰਵਾਰ ਵਾਲਾ ਹੈ।” ਪਰ ਭੁਪਿੰਦਰ ਸਿੰਘ ਕਹਿੰਦੇ ਹਨ ਕਿ ਰੱਬ ਆਪਣੇ ਟੁਕੜੇ ਟੁਕੜੇ ਕਰਕੇ ਬ੍ਰਹਮੰਡ ਵਿੱਚ ਬਿਰਾਜਮਾਨ ਹੋ ਗਿਆ। ਜਾਣੀ ਕਿ ਬ੍ਰਹਮੰਡ ਵਿੱਚ ਉਸਦੇ ਟੁਕੜੇ ਬਿਰਾਜਮਾਨ ਹੋਏ ਪਏ ਹਨ। ਹੋਰ ਦੇਖੋ—
ਆਪਨ ਆਪੁ ਉਪਾਇਓ॥ ਆਪਹਿ ਬਾਪ ਆਪ ਹੀ ਮਾਇਓ॥
 ਆਪਹਿ ਸੂਖਮ ਆਪਹਿ ਅਸਥੂਲਾ
॥” (ਪੰਨਾ 1236)--
 ਅਰਥਾਤ- ਆਪਣੇ ਆਪ ਨੂੰ ਦਿਸਦੇ ਸਰੂਪ ਵਿੱਚ ਲਿਆਉਣ ਵਾਲਾ ਭੀ ਉਹ ਆਪ ਹੀ ਹੈ, ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ। ਅਣ-ਦਿਸਦੇ ਤੇ ਦਿਸਦੇ ਸਰੂਪ ਵਾਲਾ ਆਪ ਹੀ ਹੈ। ਹੋਰ ਦੇਖੋ:-
 “ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ॥ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ॥(ਪੰਨਾ 555)”-
- ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿੱਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ, ਆਪ ਹੀ (ਸਭ ਵਿੱਚ) ਲੁਕਿਆ ਹੋਇਆ ਹੈ ਤੇ ਆਪ ਹੀ ਪ੍ਰਤੱਖ (ਦਿਸ ਰਿਹਾ) ਹੈ।” ਸੋ ਗੁਰਬਾਣੀ ਫੁਰਮਾਨਾਂ ਅਨੁਸਾਰ ਤਾਂ ਉਸ ਨੇ ਆਪਣੇ ਆਪ ਨੂੰ ਟੁਕੜਿਆਂ ਵਿੱਚ ਕੱਟਕੇ ਫਿੱਟ ਨਹੀਂ ਕੀਤਾ, ਬਲਕਿ ਦਿਸਦੇ ਸੰਸਾਰ ਵਿੱਚ ਗੁਪਤ ਰੂਪ ਵਿੱਚ **ਵਰਤ** ਰਿਹਾ ਹੈ। ਆਪਣੇ ਪੱਖ ਨੂੰ ਪੁਖਤਾ ਕਰਨ ਲਈ ਭੁਪਿੰਦਰ ਸਿੰਘ ਗੁਰਬਾਣੀ ਉਦਾਹਰਣ ਦੇ ਕੇ ਲਿਖਦੇ ਹਨ:- “‘ਆਸਾ ਕੀ ਵਾਰ’ ਦੀ ਪਹਿਲੀ ਪਉੜੀ ’ਚ, ਗੁਰੂ ਨਾਨਕ ਪਾਤਸ਼ਾਹ ਉਚਾਰਦੇ ਹਨ ਕਿ :
 ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।
 ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ
।।” (ਪੰਨਾ 463)
 ਰੱਬ ਜੀ ਨੇ ਆਪਣੇ ਆਪ ਨੂੰ ਸਾਜ ਕੇ, ਇਸ ਕੁਦਰਤ (ਬ੍ਰਹਿਮੰਡ) ਦੇ ਜ਼ਰੇ-ਜ਼ਰੇ ਵਿਚ ਬਿਰਾਜਮਾਨ ਕਰ ਦਿੱਤਾ ਹੈ, ਭਾਵ ਹਰ ਜਗ੍ਹਾ ਮੌਜੂਦ ਹਾਜ਼ਰ-ਨਾਜ਼ਰ ਕਰ ਦਿੱਤਾ ਹੈ।
(-ਵੀਰ ਭੁਪਿੰਦਰ ਸਿੰਘ) ਪਰ ਸਵਾਲ ਪੈਦਾ ਹੁੰਦਾ ਹੈ ਕਿ- “
.. ਕਰਿ ਆਸਣੁ ਡਿਠੋ ਚਾਉ॥”
 ਉਸ ਦੇ **ਟੁਕੜੇ** ਆਸਣ ਕਰਕੇ ਕਿਵੇਂ ਬਿਰਾਜਮਾਨ ਹੋ ਸਕਦੇ ਹਨ ਅਤੇ ਜਗਤ ਤਮਾਸ਼ਾ ਦੇਖਕੇ ਕਿਵੇਂ ਵਿਗਸ ਸਕਦੇ ਹਨ? ‘ਸੈਭੰ’ ਦੇ ਪੋ੍ਰ: ਸਾਹਿਬ ਸਿੰਘ ਜੀ ਨੇ ਅਰਥ ਲਿਖੇ ਹਨ:- “ਸੈਭੰ— ਸ੍ਵਯੰਭੂ (ਸ੍ਵ-ਸ੍ਵਯੰ । ਭੰ-ਭੂ) ਆਪਣੇ ਆਪ ਤੋਂ ਹੋਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ।” ਇਸ ਦੇ ਮੁਕਾਬਲੇ ਵਿੱਚ ਵੀਰ ਭੁਪਿੰਦਰ ਸਿੰਘ ਦੇ ਅਰਥ ਆਪਾਂ ਦੇਖ ਹੀ ਲਏ ਹਨ।ਬਿਲਕੁਲ ਵੀ ਨਹੀਂ ਮਿਲਦੇ।
 “ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।
 ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ
।।” ਦੇ ਪ੍ਰੋ: ਸਾਹਿਬ ਸਿੰਘ ਜੀ ਨੇ ਅਰਥ ਲਿਖੇ ਹਨ:-
 ‘ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ । ਫਿਰ, ਉਸ ਨੇ ਕੁਦਰਤ ਰਚੀ (ਅਤੇ ਉਸ ਵਿਚ) ਆਸਣ ਜਮਾ ਕੇ, (ਭਾਵ, ਕੁਦਰਤ ਵਿਚ ਵਿਆਪਕ ਹੋ ਕੇ, ਇਸ ਜਗਤ ਦਾ) ਆਪ ਤਮਾਸ਼ਾ ਵੇਖਣ ਲੱਗ ਪਿਆ ਹੈ ।’ ਪ੍ਰੋ: ਸਾਹਿਬ ਸਿੰਘ ਜੀ ਦੇ ਇਹਨਾਂ ਅਰਥਾਂ ਵਿੱਚ ਵੀ ਕਿਤੇ ਰੱਬ ਟੁਕੜੇ ਟੁਕੜੇ ਕਰਕੇ ਬ੍ਰਹਮੰਡ ਵਿੱਚ ਬਿਰਾਜਮਾਨ ਹੋਇਆ ਵਰਗੀ ਗਲ ਨਹੀਂ ਲਿਖੀ। ਪਰ ਇਹਨਾਂ ਅਜੋਕੇ ਵਿਦਵਾਨਾਂ ਦੀ ਚਲਾਕੀ ਦੇਖੋ। ਆਪਣੇ ਅਰਥਾਂ ਤੇ ਪ੍ਰੋ: ਸਾਹਿਬ ਸਿੰਘ ਜੀ ਦੇ ਨਾਮ ਦੀ ਤਸਦੀਕੀ ਮੋਹਰ ਲਗਾਉਣ ਲਈ ਵੀਰ ਭੁਪਿੰਦਰ ਸਿੰਘ ਲਿਖਦੇ ਹਨ:- “ਪ੍ਰੋ. ਸਾਹਿਬ ਸਿੰਘ ਜੀ ਨੇ ਖੋਜ ਕੀਤੀ ਅਤੇ ਗੁਰਮਤ ਦੇ ਕੀਮਤੀ ਸੁਨੇਹੇ (ਗੁਰੂ ਗ੍ਰੰਥ ਸਾਹਿਬ ਦਰਪਣ, 10-ਭਾਗ) ਮਨੁੱਖਤਾ ਅੱਗੇ ਪੇਸ਼ ਕੀਤੇ। ਪ੍ਰੋ. ਸਾਹਿਬ ਸਿੰਘ ਜੀ ਦੀ ਖੋਜ ਭਰਪੂਰ ਲੇਖਨੀ ਨੇ ਕਾਫ਼ੀ ਹੱਦ ਤੱਕ, ਗੁਰਮਤ ਦੇ ਕੀਮਤੀ ਸੁਨੇਹੇ, ਗੁਰਬਾਣੀ ਵਿਆਕਰਣ ਦੇ ਨਾਲ ਮਨੁੱਖਾਂ ਅੱਗੇ ਪੇਸ਼ ਕੀਤੇ। ਉਨ੍ਹਾਂ ਦੀ ਖੋਜ ਤੋਂ ਗੁਰਬਾਣੀ ਸਨੇਹੀਆਂ ਨੂੰ ਬਹੁਤ ਲਾਹੇਵੰਦ ਵਿਚਾਰਾਂ ਮਿਲੀਆਂ ਹਨ।” ਦੇਖੋ ਕਿਵੇਂ ਪਾਠਕਾਂ ਦੇ ਅੱਖੀਂ ਘੱਟਾ ਪਾਉਣ ਲਈ ਭੁਪਿੰਦਰ ਸਿੰਘ ਜ਼ਾਹਰ ਕਰ ਰਹੇ ਹਨ ਕਿ ਜਵੇਂ ਇਹਨਾਂ ਨੇ ਵੀ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਦੇ ਪੈਟਰਨ ਅਨੁਸਾਰ ਹੀ ਅਰਥ ਕੀਤੇ ਹਨ
 ਨੋਟ:- ਤਕਰੀਬਨ ਸਾਰੇ ਅਜੋਕੇ ਗੁਰਮਤਿ(?) ਪ੍ਰਚਾਰਕ ਵੀ (ਉਪਰੋਂ-ਉਪਰੋਂ) ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨਾਲ ਸਹਿਮਤ ਹੋਣ ਦੀ ਗੱਲ ਕਰਦੇ ਹਨ। ਪਾਠਕਾਂ ਦੇ ਅੱਖੀਂ ਘੱਟਾ ਪਾਉਣ ਲਈ ਹੀ ਇਹ ਲੋਕ ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਦੀ ਤਾਰੀਫ ਕਰਦੇ ਹਨ, ਜਦਕਿ ਅਸਲ ਵਿੱਚ ਇਹ ਲੋਕ ਪ੍ਰੋ: ਸਾਹਿਬ ਦੇ ਸਾਰੇ ਅਰਥਾਂ ਨੂੰ ਰੱਦ ਕਰੀ ਜਾਂਦੇ ਹਨ। ਇਸ ਲਈ ਪਾਠਕਾਂ ਅੱਗੇ ਬੇਨਤੀ ਹੈ ਕਿ ਉਹ ਖੁਦ ਹੀ ਅਜੋਕੇ ਪ੍ਰਚਾਰਕਾਂ ਦੇ ਅਰਥਾਂ/ਵਿਆਖਿਆਵਾਂ ਦੀ ਬਜਾਏ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਤੋਂ ਹੀ ਸੇਧ ਲੈਣ।
ਜਸਬੀਰ ਸਿੰਘ ਵਿਰਦੀ"

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.