ਸਵਾਲਾਂ ਦੇ ਘੇਰੇ ‘ਚ ਮੋਦੀ ਦਾ ਅਮਰੀਕਾ ਦੌਰਾ!
ਵਾਸ਼ਿੰਗਟਨ, 4 ਜੂਨ (ਪੰਜਾਬ ਮੇਲ)- 7 ਜੂਨ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਈਟ ਹਾਊਸ ‘ਚ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕਰਨਗੇ, ਉਸ ਤੋਂ ਕੁੱਝ ਹੀ ਘੰਟਿਆਂ ਬਾਅਦ ਅਮਰੀਕੀ ਕਾਂਗਰਸ ਦਾ ਇਕ ਕਮਿਸ਼ਨ ਭਾਰਤ ‘ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਸਵਾਲ-ਜਵਾਬ ਕਰ ਰਿਹਾ ਹੋਵੇਗਾ।ਅਮਰੀਕੀ ਕਾਂਗਰਸ ਦੇ ਸੀਨੀਅਰ ਮੈਂਬਰ ਟੌਮ ਲੈਂਟਾਸ ਦੇ ਨਾਂਅ ‘ਤੇ ਗਠਤ ਇਸ ਕਮਿਸ਼ਨ ਦੀ ਇਹ ਬੈਠਕ ਕਾਂਗਰਸ ਦੀ ਸਾਂਝੀ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੋਂ ਠੀਕ ਇਕ ਦਿਨ ਪਹਿਲਾਂ ਹੋ ਰਹੀ ਹੈ।
ਕਮਿਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਆਜ਼ਾਦੀ ਦੇ 70 ਸਾਲਾਂ ਮਗਰੋਂ ਵੀ ਭਾਰਤ ‘ਚ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਚਿੰਤਾਵਾਂ ਬਰਕਰਾਰ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਦਲਿੱਤ ਭਾਈਚਾਰਾ ਅਤੇ ਧਾਰਮਿਕ ਘੱਟ ਗਿਣਤੀਆਂ ਨਾਲ ਪੱਖਪਾਤ ਹਾਲੇ ਵੀ ਜਾਰੀ ਹੈ।ਨਾਲ ਹੀ ਕਈ ਕੌਮਾਂਤਰੀ ਗੈਰ ਸਰਕਾਰੀ ਸੰਸਥਾਵਾਂ ਜਿਹੜੀਆਂ ਇਨ੍ਹਾਂ ਮਾਮਲਿਆਂ ‘ਤੇ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਸਰਕਾਰ ਦੀ ‘ਵਾਚ ਲਿਸਟ’ ‘ਤੇ ਰੱਖ ਲਿਆ ਗਿਆ ਹੈ ਅਤੇ ਉਨ੍ਹਾਂ ‘ਚੋਂ ਕੁੱਝ ਦੀ ਫੰਡਿੰਗ ‘ਤੇ ਵੀ ਰੋਕ ਲੱਗ ਗਈ ਹੈ।ਇਨ੍ਹਾਂ ਮਾਮਲਿਆਂ ‘ਚ ਕਮਿਸ਼ਨ ਇਕ ਇਸਾਈ ਸੰਗਠਨ, ਇਕ ਮੁਸਲਿਮ ਸੰਗਠਨ, ਹਿਊਮਨ ਰਾਈਟਸ ਵਾਚ ਅਤੇ ਐਮਨੇਸਟੀ ਇੰਟਰਨੈਸ਼ਨਲ ਦੇ ਪ੍ਰਤੀਨਿਧੀਆਂ ਦੀ ਰਾਏ ਸੁਣੇਗੀ।
ਪਿਛਲੇ ਹਫਤੇ ਹੀ ਕਾਂਗਰਸ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਵੀ ਭਾਰਤ-ਅਮਰੀਕਾ ਰਿਸ਼ਤਿਆਂ ‘ਤੇ ਇਕ ਸੁਣਵਾਈ ਦੌਰਾਨ ਭਾਰਤ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਅਤੇ ਇਕ ਅਜਿਹੇ ਦੇਸ਼ ਦੀ ਤਸਵੀਰ ਪੇਸ਼ ਕੀਤੀ ਜਿਥੇ ਇਕ ਕਰੋੜ 20 ਲੱਖ ਲੋਕ ਗੁਲਾਮ ਹਨ ਅਤੇ ਜਿਥੇ ਔਰਤਾਂ ਨਾਲ ਧੱਕਾ ਹੁੰਦਾ ਹੈ।ਵਿਦੇਸ਼ ਮਾਮਲਿਆਂ ਦੀ ਕਮੇਟੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਜਾਣਬੁੱਝ ਕੇ ਇਸਾਈ ਸੰਗਠਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉਨ੍ਹਾਂ ਦੇ ਖੋਜਕਰਤਾਵਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਵੀਜ਼ਾ ਰੱਦ ਕਰ ਰਿਹਾ ਹੈ।
ਕਮੇਟੀ ਅਨੁਸਾਰ ਭਾਰਤ ‘ਚ ਧਾਰਮਿਕ ਅਸਹਿਣਸ਼ੀਲਤਾ ‘ਚ ਵੀ ਤੇਜ਼ੀ ਆ ਰਹੀ ਹੈ।ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਠੀਕ ਪਹਿਲਾਂ ਕਾਂਗਰਸ ‘ਚ ਇਸ ਤਰ੍ਹਾਂ ਦੇ ਬਿਆਨਾਂ ਅਤੇ ਉਨ੍ਹਾਂ ਦੀ ਮੌਜੂਦਗੀ ਵੇਲੇ ਭਾਰਤ ਦੇ ਮਨੁੱਖੀ ਅਧਿਕਾਰਾਂ ‘ਤੇ ਹੋ ਰਹੀ ਸੁਣਵਾਈ ਦੀ ਭਾਰਤੀ ਭਾਈਚਾਰੇ ਦੇ ਕੁੱਝ ਪ੍ਰਤੀਨਿਧੀਆਂ ਨੇ ਸਖਤ ਨਿਖੇਧੀ ਕੀਤੀ ਹੈ।ਉਥੇ ਹੀ ਭਾਰਤੀ ਦੂਤਘਰ ਦਾ ਕਹਿਣਾ ਹੈ ਕਿ ਹਰ ਦੇਸ਼ ‘ਚ ਸਮੱਸਿਆਵਾਂ ਹੁੰਦੀਆਂ ਹਨ ਪਰ ਭਾਰਤ ਇਹ ਨਹੀਂ ਮੰਨਦਾ ਕਿ ਇਕ ਦੇਸ਼ ਨੂੰ ਦੂਜੇ ਨੂੰ ਉਪਦੇਸ਼ ਦੇਣ ਦਾ ਹੱਕ ਹੈ।ਡਿਪਲੋਮੈਟ ਅਰੁਣ ਕੁਮਾਰ ਸਿੰਘ ਲੇ ਅਮਰੀਕੀ ਅਤੇ ਵਿਦੇਸ਼ੀ ਮੀਡੀਆ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੂਜੇ ਦੇਸ਼ਾਂ ਦੀਆਂ ਜਿਹੜੀਆਂ ਚੰਗੀਆਂ ਪਹਿਲਾਂ ਜਾਂ ਗੁਣ ਹਨ ਉਨ੍ਹਾਂ ‘ਤੇ ਗੱਲ ਕਰਨ ਅਤੇ ਉਨ੍ਹਾਂ ਨੂੰ ਅਪਣਾਉਣ ‘ਚ ਭਾਰਤ ਨੂੰ ਪਰਹੇਜ਼ ਨਹੀਂ ਹੈ। ਪਰ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਵੇਲੇ ਇਨ੍ਹਾਂ ਸਵਾਲਾਂ ਨੂੰ ਚੁੱਕੇ ਜਾਣ ਦੇ ਮਾਮਲੇ ‘ਤੇ ਭਾਰਤੀ ਡਿਪਲੋਮੈਟ ਅਰੁਣ ਕੁਮਾਰ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਤੌਰ ‘ਤੇ ਭਾਰਤ ‘ਚ ਅਸੀਂ ਅਜਿਹਾ ਕੁੱਝ ਨਹੀਂ ਕਰਦੇ ਜਿਸ ਨਾਲ ਸਾਡੇ ਮਹਿਮਾਨ ਸ਼ਰਮਿੰਦਾ ਹੋਣ ਮੈਨੂੰ ਲਗਦਾ ਹੈ ਕਿ ਕੁੱਝ ਸਮਾਜਾਂ ‘ਚ ਅਜਿਹਾ ਕੀਤਾ ਜਾਂਦਾ ਹੈ।ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਮਗਰੋਂ ਮੋਦੀ ਕਾਂਗਰਸ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰ ਰਹੇ ਹਨ ਅਤੇ ਅੰਦਾਜ਼ਾ ਹੈ ਉਨ੍ਹਾਂ ਨਾਲ ਉਥੇ ਵੀ ਇਨ੍ਹਾਂ ਮਾਮਲਿਆਂ ‘ਤੇ ਗੱਲ ਹੋਵੇਗੀ।