ਸੱਚਖੰਡ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਵੱਲੋਂ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ
ਅੰਮ੍ਰਿਤਸਰ, 3 ਜੂਨ (ਪੰਜਾਬ ਮੇਲ)- ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਵੱਲੋਂ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਵੱਲੋਂ ਪਹਿਲਾਂ ਸੁਖਬੀਰ ਬਾਦਲ ਨੂੰ ਵੀ ਸਿਰੋਪਾ ਦੇਣ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਿੱਚ ਕਾਫੀ ਹਲਚਲ ਪੈਦਾ ਹੋ ਗਈ ਹੈ।
ਸੂਤਰਾਂ ਮੁਤਾਬਕ ਅੱਜ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਤਾਂ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀ ਵੀ ਮੌਜੂਦ ਸਨ। ਸੱਚਖੰਡ ਹਰਿਮੰਦਰ ਸਾਹਿਬ ਵਿੱਚ ਮੌਜੂਦ ਵਿਅਕਤੀ ਮੁਤਾਬਕ ਜਦੋਂ ਬਾਦਲ ਨੇ ਮੱਥਾ ਟੇਕਿਆ ਤਾਂ ਇੱਕ ਅਧਿਕਾਰੀ ਵੱਲੋਂ ਅਰਦਾਸੀਏ ਬਲਬੀਰ ਸਿੰਘ ਫਰਾਂਸ ਨੂੰ ਬਾਦਲ ਨੂੰ ਸਿਰੋਪਾ ਦੇਣ ਲਈ ਕਿਹਾ ਗਿਆ। ਅਰਦਾਸੀਆ ਬਲਬੀਰ ਸਿੰਘ ਸਿਰੋਪਾ ਦੇਣ ਦੀ ਥਾਂ ਗ੍ਰੰਥੀ ਸਿੰਘ ਕੋਲ ਚਲਾ ਗਿਆ। ਜਦੋਂ ਉਨ੍ਹਾਂ ਨੂੰ ਦੁਬਾਰਾ ਬੁਲਾ ਕੇ ਸਿਰੋਪਾ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਬਾਦਲ ਨੂੰ ਸਿਰਫ ਪਤਾਸਿਆਂ ਦਾ ਪ੍ਰਸ਼ਾਦ ਹੀ ਦਿੱਤਾ। ਇਸ ਮਗਰੋਂ ਬਾਦਲ ਬਿਨਾ ਸਿਰੋਪਾ ਲਏ ਹੀ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਏ।
ਜ਼ਿਕਰਯੋਗ ਹੈ ਕਿ ਅਰਦਾਸੀਏ ਬਲਬੀਰ ਸਿੰਘ ਫਰਾਂਸ ਵੱਲੋਂ ਜਨਵਰੀ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸ ਵੇਲੇ ਬਲਬੀਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਪੰਜਾਬ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ਼ ਨਾ ਮਿਲਣ ਕਰਕੇ ਉਨ੍ਹਾਂ ਅਜਿਹਾ ਕੀਤਾ ਸੀ। ਅਰਦਾਸੀਏ ਵੱਲੋਂ ਸਿਰੋਪਾ ਨਾ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ‘ਤੇ ਕੋਈ ਕਾਰਵਾਈ ਇਸ ਲਈ ਨਹੀਂ ਕੀਤੀ ਗਈ ਸੀ ਕਿਉਂਕਿ ਸਰਕਾਰ ਤੋਂ ਨਾਰਾਜ਼ ਪੰਥ ਵੱਲੋਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਕੀਤਾ ਜਾ ਸਕਦਾ ਸੀ।
ਬਾਦਲ ਨੂੰ ਸਿਰੋਪਾ ਨਾ ਦੇਣ ਦੇ ਮਾਮਲੇ ਤੋਂ ਬਾਅਦ ਜਿੱਥੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਇਹ ਵੀ ਖਬਰਾਂ ਆ ਰਹੀਆਂ ਹਨ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਕਮੇਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ। ਬੈਠਕ ਵਿੱਚ ਇਸ ਮਸਲੇ ‘ਤੇ ਵੀ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ। ਜੇਕਰ ਸ਼੍ਰੋਮਣੀ ਕਮੇਟੀ ਅਰਦਾਸੀਏ ਬਲਬੀਰ ਸਿੰਘ ਖਿਲਾਫ਼ ਕੋਈ ਸਖਤ ਕਾਰਵਾਈ ਕਰਦੀ ਹੈ ਤਾਂ ਆਉਂਦੀ 6 ਜੂਨ ਨੂੰ ਸ਼੍ਰੋਮਣੀ ਕਮੇਟੀ ਨੂੰ ਸਮੁੱਚੀਆਂ ਸਿੱਖ ਜਥੇਬੰਦੀਆਂ ਦਾ ਵਿਰੋਧ ਝੱਲਣਾ ਪੈ ਸਕਦਾ ਹੈ। ਅਰਦਾਸੀਏ ਬਲਬੀਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ।