ਸ੍ਰੀਲੰਕਾ ਦੇ ਹੜ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਭਾਰਤੀ ਸਿੱਖ
ਦੋ ਸਮੇਂ ਲਾਇਆ ਜਾ ਰਿਹਾ ਹੈ ਲੰਗਰ
ਸ੍ਰੀਲੰਕਾ, 30 ਮਈ (ਪੰਜਾਬ ਮੇਲ)-ਭਾਰਤੀ ਸਿੱਖਾਂ ਨੇ ਸ੍ਰੀਲੰਕਾ ਦੇ ਹੜ ਪੀੜਤ ਲੋਕਾਂ ਦੀ ਬਾਂਹ ਫੜੀ ਹੈ। ਸਿੱਖ ਜਥੇਬੰਦੀ ਖਾਲਸਾ ਏਡ ਸਮਾਜ ਸੇਵੀ ਸੰਸਥਾ ਸ੍ਰੀਲੰਕਾ ‘ਚ ਆਏ ਭਿਆਨਕ ਹੜ ਵਿਚ ਪਭਾਵਿਤ ਲੋਕਾਂ ਦੀ ਰਾਤ-ਦਿਨ ਸਹਾਇਤਾ ਕਰ ਰਹੀ ਹੈ। ਸਿੱਖ ਵਲੰਟੀਅਰ ਸ੍ਰੀਲੰਕਾ ਦੇ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਗਏ ਹਨ ਅਤੇ ਖਾਣੇ ਤੋਂ ਲੈ ਕੇ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਖਾਲਸਾ ਏਡ ਸੰਸਥਾ ਵੱਲੋਂ ਹਰ ਰੋਜ਼ ਪੀੜਤ ਲੋਕਾਂ ਨੂੰ ਦੋ ਸਮੇਂ ਲੰਗਰ ਲਾ ਰਹੀ ਹੈ, ਜਿਸ ਵਿਚ ਰੋਜ਼ਾਨਾ ਹਜ਼ਾਰਾਂ ਲੋਕ ਲੰਗਰ ਛਕ ਰਹੇ ਹਨ। ਸਿੱਖਾਂ ਨੇ ਕਿਹਾ ਕਿ ਜਦੋਂ ਤੱਕ ਸ੍ਰੀਲੰਕਾ ਵਿਚ ਹਲਾਤ ਕਾਬੂ ਵਿਚ ਨਹੀਂ ਆ ਜਾਂਦੇ, ਉਦੋਂ ਤੱਕ ਲੰਗਰ ਚੱਲਦਾ ਰਹੇਗਾ। ਉੱਧਰ ਭਾਰਤ ਨੇ ਵੀ ਸ੍ਰੀਲੰਕਾ ਦੀ ਮਦਦ ਲਈ ਦੋ ਸਮੁੰਦਰੀ ਬੇੜੇ ਰਾਹਤ ਸਮੱਗਰੀ ਸਮੇਤ ਭੇਜੇ ਹਨ।
ਇੱਥੇ ਵਰਣਨਯੋਗ ਹੈ ਕਿ ਸ੍ਰੀਲੰਕਾ ਵਿੱਚ ਭਾਰੀ ਮੀਂਹ, ਹੜ ਅਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 215 ਵਿਅਕਤੀ ਮਾਰੇ ਗਏ, ਜਦੋਂ 10 ਲੱਖ ਲੋਕਾਂ ਦੇ ਬੇਘਰ ਹੋਣ ਦੀ ਖ਼ਬਰ ਹੈ। ਮੁਲਕ ਦੇ ਆਫ਼ਤ ਪ੍ਰਬੰਧਨ ਸਬੰਧੀ ਸਿਖਰਲੇ ਅਧਿਕਾਰੀ ਲਾਲ ਸਰਤ ਕੁਮਾਰ ਨੇ ਦੱਸਿਆ ਕਿ ਦੇਸ਼ ਦੇ 17 ਜ਼ਿਲਿਆਂ ਦੇ 2.70 ਲੱਖ ਤੋਂ ਵੱਧ ਪਰਿਵਾਰਾਂ ਦੇ 9.80 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਕਿਹਾ ਕਿ 215 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜੇ ਹਾਲੇ ਲਾਪਤਾ ਹਨ। ਮਰਨ ਵਾਲਿਆਂ ਵਿੱਚੋਂ ਕਈਆਂ ਦੀ ਮੌਤ ਬਦੁੱਲਾ ਜਿਲ੍ਹਾ ਵਿੱਚ ਢਿੱਗਾਂ ਖਿਸਕਣ ਕਾਰਨ ਹੋਈ। ਮੌਸਮ ਵਿਭਾਗ ਮੁਤਾਬਕ ਪੂਰਬੀ, ਦੱਖਣ-ਪੂਰਬੀ, ਕੇਂਦਰੀ, ਉੱਤਰੀ ਤੇ ਉਤਰ-ਕੇਂਦਰੀ ਜ਼ਿਲਿਆਂ ਵਿੱਚ ਹੋਰ ਮੀਂਹ ਪੈਣ ਕਾਰਨ ਹਲਾਤ ਹੋਰ ਵਿਗੜਨ ਦਾ ਖਦਸ਼ਾ ਹੈ।