-: ਕੁਦਰਤੀ ਨਿਯਮ ਅਤੇ ਕੁਦਰਤੀ ਵਰਤਾਰਾ :-
ਸਵਾਲ:- ਧਰਮ ਕੀ ਹੈ? ਅਤੇ ਮਨੁੱਖ ਨੂੰ ਇਸ ਦੀ ਲੋੜ ਕਿਉਂ ਪਈ?
ਜਵਾਬ:- ਧਰਮ ਕੀ ਹੈ ਦਾ ਜਵਾਬ ਗੁਰਬਾਣੀ ਵਿੱਚ ਬੜੇ ਸਾਫ ਲਫਜ਼ਾਂ ਵਿੱਚ ਲਿਖਿਆ ਹੈ—
“ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥”
ਅਰਥ- (ਹੇ ਮਨ!) ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ)—ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ ।” ਮਨ ਵਿੱਚ ਪ੍ਰਭੂ ਦੀ ਯਾਦ ਬਣੀ ਰਹੇ ਅਤੇ ਸਚਿਆਰੇ ਕੰਮ ਕਰੀਏ।ਮਨੁੱਖ ਦੇ ਹੱਥ ਪੈਰ ਆਪਣਾ ਨਿਤਾਪ੍ਰਤੀ ਦੇ ਕੰਮ ਕਰਨ ਅਤੇ ਚਿੱਤ ਨਿਰੰਜਨ, ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹੇ। ਇਹੀ ਧਰਮ ਹੈ ਅਤੇ ਸਭ ਧਰਮਾਂ ਤੋਂ ਉਤਮ ਧਰਮ ਹੈ।
ਧਰਮ ਦੀ ਲੋੜ ਕਿਉਂ ਪਈ?:- ਸੰਸਾਰ ਰਚਨਾ ਪ੍ਰਭੂ ਦੀ ਰਚੀ ਖੇਡ ਹੈ।ਤਸੱਵੁਰ ਕਰੋ ਕਿ ਧਰਤੀ ਤੇ ਸੋਹਣੇ ਬਾਗ਼, ਬਗ਼ੀਚੇ, ਨਦੀਆਂ, ਝਰਨੇ, ਪੇੜ, ਪੌਦੇ, ਫੁੱਲ, ਫਲ, ਕਿਸਮ ਕਿਸਮ ਦੇ ਜੀਵ-ਜੰਤੂ। ਦੁਨੀਆਂ ਵਿੱਚ ਹਰ ਵਿਅਕਤੀ ਪਰਉਪਕਾਰੀ ਬਿਰਤੀ ਰੱਖਦਾ ਹੋਇਆ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਉਂਦਾ ਹੋਇਆ, ਜੀਵਨ ਬਸਰ ਕਰ ਰਿਹਾ ਹੈ। ਸਭ ਪਾਸੇ ਖੁਸ਼ਹਾਲੀ ਹੀ ਖੁਸ਼ਹਾਲੀ। ਪਰ, ਸੰਸਾਰ-ਰਚਨਾ ਵਿੱਚ ਇਕ ਪੱਖ ਹੋਰ ਵੀ ਹੈ- ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਝੂਠ, ਫਰੇਬ। ਇਹਨਾਂ ਸਾਰੇ ਵਿਕਾਰਾਂ ਤੋਂ ਉਪਰ ਹਉਮੈ ਦਾ ਵਿਕਾਰ।
(ਨੋਟ: ਹਉਮੈ ਦਾ ਮਤਲਬ ਅਹੰਕਾਰ ਨਹੀਂ, ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਮਿਥਣੀ)।
ਇਸ ਹਉਮੈ (ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਮਿਥਣ) ਸਦਕਾ ਮਨੁੱਖ ਦੁਨੀਆਂ ਦੀ ਹਰ ਚੀਜ ਆਪਣੀ ਬਨਾਉਣ ਦੇ ਆਹਰੇ ਲੱਗ ਜਾਂਦਾ ਹੈ। ਇਸੇ ਹਉਮੈ ਕਰਕੇ ਹੀ ਕਾਮ, ਕਰੋਧ, ਲੋਭ, ਮੋਹ, ਅਹੰਕਾਰ ਆਦਿ ਵਿਕਾਰ ਇਸ ਨੂੰ ਆ ਘੇਰਦੇ ਹਨ। ਅਤੇ ਇਹਨਾਂ ਵਿਕਾਰਾਂ ਕਰਕੇ ਅਤੇ ਦੁਨੀਆਂ ਦੀ ਹਰ ਵਸਤੂ ਆਪਣੀ ਬਨਾਉਣ ਦੀ ਬਿਰਤੀ ਕਰਕੇ ਮਨੁੱਖ ਸੰਸਾਰ ਵਿੱਚ ਬਦ-ਅਮਨੀ ਫੈਲਾ ਰਿਹਾ ਹੈ। ਆਪਣਾ ਨਿਤਾਪ੍ਰਤੀ ਦਾ ਕਾਰ ਵਿਹਾਰ ਕਰਦਿਆਂ ਜੇ ਬੰਦਾ ਪ੍ਰਭੂ ਦੀ ਯਾਦ ਮਨ ਵਿੱਚ ਵਸਾਈ ਰੱਖੇ ਅਰਥਾਤ *ਧਰਮ* ਦਾ ਪੱਲਾ ਫੜੀ ਰੱਖੇ ਤਾਂ ਇਹ ਵਿਕਾਰਾਂ ਤੋਂ ਬਚਿਆ ਰਹਿ ਸਕਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਅਤੇ ਦੁਨੀਆਂ ਤੇ ਖੁਸ਼ਹਾਲੀ ਆ ਸਕਦੀ ਹੈ। ਅਤੇ ਇਸੇ ਮਕਸਦ ਲਈ ਮਨੁੱਖ ਨੂੰ ਧਰਮ ਦੀ ਲੋੜ ਹੈ।
ਪਰ ਅਫਸੋਸ ਹੈ ਕਿ ਬੰਦਾ ਤਾਂ ਪਹਿਲਾਂ ਹੀ ਵਿਕਾਰਾਂ ਵਿੱਚ ਫਸਣ ਲਈ ਤਿਆਰ ਰਹਿੰਦਾ ਹੈ, ਉਪਰੋਂ, ਧਰਮ ਦੇ ਨਾਂ ਤੇ ਲੁੱਟਣ ਵਾਲੇ (ਅਖੌਤੀ) ਧਰਮ-ਆਗੂਆਂ ਨੇ ਮਨੁੱਖ ਨੂੰ ਲੁੱਟਣ ਦੇ ਇਰਾਦੇ ਨਾਲ ਕਰਮ ਕਾਂਡਾਂ ਦੇ ਭਰਮ-ਭੁਲੇਖੇ ਪਾ ਰੱਖੇ ਹਨ। ਪਰ ਆਪਣੇ ਆਪ ਨੂੰ ਜਾਗਰੁਕ ਅਖਵਾਉਂਦੇ ਕਈ ਲੋਕ, ਧਰਮ ਦੇ ਨਾਂ ਤੇ ਹੋ ਰਹੇ ਕਰਮ ਕਾਂਡਾਂ ਨੂੰ ਧਰਮ ਦਾ ਹਿੱਸਾ ਸਮਝਕੇ ਧਰਮ ਦੀ ਜਰੂਰਤ ਤੋਂ ਹੀ ਇਨਕਾਰੀ ਹੋਈ ਜਾਂਦੇ ਹਨ। ਜੋ ਕਿ ਉਹਨਾਂ ਦੀ ਅਗਿਆਨਤਾ ਹੈ।
ਧਰਮ ਕੀ ਹੈ, ਸਵਾਲ ਦੇ ਜਵਾਬ ਵਿੱਚ ਇਕ ਸੱਜਣ ਜੀ ਲਿਖਦੇ ਹਨ:- “ਧਰਮ ਦੀ ਲੋੜ ਬੰਦੇ ਨੂੰ ਇਸ ਲਈ ਹੈ ਤਾਕੇ ਬੰਦਾ ਕੁਦਰਤੀ ਨਿਯਮ ਤੋਂ ਬਾਹਰ ਹੋਕੇ , ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਨਾ ਕਰੇ ” ਓਪਰੀ ਨਜ਼ਰੇ ਤਾਂ ਇਹ ਗੱਲ ਬਿਲਕੁਲ ਠੀਕ ਲੱਗਦੀ ਹੈ। ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਨਾ ਕਰੇ ਵਾਲੀ ਗੱਲ ਵੀ ਠੀਕ ਹੈ। ਪਰ ‘ਕੁਦਰਤੀ ਨਿਯਮ ਤੋਂ ਬਾਹਰ’ ਵਾਲੀ ਗੱਲ ਜਾਣੇ-ਅਨਜਾਣੇ ਗ਼ਲਤ ਕੀਤੀ ਗਈ ਹੈ। ਕੁਦਰਤੀ ਨਿਯਮਾਂ ਦੇ ਜਰੀਏ ਸੰਸਾਰ ਦੇ ਸਾਰੇ ਭੌਤਿਕ ਕਾਰ ਵਿਹਾਰ ਚੱਲਦੇ ਹਨ। ਕੁਦਰਤੀ ਨਿਯਮਾਂ ਤੋਂ ਬਾਹਰ ਤਾਂ ਸੰਸਾਰ ਤੇ ਕੋਈ ਕੰਮ ਕੀਤਾ ਹੀ ਨਹੀਂ ਜਾ ਸਕਦਾ। ਕੁਦਰਤੀ ਨਿਯਮਾਂ ਤੋਂ ਬਾਹਰ ਤਾਂ ਸਿਰਫ ਕਰਾਮਾਤ ਹੀ ਹੋ ਸਕਦੀ ਹੈ, ਜੋ ਕਿ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ।
ਕਮੈਂਟ ਵਿੱਚ ‘ਇਸਾਨੀਅਤ’ ਦੀ ਗੱਲ ਕੀਤੀ ਗਈ ਹੈ। ਪਰ ਇਨਸਾਨੀਅਤ ਦਾ ਕੁਦਰਤੀ ਨਿਯਮਾਂ ਨਾਲ ਕੋਈ ਸੰਬੰਧ ਨਹੀਂ। ਇਨਸਾਨੀਅਤ ਦਾ ਸੰਬੰਧ ਮਨ ਨਾਲ ਹੈ। ਅਤੇ ਮਨ ਕੁਦਰਤੀ ਨਿਯਮਾਂ ਅਧੀਨ ਨਹੀਂ ਚੱਲਦਾ। ਮਨ ਨੂੰ ਕਾਬੂ ਕਰਨ ਲਈ ਕੁਦਰਤੀ ਨਿਯਮ ਕੰਮ ਨਹੀਂ ਕਰਦੇ। ਇਸ ਲਈ ਤਾਂ ਧਾਰਮਿਕ ਸਿਖਿਆ ਦੀ ਲੋੜ ਹੈ।
ਕੁਦਰਤੀ ਨਿਯਮਾਂ ਬਾਰੇ ਗੱਲ ਕਲੀਅਰ ਕਰ ਦਿਆਂ- ਕੁਦਰਤੀ ਨਿਯਮਾਂ ਦੇ ਖਿਲਾਫ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਪਰ ਕੁਦਰਤੀ ਵਰਤਾਰੇ ਦੇ ਉਲਟ ਕੰਮ ਕੀਤਾ ਜਾ ਸਕਦਾ ਹੈ। ਅਤੇ ਜਿਆਦਾਤਰ ਕੁਦਰਤੀ ਵਰਤਾਰੇ ਦੇ ਖਿਲਾਫ ਕੰਮ ਵਿਗਿਆਨਕ ਲੋਕ ਕਰ ਰਹੇ ਹਨ। ਜਿਵੇਂ ਗ਼ੈਰ-ਕੁਦਰਤੀ ਤਰੀਕੇ ਨਾਲ ਜੀਵ ਪੈਦਾ ਕਰਨੇ। ਇਹ ਹੁੰਦਾ ਤਾਂ ਬੱਝਵੇਂ ਕੁਦਰਤੀ ਨਿਯਮਾਂ ਦੇ ਜਰੀਏ ਹੈ, ਪਰ ਹੈ ਇਹ ਗ਼ੈਰ-ਕੁਦਰਤੀ ਵਰਤਾਰਾ। ਸੋ ਕੁਦਰਤੀ ਨਿਯਮਾਂ ਦੇ ਖਿਲਾਫ ਅਤੇ ਕੁਦਰਤੀ ਵਰਤਾਰੇ ਦੇ ਖਿਲਾਫ, ਇਹ ਦੋ ਵੱਖ ਵੱਖ ਗੱਲਾਂ ਹਨ ਅਤੇ ਇਹਨਾਂ ਦੋਨਾਂ ਗੱਲਾਂ ਦਾ ਫਰਕ ਸਮਝਣ ਦੀ ਜਰੂਰਤ ਹੈ।
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਕੁਦਰਤੀ ਨਿਯਮ ਅਤੇ ਕੁਦਰਤੀ ਵਰਤਾਰਾ :-
Page Visitors: 2773