ਸੈਂਸਰ ਬੋਰਡ ਨੇ ਫਿਲਮ ‘ਉੜਤਾ ਪੰਜਾਬ’ ‘ਤੇ ਲਾਈ ਰੋਕ
ਨਵੀਂ ਦਿੱਲੀ, 27 ਮਈ (ਪੰਜਾਬ ਮੇਲ)-ਪੰਜਾਬ ਚੋਣਾਂ ਤੋਂ ਪਹਿਲਾਂ ਸੂਬੇ ‘ਚ ਨਸ਼ੇ ਦੀ ਲੱਤ ਦੀ ਸੱਮਸਿਆ ‘ਤੇ ਫਿਲਮ ‘ਉੜਤਾ ਪੰਜਾਬ’ ‘ਤੇ ਸੈਂਸਰ ਬੋਰਡ ਨੇ ਰੋਕ ਲਾ ਦਿੱਤੀ ਹੈ।ਪੰਜਾਬ ‘ਚ ‘ਨਸ਼ੇ ਦੀ ਲਤ’ ਵਰਗੇ ਵਿਸ਼ੇ ‘ਤੇ ਬਣੀ ਇਸ ਫਿਲਮ ‘ਚ ਬਹੁਤ ਜ਼ਿਆਦਾ ਗਾਲ੍ਹਾਂ ਦੀ ਵਰਤੋਂ ਕਾਰਨ ਸੈਂਸਰ ਬੋਰਡ ਨੇ ਇਸ ਨੂੰ ਹਰੀ ਝੰਡੀ ਨਹੀਂ ਦਿੱਤੀ।ਫਿਲਮ ਨਿਰਮਾਤਾ ਅਨੁਰਾਗ ਕਸ਼ਯੱਪ ਨੇ ਬੋਰਡ ਦੇ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਫੈਸਲਾ ਲਿਆ ਹੈ।ਹਾਲਾਂਕਿ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਐਫਬੀਸੀ) ਦੇ ਮੈਂਬਰ ਅਸ਼ੋਕ ਪੰਡਿਤ ਨੇ ਕਿਹਾ ਕਿ ‘ਉੜਤਾ ਪੰਜਾਬ’ ‘ਤੇ ਸੈਂਸਰ ਬੋਰਡ ਨੇ ਰੋਕ ਨਹੀਂ ਲਾਈ, ਇਹ ਮਹਿਜ਼ ਇਕ ਅਫਵਾਹ ਹੈ।ਅਸ਼ੋਕ ਪੰਡਿਤ ਨੇ ਕਿਹਾ ਕਿ ਫਿਲਮ ਰਿਵਾਈਜਿੰਗ ਕਮੇਟੀ ਕੋਲ ਜਾਵੇਗੀ। ਕਮੇਟੀ ਇਸ ਬਾਰੇ ਫੈਸਲਾ ਲਵੇਗੀ।ਪੰਡਿਤ ਨੇ ਕਿਹਾ ਕਿ ਇਹ ਪ੍ਰਕਿਰਿਆ ਪੂਰੀ ਫਿਲਮ ਇੰਡਸਟਰੀ ਨਿਭਾਉਂਦੀ ਹੈ।ਉੜਤਾ ਪੰਜਾਬ ਨਾਲ ਕੁੱਝ ਵੱਖ ਨਹੀਂ ਹੋਇਆ।
ਦੂਜੇ ਪਾਸੇ ਅਨੁਰਾਗ ਕਸ਼ਯੱਪ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਨੂੰ ਰਾਜਨੀਤਕ ਕਾਰਨਾਂ ਕਰ ਕੇ ਰੋਕਿਆ ਗਿਆ ਹੈ, ਕਿਉਂਕਿ ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।ਸ਼ਾਹਿਦ ਕਪੂਰ, ਆਲੀਆ ਭੱਟ, ਕਰੀਨਾ ਕੂਪਰ ਤੇ ਦਿਲਜੀਤ ਦੁਸਾਂਝ ਦੀ ਇਹ ਫਿਲਮ 17 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ।ਫਿਲਮ ‘ਚ ਸ਼ਾਹਿਦ ਕਪੂਰ ਨੇ ਰਾਕ ਸਟਾਰ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਨਸ਼ਿਆਂ ਦੀ ਲੱਤ ਲੱਗੀ ਹੈ ਤੇ ਬਹੁਤ ਗਾਲ੍ਹਾਂ ਕੱਢਦਾ ਹੈ।ਫਿਲਮ ਦੇ ਟ੍ਰੇਲਰ ਨੂੰ ਅਪ੍ਰੈਲ ‘ਚ ਰਿਲੀਜ਼ ਕਰਨ ਦੀ ਮਨਜ਼ੂਰੀ ਮਿਲ ਗਈ ਸੀ।ਫਿਲਮ ਨਿਰਮਾਤਾ ਅਨੁਰਾਗ ਕਸ਼ੱਯਪ ਦੀ ਇਸ ਫਿਲਮ ਨੂੰ ਰੋਕਣ ਪਿੱਛੇ ਬੋਰਡ ਨੇ ਫਿਲਮ ‘ਚ ਬਹੁਤ ਜ਼ਿਆਦਾ ਗਾਲ੍ਹਾਂ ਦੀ ਵਰਤੋਂ ਨੂੰ ਕਾਰਨ ਦੱਸਿਆ ਹੈ।ਦਰਅਸਲ ਕਰੀਨਾ ਕਪੂਰ, ਸ਼ਾਹਿਦ ਕਪੂਰ, ਆਲੀਆ ਭੱਟ ਤੇ ਦਿਲਜੀਤ ਦੋਸਾਂਝ ਵਰਗੇ ਸਿਤਾਰਿਆਂ ਨਾਲ ਸਜੀ ਇਸ ਫਿਲਮ ‘ਚ ਪੰਜਾਬ ਦੇ ਨੌਜਵਾਨ ਵਰਗ ‘ਚ ਵਧਦੀ ਨਸ਼ਿਆਂ ਦੀ ਲੱਤ ਦਾ ਮੁੱਦਾ ਚੁੱਕਿਆ ਗਿਆ ਹੇ।ਦੱਸਿਆ ਜਾ ਰਿਹਾ ਹੈ ਕਿ ਅਨੁਰਾਗ ਕਸ਼ਯੱਪ ਬੋਰਡ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹਨ।ਉਹ ਇਸ ਫੈਸਲੇ ਵਿਰੁੱਧ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ ਮਿਲੇ ਤੇ ਉਨ੍ਹਾਂ ਨੂੰ ਦੱਸਿਆ ਕਿ ਹੈ ਕਿ ਇਹ ਫਿਲਮ ਨਸ਼ਿਆਂ ਵਲ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਬਣਾਈ ਗਈ ਹੈ। ਅਨੁਰਾਗ ਕਸ਼ਯਪ ਦੇ ਕਰੀਬੀ ਸੂਤਰਾਂ ਨੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਦੀਆਂ ਫਿਲਮਾਂ ਨੂੰ ਅਸਲ ‘ਚ ਰਾਜਨੀਤਕ ਕਾਰਨਾਂ ਕਰ ਕੇ ਰੋਕਿਆ ਗਿਆ ਹੈ, ਕਿਉਂਕਿ ਸੂਬੇ ‘ਚ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਹਨ।
ਉਂਝ ਵੀ ਪੰਜਾਬ ‘ਚ ਵਿਰੋਧੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਸੂਬੇ ‘ਚ ਡਰੱਗ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਦੀ ਰਹੀ ਹੈ।ਦੂਜੇ ਪਾਸੇ ਉੜਤਾ ਪੰਜਾਬ ‘ਤੇ ਰੋਕ ਲਾਉਣ ਦੇ ਸੈਂਸਰ ਬੋਰਡ ਦੇ ਫੈਸਲੇ ਵਿਰੁੱਧ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਵੀ ਨਾਰਾਜ਼ਗੀ ਜਤਾਈ।ਦੱਸਣਯੋਗ ਹੈ ਕਿ ਇਸ ਫਿਲਮ ਦੇ ਟ੍ਰੇਲਰ ਨੂੰ ਇਕ ਹਫਤੇ ‘ਚ ਹੀ 1 ਕਰੋੜ ਤੋਂ ਜ਼ਿਅਦਾ ਹਿਟਸ ਮਿਲੇ ਸੀ।
ਅਕਾਲੀ ਦਲ ਨੇ ਵੀ ਜਤਾਇਆ ਸੀ ਇਤਰਾਜ਼
ਫਿਲਮ ਨਿਰਮਾਤਾ ਅਨੁਰਾਗ ਕਸ਼ਯੱਭ ਦੇ ਕੁੱਝ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਨੂੰ ਰਾਜਨੀਤਕ ਕਾਰਨਾ ਕਰ ਕੇ ਰੋਕਿਆ ਗਿਆ ਹੈ, ਕਿਉਂਕਿ ਪੰਜਾਬ ‘ਚ ਅਗਲੇ ਸਾਲ ਚੋਣਾਂ ਹੋਣ ਵਾਲੀਆਂ ਹਨ। ਸੈਂਸਰ ਬੋਰਡ ਦਾ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਫਿਲਮ ‘ਤੇ ਇਤਰਾਜ਼ ਜਤਾਉਣ ਦੇ ਇਕ ਹਫਤੇ ਮਗਰੋਂ ਆਇਆ ਹੈ।ਅਕਾਲੀ ਦਲ ਨੇ ਇਸ ਫਿਲਮ ਨੂੰ ਲੈ ਕੇ ਚਿੰਤਾ ਜਤਾਈ ਸੀ।ਅਕਾਲੀ ਦਲ ਦਾ ਦੋਸ਼ ਹੈ ਕਿ ਇਸ ‘ਚ ਪੰਜਾਬ ਨੂੰ ਗ਼ਲਤ ਢੰਗ ਨਾਲ ਦਿਖਾਇਆ ਗਿਆ ਹੈ। ਚੇਤੇ ਰਹੇ ਕਿ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਡਰੱਗਜ਼ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਘੇਰ ਰਹੀਆਂ ਹਨ।ਅਜਿਹੇ ‘ਚ ਚੋਣਾਂ ਨੇੜੇ ਇਹ ਫਿਲਮ ਰਿਲੀਜ਼ ਹੋਣ ਨਾਲ ਇਹ ਇਕ ਵੱਡਾ ਮੁੱਦਾ ਬਣਾ ਸਕਦਾ ਹੈ।ਹਾਲਾਂਕਿ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਦਾ ਇਹ ਫੈਸਲਾ ਪਾਰਟੀ ਦੇ ਸਟੈਂਡ ਕਰ ਕੇ ਨਹੀਂ ਲਿਆ ਗਿਆ।ਫਿਲਮ ਦੇ ਰਿਲੀਜ਼ ਹੋਣ ‘ਤੇ ਪਾਰਟੀ ਪੰਜਾਬ ‘ਚ ਫਿਲਮ ਦੀ ਸਕਰੀਨਿੰਗ ਨਹੀਂ ਰੋਕੇਗੀ।