ਸਿੰਗਾਪੁਰ-ਅੰਮ੍ਰਿਤਸਰ ਸਿੱਧੀ ਹਵਾਈ ਸੇਵਾ ਸ਼ੁਰੂ
ਅੰਮ੍ਰਿਤਸਰ, 25 ਮਈ (ਪੰਜਾਬ ਮੇਲ)- ਹਵਾਈ ਕੰਪਨੀ ਸਕੂਟ ਏਅਰਲਾਈਨ ਵੱਲੋਂ 24 ਮਈ ਤੋਂ ਸਿੰਗਾਪੁਰ-ਅੰਮ੍ਰਿਤਸਰ ਵਿਚਾਲੇ ਸਿੱਧੀ ਹਵਾਈ ਉਡਾਣ ਸ਼ੁਰੂ ਹੋ ਗਈ ਹੈ। ਇਹ ਹਵਾਈ ਕੰਪਨੀ ਸਿੰਗਾਪੁਰ ਏਅਰਲਾਈਨ ਦਾ ਹਿੱਸਾ ਹੈ, ਜੋ 2012 ‘ਚ ਸ਼ੁਰੂ ਹੋਈ ਸੀ। ਫ਼ਿਲਹਾਲ ਇਹ ਉਡਾਣ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਹੀ ਚੱਲੇਗੀ।
ਇਸ ਉਡਾਣ ਦੇ ਸ਼ੁਰੂ ਹੋਣ ਨਾਲ ਕੈਲੀਫੋਰਨੀਆ, ਨਿਊਯਾਰਕ, ਸਾਨ ਫਰਾਂਸਿਸਕੋ, ਲਾਸ ਏਂਜਲਸ, ਸ਼ਿਕਾਗੋ, ਸਿਆਟਲ ਆਦਿ ਸ਼ਹਿਰਾਂ ਤੋਂ ਹੁਣ ਵਾਇਆ ਸਿੰਗਾਪੁਰ ਤੋਂ ਅੰਮ੍ਰਿਤਸਰ ਜਾਇਆ ਜਾ ਸਕੇਗਾ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਸਿੰਗਾਪੁਰ ਹਵਾਈ ਕੰਪਨੀ ਦੀ ਅੰਮ੍ਰਿਤਸਰ ਸਿੰਗਾਪੁਰ ਵਿਚਾਲੇ ਸਿੱਧੀ ਉਡਾਣ ਚੱਲਦੀ ਸੀ, ਪਰ 2008 ਵਿਚ ਆਲਮੀ ਮੰਦੀ ਦੇ ਚਲਦਿਆਂ ਸਿੰਗਾਪੁਰ ਹਵਾਈ ਕੰਪਨੀ ਨੇ ਅੰਮ੍ਰਿਤਸਰ ਆਉਂਦੀ ਇਸ ਉਡਾਣ ਸਮੇਤ ਦੇਸ਼ ਦੇ ਬਾਕੀ ਹਿੱਸਿਆਂ ਅਤੇ ਹੋਰਨਾਂ ਮੁਲਕਾਂ ਵਿਚ ਵੀ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਸਨ। ਲਗਪਗ 8 ਸਾਲਾਂ ਤੋਂ ਇਸ ਮਾਰਗ ‘ਤੇ ਹੁਣ ਤੱਕ ਹੋਰ ਕੋਈ ਨਵੀਂ ਉਡਾਣ ਸ਼ੁਰੂ ਨਹੀਂ ਹੋਈ ਸੀ, ਜਦੋਂਕਿ ਪੰਜਾਬੀ ਭਾਈਚਾਰੇ ਵਲੋਂ ਇਸ ਰੂਟ ‘ਤੇ ਹਵਾਈ ਉਡਾਣ ਸ਼ੁਰੂ ਕਰਨ ਦੀ ਵੱਡੀ ਮੰਗ ਸੀ। ਸਕੂਟ ਏਅਰਲਾਈਨ ਵਲੋਂ ਸਿੰਗਾਪੁਰ ਅੰਮ੍ਰਿਤਸਰ ਵਿਚਾਲੇ ਹਵਾਈ ਉਡਾਣ ਲਈ 787 ਡਰੀਮ ਲਾਈਨਰ ਏਅਰ ਬੱਸ (ਹਵਾਈ ਜਹਾਜ਼) ਦੀ ਵਰਤੋਂ ਕੀਤੀ ਜਾਵੇਗੀ। ਇਸ ਵਿਚ 375 ਸੀਟਾਂ ਹਨ। ਇਸ ਵਿਚ 15 ਟਨ ਕਾਰਗੋ ਲੈ ਕੇ ਜਾਣ ਦੀ ਸਮਰਥਾ ਹੈ।।ਨਵੀਂ ਹਵਾਈ ਉਡਾਣ ਪੰਜਾਬ ਨੂੰ ਵਿਸ਼ਵ ਦੇ ਪੂਰਬੀ ਖਿੱਤੇ ਨਾਲ ਜੋੜੇਗੀ ਅਤੇ ਇਸ ਹਵਾਈ ਉਡਾਣ ਨਾਲ ਪੰਜਾਬੀਆਂ ਨੂੰ ਵਿਸ਼ਵ ਦੇ ਹੋਰਨਾਂ ਖੇਤਰਾਂ ਵਿਚ ਜਾਣਾ ਸੁਖਾਲਾ ਹੋ ਜਾਵੇਗਾ।