ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਬੈਂਕ ‘ਚੋਂ 60 ਲੱਖ ਲੁੱਟੇ
ਮੋਗਾ, 23 ਮਈ (ਪੰਜਾਬ ਮੇਲ)- ਇੱਥੇ ਮੋਗਾ-ਕੋਟਕਪੂਰਾ ਬਾਈਪਾਸ ਉੱਤੇ ਡੇਰਾ ਰਾਧਾ ਸੁਆਮੀ ਨੇੜੇ ਦੁਪਹਿਰੇ ਤਕਰੀਬਨ 1 ਵਜੇ ਹਥਿਆਰਬੰਦ ਲੁਟੇਰਿਆਂ ਨੇ ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਬਰਾਂਚ ਬਾਘਾਪੁਰਾਣਾ ਦੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਅਤੇ ਪ੍ਰਾਈਵੇਟ ਗੱਡੀ ਵਿੱਚ ਰੱਖੇ 60 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਸੁਰੱਖਿਆ ਗਾਰਡ ਦੀ ਛਾਤੀ ਤੇ ਸਿਰ ਵਿੱਚ ਗੋਲੀਆਂ ਲੱਗੀਆਂ। ਇਸ ਵਾਰਦਾਤ ਵਿੱਚ ਕਿਸੇ ਗੈਂਗਸਟਰ ਗਰੋਹ ਦਾ ਹੱਥ ਹੋਣ ਦਾ ਸ਼ੱਕ ਹੈ। ਵਾਰਦਾਤ ਵਿੱਚ ਵਰਤੀ ਵਰਨਾ ਕਾਰ ਬਠਿੰਡਾ ਤੋਂ ਖੋਹੀ ਦੱਸੀ ਜਾਂਦੀ ਹੈ।
ਡੀਐਸਪੀ ਸਿਟੀ ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਥਾਣਾ ਸਿਟੀ ਦੱਖਣੀ ਵਿੱਚ ਬੈਂਕ ਮੈਨੇਜਰ ਦੇ ਬਿਆਨਾਂ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੀ ਭਾਲ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਘਟਨਾ ਬਾਅਦ ਪੰਜਾਬ ਭਰ ਵਿੱਚ ਪੁਲੀਸ ਨੂੰ ਚੌਕਸ ਕਰ ਦਿੱਤਾ ਗਿਆ ਅਤੇ ਲੁਟੇਰਿਆਂ ਨੂੰ ਦਬੋਚਣ ਲਈ ਨਾਕੇ ਲਵਾ ਦਿੱਤੇ ਗਏ।
ਇੱਥੇ ਸਿਵਲ ਹਸਪਤਾਲ ਵਿੱਚ ਬੈਂਕ ਦੇ ਬਰਾਂਚ ਮੈਨੇਜਰ ਪ੍ਰਵੀਨ ਸਾਹੂ ਵਾਸੀ ਲਖਨਊ ਨੇ ਦੱਸਿਆ ਕਿ ਬੈਂਕ ਦੇ ਮੁਲਾਜ਼ਮ ਸੁਰੱਖਿਆ ਗਾਰਡ ਸਾਬਕਾ ਫ਼ੌਜੀ ਹਰਿੰਦਰ ਸਿੰਘ ਪਿੰਡ ਕਾਲੇਕੇ (ਬਾਘਾਪੁਰਾਣਾ), ਸੇਵਾਦਾਰ ਗੁਲਸ਼ਨ ਕੁਮਾਰ ਪ੍ਰਾਈਵੇਟ ਇਨੋਵਾ ਗੱਡੀ ਵਿੱਚ ਮੋਗਾ ਦੀ ਪ੍ਰਤਾਪ ਰੋਡ ਸਥਿਤ ਬੈਂਕ ਆਫ਼ ਇੰਡੀਆ ਦੀ ਬਰਾਂਚ ਵਿੱਚੋਂ ਤਕਰੀਬਨ 1 ਵਜੇ 60 ਲੱਖ ਰੁਪਏ ਬਾਘਾਪੁਰਾਣਾ ਲਿਜਾ ਰਹੇ ਸਨ। ਇਸ ਦੌਰਾਨ ਮੋਗਾ-ਕੋਟਕਪੂਰਾ ਮਾਰਗ ਉੱਤੇ ਰਾਧਾ ਸੁਆਮੀ ਡੇਰੇ ਕੋਲ ਲੁਟੇਰਿਆਂ ਨੇ ਸਫ਼ੈਦ ਰੰਗ ਦੀ ਵਰਨਾ ਕਾਰ ਅਤੇ ਆਈ-20 ਕਾਰ ਅੱਗੇ-ਪਿੱਛੇ ਲਾ ਕੇ ਇਨੋਵਾ ਨੂੰ ਘੇਰ ਲਿਆ। ਇਸ ਦੌਰਾਨ ਗੱਡੀਆਂ ਵਿੱਚੋਂ ਨਿਕਲੇ 6-7 ਹਥਿਆਰਬੰਦ ਨੌਜਵਾਨਾਂ ਨੇ ਇਨੋਵਾ ਦੀ ਅਗਲੀ ਸੀਟ ਉੱਤੇ ਬੈਠੇ ਬੈਂਕ ਦੇ ਸੁਰੱਖਿਆ ਮੁਲਾਜ਼ਮ ਸਾਬਕਾ ਫ਼ੌਜੀ ਹਰਿੰਦਰ ਸਿੰਘ ਦੀ ਛਾਤੀ ਅਤੇ ਸਿਰ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਹਲਾਕ ਕਰ ਦਿੱਤਾ ਅਤੇ ਨਕਦੀ ਵਾਲਾ ਟਰੰਕ ਖੋਹ ਕੇ ਫ਼ਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਦਾ ਸਟਾਫ਼ ਅਤੇ ਐਸਪੀਡੀ ਅਮਰਜੀਤ ਸਿੰਘ ਘੁੰਮਣ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।