ਗਰਮੀ ਨੇ ਪੰਜਾਬ ‘ਚ ਕੱਢੇ ਵੱਟ, ਲਈ ਛੇ ਦੀ ਜਾਨ
ਚੰਡੀਗੜ੍ਹ, 22 ਮਈ (ਪੰਜਾਬ ਮੇਲ)-ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਗਰਮੀ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਬਠਿੰਡਾ ’ਚ ਗਰਮੀ ਨਾਲ ਸ਼ਨੀਵਾਰ ਨੂੰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਬਟਾਲਾ ਖੇਤਰ ਵਿੱਚ ਗਰਮੀ ਕਾਰਨ ਦੋ ਮੌਤਾਂ ਹੋਈਆਂ ਹਨ। ਪਿੰਡ ਕਾਹਲਾਂ ਦੇ ਖੇਤਾਂ ’ਚ ਕੰਮ ਕਰ ਰਹੇ 40 ਸਾਲਾ ਕਿਸਾਨ ਕੁਲਦੀਪ ਸਿੰਘ ਅਤੇ ਰਿਕਸ਼ਾ ਚਾਲਕ ਸ਼ਿੱਬੂ (60) ਵਾਸੀ ਬਿਹਾਰ ਦੀ ਮੌਤ ਹੋ ਗਈ ਹੈ।
ਪਿੰਡ ਤਲਵੰਡੀ ਵਿੱਚ ਪਾਥੀਆਂ ਪੱਥ ਰਹੀਆਂ ਦੋ ਔਰਤਾਂ ਛਿੰਦੋ ਤੇ ਮਿੰਦੋ, ਜੋ ਸਕੀਆਂ ਭੈਣਾਂ ਤੇ ਦਰਾਣੀ-ਜਠਾਣੀ ਹਨ, ਗਰਮੀ ਕਾਰਨ ਬੇਹੋਸ਼ ਹੋ ਗਈਆਂ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਤਰਨ ਤਾਰਨ ਇਲਾਕੇ ਵਿੱਚ ਗਰਮੀ ਕਾਰਨ ਦੋ ਅਣਪਛਾਤੇ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਝਬਾਲ ਪੁਲੀਸ ਨੂੰ ਕੱਲ੍ਹ ਕਸਬੇ ਦੇ ਅੱਡੇ ਤੋਂ 50 ਕੁ ਸਾਲ ਦਾ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ| ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਤਰ੍ਹਾਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਦੀਵਾਨ ਹਾਲ ਵਿੱਚ ਅੱਜ 70 ਕੁ ਸਾਲ ਦਾ ਅੰਮ੍ਰਿਤਧਾਰੀ ਵਿਅਕਤੀ ਮ੍ਰਿਤਕ ਹਾਲਤ ਮਿਲਿਆ|