ਸਾਈ ਇੰਗ ਤਾਈਵਾਨ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ
ਤਾਈਪੇਈ, 20 ਮਈ (ਪੰਜਾਬ ਮੇਲ)- ਸਾਈ ਇੰਗ ਵੇਨ ਨੇ ਤਾਈਵਾਨ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ ਹੈ। ਉਹ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ। ਸਾਈ ਨੇ ਜਨਵਰੀ ਵਿਚ ਹੋਈ ਚੋਣਾਂ ਵਿਚ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਯਾਨੀ ਡੀਪੀਪੀ ਦੀ ਅਗਵਾਈ ਕੀਤੀ ਸੀ। ਇਸ ਪਾਰਟੀ ਨੂੰ ਚੋਣਾਂ ਵਿਚ ਇਕਤਰਫਾ ਜਿੱਤ ਮਿਲੀ ਹੈ। ਡੀਪੀਪੀ ਦਾ ਝੁਕਾਅ ਚੀਨ ਤੋਂ ਆਜ਼ਾਦ ਹੋਣ ‘ਤੇ ਹੈ ਅਤੇ ਇਸ ਜਿੱਤ ਦੇ ਬਾਅਦ ਦੋਵਾਂ ਦੇ ਵਿਚ ਰਿਸ਼ਤਿਆਂ ‘ਤੇ ਅਸਰ ਪੈ ਸਕਦਾ ਹੈ।
ਚੀਨ, ਤਾਈਵਾਨ ਨੂੰ ਅਪਣੇ ਤੋਂ ਅਲੱਗ ਹੋਏ ਸੂਬੇ ਦੇ ਰੂਪ ਵਿਚ ਦੇਖਦਾ ਹੈ ਅਤੇ ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਰੂਰਤ ਪੈਣ ‘ਤੇ ਉਸ ਨੂੰ ਧੱਕੇਸ਼ਾਹੀ ਕਰਕੇ ਵਾਪਸ ਚੀਨ ਵਿਚ ਮਿਲਾਇਆ ਜਾ ਸਕਦਾ ਹੈ। ਸਾਈ ਇੰਗ ਨੇ ਕਿਹਾ ਕਿ ਉਹ ਚੀਨ ਦੇ ਨਾਲ ਮੌਜੂਦਾ ਰਿਸ਼ਤਿਆਂ ਨੂੰ ਬਰਕਰਾਰ ਰੱਖੇਗੀ, ਲੇਕਿਨ ਚੀਨ ਨੂੰ ਵੀ ਤਾਈਵਾਨ ਦੇ ਲੋਕਤੰਤਰ ਦਾ ਸਨਮਾਨ ਕਰਨਾ ਚਾਹੀਦਾ। ਤਾਈਵਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਜਧਾਨੀ ਤਾਈਪੇ ਵਿਚ ਹੋਏ ਸਹੁੰ ਚੁੱਕ ਸਮਾਗਮ ਵਿਚ ਕਰੀਬ 700 ਰਾਜ ਮੁਖੀਆਂ, ਕੂਟਨੀਤੀਕਾਰਾਂ, ਅਧਿਕਾਰੀਆਂ ਨੇ ਹਿੱਸਾ ਲਿਆ। ਤਾਈਵਾਨ ਨੂੰ ਲੈ ਕੇ ਚੀਨ ਬੇਹੱਦ ਹਮਲਾਵਰ ਹੈ, 59 ਸਾਲ ਦੀ ਸਾਈ ਨੇ ਤਾਈਵਾਨ ਦੇ ਰਾਸ਼ਟਰੀ ਝੰਡੇ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਅਪਣੇ ਭਾਸ਼ਣ ਵਿਚ ਨਵੀਂ ਰਾਸ਼ਟਰਪਤੀ ਨੇ ਕਿਹਾ ਕਿ ਤਾਈਵਾਨ ਦੇ ਲੋਕਾਂ ਨੇ ਆਜ਼ਾਦੀ ਅਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਅਪਣੀ ਪ੍ਰਤੀਬੱਧਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਈਵਾਨ ਵਿਚ ਉਹ ਮਿਲੇ ਇਸ ਸਮਰਥਨ ਦਾ ਇਸਤੇਮਾਲ ਸ਼ਾਂਤੀਪੂਰਵਕ ਵਿਕਾਸ ਵਿਚ ਕਰੇਗੀ। ਉਨ੍ਹਾਂ ਨੇ ਚੀਨ ਨੂੰ ਲੈ ਕੇ ਕਿਹਾ ਕਿ ਦੋਵੇਂ ਦੇਸ਼ਾਂ ਦਾ ਅਪਣਾ ਇਤਿਹਾਸ ਹੈ ਅਤੇ ਇਸ ਨੂੰ ਦੇਖਦੇ ਹੋਏ ਦੋਵਾਂ ਨੂੰ ਲੋਕਾਂ ਦੇ ਹਿਤ ਵਿਚ ਕੰਮ ਕਰਨਾ ਚਾਹੀਦਾ।