… ਜਦੋਂ ਸਿੱਖ ਨੇ ਦਿੱਤਾ ਨਸਲੀ ਟਿੱਪਣੀ ਦਾ ਮੂੰਹ-ਤੋੜ ਜਵਾਬ
ਹਡਸਨ, 20 ਮਈ (ਪੰਜਾਬ ਮੇਲ)- ਅਮਰੀਕਾ ਦੀ ਹਡਸਨ ਕਾਊਂਟੀ ਦੇ ਹਕਬੋਕਨ ਦੇ ਕੌਂਸਲ ਪ੍ਰਧਾਨ ਰਵਿੰਦਰ ਭੱਲਾ ਨੂੰ ਟਵਿੱਟਰ ‘ਤੇ ਉਸ ਸਮੇਂ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੀ ਕੌਂਸਲ ਮੀਟਿੰਗ ਬਾਰੇ ਪੋਸਟ ਕਰ ਰਹੇ ਸਨ। ਰਵਿੰਦਰ ਭੱਲਾ ਦੀ ਪੋਸਟ ‘ਤੇ ਕਈ ਲੋਕਾਂ ਨੇ ਟਿੱਪਣੀਆਂ ਕੀਤੀਆਂ ਪਰ ਇਕ ਟਿੱਪਣੀ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ। ਅਸਲ ਵਿਚ ਭੱਲਾ ਦੀ ਪੋਸਟ ਦੇ ਜਵਾਬ ਵਿਚ ਇਕ ਵਿਅਕਤੀ ਨੇ ਟਿੱਪਣੀ ਕੀਤੀ ਕਿ ਹਕਬੋਕਨ ਇਸ ਵਿਅਕਤੀ ਨੂੰ ਕੌਂਸਲ ਦਾ ਮੈਂਬਰ ਕਿਵੇਂ ਬਣਾ ਸਕਦਾ ਹੈ? ਇਸ ਵਿਅਕਤੀ ਨੂੰ ਅਮਰੀਕਾ ਵਿਚ ਆਉਣ ਵੀ ਨਹੀਂ ਦੇਣਾ ਚਾਹੀਦਾ। ਇਸ ਦੇ ਨਾਲ ਹੀ ਉਕਤ ਵਿਅਕਤੀ ਨੇ ਹੈਸ਼ਟੈਗ ਅੱਤਵਾਦੀ ਲਿਖਿਆ। ਇਸ ਟਿੱਪਣੀ ਤੋਂ ਬਾਅਦ ਗੁੱਸੇ ਵਿਚ ਆਏ ਭੱਲਾ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ।
ਭੱਲਾ ਨੇ ਟਿੱਪਣੀ ਦੇ ਜਵਾਬ ਵਿਚ ਲਿਖਿਆ— ‘ਸਰ, ਮੈਂ ਅਮਰੀਕਾ ਵਿਚ ਹੀ ਪੈਦਾ ਹੋਇਆ ਤੇ ਪਲਿਆ ਹਾਂ। ਤੁਸੀਂ ਅਮਰੀਕਨ ਹੋਣ ਦੇ ਮਤਲਬ ਨਹੀਂ ਜਾਣਦੇ। ਹੈਸ਼ਟੈਗ ਅਗਿਆਨੀ’। ਭੱਲਾ ਦੇ ਇਸ ਮੂੰਹ-ਤੋੜ ਜਵਾਬ ਤੋਂ ਬਾਅਦ ਟਵਿੱਟਰ ‘ਤੇ ਉਸ ਦੇ ਸਮਰਥਨ ਵਿਚ ਲੋਕ ਉਤਰ ਆਏ।
ਭੱਲਾ ਨੇ ਕਿਹਾ ਕਿ ਬਦਕਿਸਮਤੀ ਨਾਲ ਹਡਸਨ ਕਾਊਂਟੀ ਵਿਚ ਅਗਿਆਨਤਾ ਅਤੇ ਨਸਲੀਪਣ ਪੈਦਾ ਹੋ ਰਿਹਾ ਹੈ ਅਤੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਭਟਕੇ ਨਹੀਂ ਸਗੋਂ ਉਨ੍ਹਾਂ ਦਾ ਆਪਣੇ ਭਾਈਚਾਰੇ ਅਤੇ ਹਕਬੋਕਨ ਦੇ ਲੋਕਾਂ ਦੀ ਸੇਵਾ ਕਰਨ ਦਾ ਇਰਾਦਾ ਹੋਰ ਪੱਕਾ ਹੋਇਆ ਹੈ। ਉਨ੍ਹਾਂ ਕਿਹਾ— ‘ਮੈਨੂੰ ਅਮਰੀਕਨ ਅਤੇ ਸਿੱਖ ਹੋਣ ‘ਤੇ ਮਾਣ ਹੈ।