-: ਪਰਮਾਤਮਾ ਨੇ ਦੁਖਾਂ ਵਾਲੀ ਧਰਤੀ ਕਿਉਂ ਸਾਜੀ :-
ਇਕ ਨਾਸਤਕ ਦਾ ਸਵਾਲ:- ਜੇ ਕੋਈ ਸਰਵ-ਸ਼ਕਤੀਮਾਨ, ਸਰਬ-ਵਿਆਪਕ ਤੇ ਸਰਵ ਗਿਆਤਾ ਰੱਬ ਹੈ ਤਾਂ… ਉਸਨੇ ਧਰਤੀ ਸਾਜੀ ਹੀ ਕਿਉਂ?
ਉਹ ਧਰਤੀ ਜੋ ਦੁਖਾਂ, ਆਫਤਾਂ, ਅਣਗਿਣਤ ਤੇ ਅਨੰਤ ਦੁਖਾਂਤਾਂ ਨਾਲ ਭਰੀ ਪਈ ਹੈ।
ਜਵਾਬ:- ਸੰਸਾਰ-ਰਚਨਾ ਕਰਤੇ ਦੀ ਖੇਡ ਹੈ। ਜਿਵੇਂ ਹਰ ਖੇਡ ਵਿੱਚ ਦੋ ਟੀਮਾਂ ਹੁੰਦੀਆਂ ਹਨ। ਉਸੇ ਤਰ੍ਹਾਂ ਸੰਸਾਰ-ਰਚਨਾ ਵਿੱਚ ਵੀ ਦੋ ਟੀਮਾਂ ਹਨ। ਇੱਕ ਪਾਸੇ ਕਾਮ, ਕਰੋਧ, ਲੋਭ, ਮੋਹ ਅਹੰਕਾਰ ਆਦਿ ਵਿਕਾਰਾਂ ਦੀ ਟੀਮ ਅਤੇ ਦੂਜੇ ਪਾਸੇ ਵਿਕਾਰਾਂ ਨਾਲ ਨਜਿੱਠਣ ਲਈ ਸੋਚਣ, ਸਮਝਣ ਲਈ ਦਿਮਾਗ਼-ਰੂਪੀ ਵਧੀਆ ਕੰਪੀਉਟਰ ਅਤੇ ਹੋਰ ਅਨਗਿਣਤ ਸਹੂਲਤਾਂ ਨਾਲ ਲੈਸ ਮਨੁੱਖ।
ਇਸ ਖੇਡ ਨੂੰ ਰੋਚਕ ਬਨਾਉਣ ਲਈ ਕਰਤੇ ਨੇ ਮਨੁੱਖ ਦੇ ਨਾਲ ਇੱਕ ਚੰਚਲ ਮਨ ਵੀ ਜੋੜ ਦਿੱਤਾ ਹੈ। ਮਨ, ਜਿਹੜਾ ਕਿਸੇ ਲੋਭ, ਲਾਲਚ ਵਿੱਚ ਨਾ ਫਸਕੇ ਮਨੁੱਖ ਨੂੰ ਵਿਕਾਰਾਂ ਵਾਲੀ ਟੀਮ ਤੋਂ ਜਿਤਾ ਵੀ ਸਕਦਾ ਹੈ ਅਤੇ ਆਪਣਾ ਫਰਜ ਨਾ ਨਿਭਾ ਕੇ ਇਸ ਨੂੰ ਹਰਾ ਵੀ ਸਕਦਾ ਹੈ। ਪਰ ਇਹ ਸਹਜੇ ਹੀ ਵਿਰੋਧੀ ਟੀਮ ਨੂੰ ਆਪਣਾ ਹਮਦਰਦ ਸਮਝਕੇ ਵਿਰੋਧੀ ਟੀਮ ਵੱਲੋਂ ਪ੍ਰਦਾਨ ਕੀਤੀਆਂ ਸੁਖ ਸਹੂਲਤਾਂ ਵਿੱਚ ਹੀ ਫਸਕੇ, ਵਿਰੋਧੀ ਟੀਮ ਨੂੰ ਹਰਾਉਣ ਦੀ ਬਜਾਏ ਉਲਟਾ ਉਸੇ ਟੀਮ ਦਾ ਬਣਕੇ ਰਹਿ ਜਾਂਦਾ ਹੈ।
ਜੇ ਸਮੂਚੇ ਤੌਰ ਤੇ ਦੇਖਿਆ ਜਾਏ ਤਾਂ ਸਮੂਚੀ ਮਨੁੱਖ ਜਾਤੀ ਦਾ ਇਹ ਦੋਸ਼ ਸਮੂਚੇ ਸੰਸਾਰ ਨੂੰ ਦੁਖਾਂ ਵਿੱਚ ਪਾਉਣ ਦਾ ਕਾਰਣ ਬਣਦਾ ਹੈ। ਜਿਵੇਂ ਕਿਸੇ ਵੀ ਖੇਡ ਨੂੰ ਖਿਡਾਉਣ ਵਾਲਾ ਜਾਂ ਰੈਫਰੀ ਖੁਦ ਕਿਸੇ ਟੀਮ ਵਿੱਚ ਦਖਲ ਨਹੀਂ ਦਿੰਦਾ, ਉਸੇ ਤਰ੍ਹਾਂ ਇਸ ਸੰਸਾਰ-ਖੇਡ ਨੂੰ ਰੱਚ ਕੇ ਕਰਤਾ ਕਿਸੇ ਵੀ ਟੀਮ ਦੇ ਜਿੱਤਣ-ਹਾਰਨ ਵਿੱਚ ਦਖਲ ਨਹੀਂ ਦਿੰਦਾ।
ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਖੇਡ ਵਿੱਚ ਸੁਖ-ਦੁਖ ਬੰਦੇ ਦੇ ਖੁਦ ਦੇ ਹੀ ਸਹੇੜੇ ਹੋਏ ਹਨ। ਕਰਤਾ ਦੁਖ ਦੀ ਬਜਾਏ ਸੁਖ ਜਾਂ ਸੁਖ ਦੀ ਬਜਾਏ ਦੁਖ ਨਹੀਂ ਦਿੰਦਾ।
ਮੁਖ ਸਵਾਲ ਹੈ—“ਜੇ ਕੋਈ ਸਰਵ-ਸ਼ਕਤੀਮਾਨ, ਸਰਬ-ਵਿਆਪਕ ਤੇ ਸਰਵ-ਗਿਆਤਾ ਰੱਬ ਹੈ ਤਾਂ…..?
ਵਿਚਾਰ- ਇਸ ਸਵਾਲ ਤੋਂ ਸਾਫ ਜਾਹਰ ਹੈ ਕਿ ਇਹ ਲੋਕ ਰੱਬ ਦੀ ਹੋਂਦ ਮੰਨਣ ਤੋਂ ਤਾਂ ਆਕੀ ਹਨ ਪਰ ਧਰਤੀ ਤੇ ਦੁਖਾਂ ਲਈ ਉਸ ਨੂੰ ਦੋਸ਼ੀ ਠਹਿਰਾਉਂਦੇ ਹਨ। ਕੋਈ ਇਹਨਾਂ ਨੂੰ ਪੁੱਛੇ ਕਿ ਸੰਸਾਰ ਤੇ ਦੁਖ ਹੀ ਦੁਖ ਹੋਣ ਵਿੱਚ ਰੱਬ ਦੀ ਹੋਂਦ ਜਾਂ ਅਣ-ਹੋਂਦ ਦਾ ਕੀ ਕੰਮ ਹੈ?
ਕੀ ਸੰਸਾਰ ਤੇ ਦੁਖ ਰੱਬ ਦੀ ਹੋਂਦ ਮੰਨਣ ਨਾਲ ਹਨ?
ਮੰਨ ਲਵੋ ਅੱਜ ਸਾਰੀ ਦੁਨੀਆਂ ਰੱਬ ਦੀ ਹੋਂਦ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ।
ਤਾਂ ਕੀ ਇਸ ਤਰ੍ਹਾਂ ਮੰਨਣ ਨਾਲ ਸੰਸਾਰ ਤੋਂ ਦੁਖ ਖਤਮ ਹੋ ਜਾਣਗੇ?
ਪਿਛਲੇ 50-60 ਸਾਲਾਂ ਵਿੱਚ ਨਾਸਤਕਾਂ ਦੀ ਗਿਣਤੀ ਵਧੀ ਹੈ, ਤਾਂ ਕੀ ਹੁਣ ਧਰਤੀ ਤੋਂ ਦੁਖ ਕੁਝ ਘਟ ਗਏ ਹਨ?
ਰੱਬ ਦੀ ਹੋਂਦ ਨਾ ਮੰਨਣ ਨਾਲ ਮਨੁੱਖ ਦਾ ਕਾਮੀ, ਕਰੋਧੀ, ਲੋਭੀ ਅਤੇ ਲਾਲਚੀ ਸੁਭਾਵ ਬਦਲ ਜਾਵੇਗਾ?
ਜੇ ਰੱਬ ਦੀ ਹੋਂਦ ਨਾ ਮੰਨੀਏ ਤਾਂ ਇਹ ਗੱਲ ਤਾਂ ਪੱਕੀ ਹੈ ਕਿ ਜਿਸ ਦੀ ਹੋਂਦ ਹੀ ਨਹੀਂ, ਉਸ ਨੂੰ ਧਰਤੀ ਦੇ ਦੁਖਾਂ ਲਈ ਦੋਸ਼ੀ ਵੀ ਨਹੀਂ ਠਹਿਰਾਇਆ ਜਾ ਸਕਦਾ।
ਤਾਂ ਫੇਰ ਨਾਸਤਕਾਂ ਲਈ ਸਵਾਲ ਹੈ ਕਿ ਉਸ ਹਾਲਤ ਵਿੱਚ ਦੁਖਾਂ ਲਈ ਕੋਣ ਦੋਸ਼ੀ ਹੋਇਆ?????
ਨਾਸਤਕਾਂ ਵੱਲੋਂ ਆਮ ਹੀ ਸਵਾਲ ਕੀਤਾ ਜਾਂਦਾ ਹੈ ਕਿ ਜੇ ਰੱਬ ਹੈ ਤਾਂ ਉਸ ਨੇਂ ਦੁਖਾਂ ਨਾਲ ਭਰਿਆਂ ਇਹ ਸੰਸਾਰ ਬਣਾਇਆ ਹੀ ਕਿਉਂ ਹੈ।
ਵਿਚਾਰ- ਰੱਬ ਨੇ ਦੁਖਾਂ ਭਰਿਆ ਸੰਸਾਰ ਨਹੀਂ ਬਣਾਇਆ। ਉਸ ਨੇ ਤਾਂ ਸੁਖ-ਦੁਖ ਦੋਨੋਂ ਹੀ ਬਣਾਏ ਹਨ। ਹਵਾ, ਅੱਗ, ਪਾਣੀ, ਖਾਣ-ਪੀਣ ਦਾ ਬੇ-ਇਨਤਿਹਾ ਸਾਜੋ-ਸਾਮਾਨ, ਸੋਹਣੇ ਬਾਗ਼-ਬਗ਼ੀਚੇ, ਨਦੀਆਂ, ਝਰਨੇ, ਪਹਾੜ, ਕਿਸਮ-ਕਿਸਮ ਦੇ ਪਸ਼ੂ, ਪੰਛੀ, ਖਾਣ-ਪੀਣ ਲਈ ਅਨੇਕਾਂ ਕਿਸਮ ਦੇ ਫਲਦਾਰ ਪੇੜ, ਪੌਦੇ, ਪਤਾ ਨਹੀਂ ਕੀ-ਕੀ ਕੁਝ, ਜਿਸ ਦਾ ਕਿ ਲੇਖਾ ਵੀ ਨਹੀਂ ਕੀਤਾ ਜਾ ਸਕਦਾ ਇਹ ਸਭ ਮਨੁੱਖ ਦੇ ਸੁਖ ਮਾਨਣ ਲਈ ਹੀ ਹਨ। ਜੇ ਉਸਨੇ ਧਰਤੀ ਤੇ ਦੁਖ ਹੀ ਦੁਖ ਬਣਾਏ ਹੁੰਦੇ ਤਾਂ ਇਹ ਸਭ ਸੁਖ ਸਹੂਲਤਾਂ ਨਹੀਂ ਸਨ ਹੋਣੀਆਂ। ਕੁਦਰਤ ਦੇ ਸਾਰੇ ਨਜ਼ਾਰੇ ਮਨੁੱਖ ਲਈ ਬਣੇ ਹਨ ਅਤੇ ਇਹ ਇਹਨਾਂ ਦਾ ਆਨੰਦ ਮਾਣ ਸਕਦਾ ਹੈ। ਪਰ ਇਸ ਦਾ ਲਾਲਚੀ ਮਨ, ਦੁਨੀਆਂ ਦੇ ਸਾਰੇ ਸੁਖ ਆਪਣੇ ਨਿਜੀ ਬਨਾਉਣ ਦੇ ਚੱਕਰ ਵਿੱਚ ਸੁਖਾਂ ਦੀ ਬਜਾਏ ਦੁਖ ਸਹੇੜੀ ਜਾਂਦਾ ਹੈ। ਇਸ ਦਾ ਲਾਲਚ ਸੁਖ ਮਾਣਨ ਤੋਂ ਇਸ ਨੂੰ ਵੰਚਿਤ ਹੀ ਨਹੀਂ ਕਰਦਾ ਬਲਕਿ ਉਲਟਾ ਦੁਖ ਸਹੇੜ ਲੈਂਦਾ ਹੈ। ਇਸੇ ਤਰ੍ਹਾਂ ਸਮੂਚੀ ਧਰਤੀ ਦੁਖਾਂ ਦਾ ਘਰ ਬਣੀ ਪਈ ਹੈ। ਬੰਦਾ ਦੁਖ ਤਾਂ ਆਪਣੇ ਲਈ ਖੁਦ ਸਹੇੜਦਾ ਹੈ, ਪਰ ਦੋਸ਼ ਦੂਜਿਆਂ ਦੇ ਸਿਰ ਮੜ੍ਹਨ ਲਈ ਤਿਆਰ ਰਹਿੰਦਾ ਹੈ।
ਧਰਤੀ ਤੇ ਦੁਖਾਂ ਦੀ ਭਰਮਾਰ ਤਾਂ ਇਸ ਨੇ ਖੁਦ ਨੇ ਕੀਤੀ ਹੋਈ ਹੈ, ਪਰ ਦੋਸ਼ ਇਹ ਰੱਬ ਦੇ ਸਿਰ ਮੜ੍ਹਦਾ ਹੈ। ਇਕ ਛੋਟੀ ਜਿਹੀ ਮਿਸਾਲ ਪੇਸ਼ ਕਰ ਰਿਹਾ ਹਾਂ, ਹੋ ਸਕਦਾ ਹੈ, ਹਰ ਮਾੜੇ ਕੰਮ ਲਈ ਰੱਬ ਨੂੰ ਜਿੰਮੇਵਾਰ ਠਹਿਰਾਉਣ ਵਾਲਿਆਂ ਜਾਂ ਰੱਬ ਦੀ ਹੋਂਦ ਨਾ ਮੰਨਣ ਦਾ ਬਹਾਨਾ ਭਾਲਣ ਵਾਲਿਆਂ ਲਈ ਗੱਲ ਕਲੀਅਰ ਹੋ ਸਕੇ-
- ਕੁਝ ਦਿਨ ਪਹਿਲਾਂ ਇਕ ਖਬਰ ਬੜੀ ਸੁਰਖੀਆਂ ਵਿੱਚ ਰਹੀ ਕਿ 70-75 ਸਾਲ ਦੇ ਜੋੜੇ ਦੇ ਘਰ ਬੱਚੇ ਨੇ ਜਨਮ ਲਿਆ ਹੈ। ਨਾਸਤਕਾਂ ਨੇ ਇਸ ਖਬਰ ਨੂੰ ਬੜੇ ਫਖਰ ਨਾਲ ਮੀਡੀਆ ਤੇ ਸਾਂਝਾ ਕੀਤਾ ਕਿ ਇਸ ਜੋੜੇ ਨੇ ਬੜੇ ਸਾਲ ਰੱਬ ਅੱਗੇ ਅਰਦਾਸਾਂ ਕੀਤੀਆਂ, ਨੱਕ ਰਗੜੇ ਪਰ ਰੱਬ ਨੇ ਨਾ ਕੁਝ ਦੇਣਾ ਸੀ ਅਤੇ ਨਾ ਹੀ ਦਿੱਤਾ। ਅਖੀਰ ਵਿਗਿਆਨੀਆਂ ਨੇ ਹੀ ਇਸ ਜੋੜੇ ਦੀ ਬਾਂਹ ਫੜੀ। ਜਿਸ ਨਾਸਤਕ ਨੇ ਕਦੇ ਵਿਗਿਆਨ ਦੀ ਕਿਤਾਬ ਚੁੱਕ ਕੇ ਵੀ ਨਹੀਂ ਦੇਖੀ ਹੋਣੀ, ਉਹ ਵੀ ਇਸ ਘਟਣਾ ਨੂੰ ਮਨ ਹੀ ਮਨ ਆਪਣੇ ਨਾਲ ਜੋੜਕੇ ਫਖਰ ਮਹਿਸੂਸ ਕਰਦਾ ਸੀ ਜਿਵੇਂ ਇਹ ਕ੍ਰਿਸ਼ਮਾ ਉਸ ਨੇ ਹੀ ਕਰ ਦਿਖਾਇਆ ਹੋਵੇ। ਰੱਬ ਨੇ ਇਸ ਜੋੜੇ ਨੂੰ ਬੱਚਾ ਦੇਣਾ ਸੀ ਜਾਂ ਨਹੀਂ ਇਹ ਵੱਖਰੀ ਗੱਲ ਹੈ।
ਪਰ ਸੋਚਣ ਵਾਲੀ ਗੱਲ ਹੈ ਕਿ ਵਿਗਿਆਨ ਨੇ ਇਹ ਕ੍ਰਿਸ਼ਮਾ ਕਰਕੇ, ਮਨੁੱਖਤਾ ਨੂੰ ਸੁਖ ਪ੍ਰਦਾਨ ਕੀਤਾ ਹੈ ਜਾਂ ਦੁਖ ਸਹੇੜੇ ਹਨ?
ਕੁਦਰਤ ਦਾ ਇਹ ਸਿਲਸਿਲਾ ਹੈ ਕਿ ਜਦੋਂ ਬੱਚੇ ਨੂੰ ਸਹਾਰੇ ਦੀ ਜਰੂਤ ਹੁੰਦੀ ਹੈ, ਉਸ ਵਕਤ ਮਾਂ ਪਿਉ ਇਸ ਨੂੰ ਸਭ ਸੁਖ ਸਹੂਲਤਾਂ ਪ੍ਰਦਾਨ ਕਰਦੇ ਹਨ। ਬੱਚੇ ਨੇ ਹਾਲੇ ਜਨਮ ਵੀ ਨਹੀਂ ਲਿਆ ਹੁੰਦਾ ਕਿ ਮਾਂ ਦੇ ਜਰੀਏ ਉਸ ਦੇ ਦੁਧ ਦਾ ਇੰਤਜ਼ਾਮ ਪਹਿਲਾਂ ਹੀ ਹੋਇਆ ਹੁੰਦਾ ਹੈ। ਅਤੇ ਜਦੋਂ ਉਹ ਕੁਝ ਖਾਣ ਦੇ ਕਾਬਲ ਹੋ ਜਾਂਦਾ ਹੈ ਤਾਂ ਉਸ ਨੂੰ ਦੰਦ ਮੁਹਈਆ ਹੋ ਜਾਂਦੇ ਹਨ …..। ਬੁਢਾਪੇ ਵਿੱਚ ਮਾਤਾ ਪਿਤਾ ਨੂੰ ਜਦੋਂ ਆਸਰੇ ਦੀ ਲੋੜ ਹੁੰਦੀ ਹੈ ਤਾਂ ਉਸ ਵਕਤ ਬੱਚੇ ਉਹਨਾਂ ਦੀ ਦੇਖ-ਭਾਲ ਕਰਨ ਦੇ ਸਮਰੱਥ ਹੋ ਜਾਂਦੇ ਹਨ।
ਪਰ ਜਿਸ ਉਮਰ ਵਿੱਚ ਇਸ ਜੋੜੇ ਨੂੰ ਖੁਦ ਨੂੰ ਸਹਾਰੇ ਦੀ ਲੋੜ ਹੈ ਉਸ ਉਮਰ ਵਿੱਚ ਇਹ ਬੱਚੇ ਦੀ ਦੇਖ-ਭਾਲ ਕਰਨਗੇ ਜਾਂ ਖੁਦ ਦੀ?
ਇਸ ਉਮਰ ਵਿੱਚ ਪੈਦਾ ਹੋਇਆ ਬੱਚਾ ਸਿਹਤ ਪੱਖੋਂ ਕਿੰਨਾ ਕੁ ਤੰਦਰੁਸਤ ਰਹੇਗਾ ਇਹ ਵੀ ਇੱਕ ਸਵਾਲ ਹੈ। ਇਸ ਬਜੁਰਗ ਔਰਤ ਦਾ ਕਹਿਣਾ ਹੈ ਕਿ ਇਸ ਨੂੰ ਆਪਣਾ ਖੁਦ ਦਾ ਹੀ ਬੱਚਾ ਚਾਹੀਦਾ ਸੀ, ਕਿਉਂਕਿ ਇਸ ਦੇ ਕਹਿਣ ਮੁਤਾਬਕ ਕਿਸੇ ਹੋਰ ਦੇ ਗੋਦ ਲਏ ਬੱਚੇ ਨੂੰ ਇਹ ਸ਼ਾਇਦ ਲੋੜੀਂਦਾ ਪਿਆਰ ਨਹੀਂ ਸੀ ਦੇ ਸਕਣਾ।
ਹੁਣ ਸੋਚਣ ਵਾਲੀ ਗੱਲ ਹੈ ਕਿ, ਇਹ ਜੋੜਾ ਕਿੰਨੇ ਕੁ ਸਾਲ ਹੋਰ ਬੱਚੇ ਦੀ ਦੇਖ ਭਾਲ ਕਰ ਸਕਣਗੇ?
ਆਖਿਰ ਤਾਂ ਇਹਨਾਂ ਦਾ ਬੱਚਾ ਵੀ ਬੇਗਾਨਿਆਂ ਦੇ ਵੱਸ ਹੋ ਕੇ ਹੀ ਪਲੇਗਾ।
ਜੇ ਇਹ ਬਜੁਰਗ ਔਰਤ ਕਿਸੇ ਦੇ ਬੱਚੇ ਨੂੰ ਗੋਦ ਲੈ ਕੇ ਭਰਪੂਰ ਪਿਆਰ ਨਹੀਂ ਦੇ ਸਕਦੀ ਤਾਂ ਕੋਈ ਹੋਰ ਇਹਨਾਂ ਦੇ ਬੱਚੇ ਨੂੰ ਭਰਪੂਰ ਪਿਆਰ ਅਤੇ ਸੁਖ ਸਹੂਲਤਾਂ ਕਿਵੇਂ ਦੇ ਸਕੇਗਾ?
ਇਸ ਜੋੜੇ ਦੇ ਕਹਿਣ ਮੁਤਾਬਕ ਇਹ ਬੱਚਾ ਹੋਣਾ ਜਾਇਦਾਤ ਦੀ ਵੰਡ ਵੰਡਾਈ ਨਾਲ ਸੰਬੰਧ ਰੱਖਦਾ ਹੈ।
ਉਸ ਹਾਲਤ ਵਿੱਚ ਵੀ ਬੱਚਾ ਜੰਮਦਿਆਂ ਹੀ ਪਰੌਪਟੀ ਦੇ ਝਮੇਲਿਆਂ ਵਿੱਚ ਨਹੀਂ ਪੈ ਗਿਆ?
ਇਸ ਤਰ੍ਹਾਂ ਬੱਚਾ ਜ਼ਿੰਦਗ਼ੀ ਵਿੱਚ ਕਿੰਨੇਕੁ ਸੁਖ ਮਾਣ ਸਕੇਗਾ ਇਹ ਤਾਂ ਆਉਣ ਵਾਲਾ ਵਕਤ ਦੀ ਦੱਸ ਸਕਦਾ ਹੈ, ਪਰ ਹੁਣ ਐਸ ਵਕਤ ਵਿਚਾਰ ਕੀਤਿਆਂ ਤਾਂ ਇਹੀ ਨਜ਼ਰ ਆਉਂਦਾ ਹੈ ਕਿ ਬੱਚੇ ਦਾ ਜਨਮ ਲੈਣਾ ਕਿਸੇ ਦੇ ਵੀ ਹਿਤ ਵਿੱਚ ਨਹੀਂ ਹੈ।
ਜੇ ਇਸ ਘਟਨਾ ਨੂੰ ਮਿਸਾਲ ਵਜੋਂ ਲਈਏ ਤਾਂ ਧਰਤੀ ਤੇ ਦੁਖਾਂ ਲਈ ਕਸੂਰਵਾਰ ਬੰਦਾ ਖੁਦ ਹੈ ਜਾਂ ਰੱਬ?
ਜਸਬੀਰ ਸਿੰਘ ਵਿਰਦੀ"
ਜਸਬੀਰ ਸਿੰਘ ਵਿਰਦੀ
-: ਪਰਮਾਤਮਾ ਨੇ ਦੁਖਾਂ ਵਾਲੀ ਧਰਤੀ ਕਿਉਂ ਸਾਜੀ :-
Page Visitors: 2780